ਅਸ਼ੋਕ ਵਰਮਾ
ਬਠਿੰਡਾ, 15 ਅਪ੍ਰੈਲ 2020 - ਪੰਜਾਬੀ ਸਾਹਿਤ ਸਭਾ (ਰਜਿ) ਬਠਿੰਡਾ ਦੇ ਪ੍ਰਧਾਨ ਸੁਰਿੰਦਰਪ੍ਰੀਤ ਘਣੀਆ, ਜਨਰਲ ਸਕੱਤਰ ਭੁਪਿੰਦਰ ਸੰਧੂ ਤੇ ਸਰਪ੍ਰਸਤ ਡਾ ਅਜੀਤਪਾਲ ਸਿੰਘ ਵੱਲੋਂ ਜਾਰੀ ਇੱਕ ਪ੍ਰੈੱਸ ਬਿਆਨ ਵਿੱਚ ਪ੍ਰੋਫੈਸਰ ਤੇਲਤੂੰਬੜੇ ਤੇ ਗੌਤਮ ਨਵਲੱਖਾ ਦੀ ਗ੍ਰਿਫਤਾਰੀ ਦੀ ਨਿਖੇਧੀ ਕਰਦਿਆਂ ਉਨ੍ਹਾਂ ਤੇ ਇੱਕ ਸਾਜਿਸ਼ ਅਧੀਨ ਮੜ੍ਹੇ ਝੂਠੇ ਕੇਸ ਨੂੰ ਵਾਪਸ ਲੈਣ ਅਤੇ ਉਹਨਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ। ਅੱਜ ਜਦੋਂ ਪੂਰਾ ਸੰਸਾਰ ਤੇ ਭਾਰਤ ਦੇਸ਼ ਕਰੋਨਾ ਵਰਗੀ ਭਿਆਨਕ ਬੀਮਾਰੀ ਦੇ ਕਰੋਪ ਤੋਂ ਪੀੜਤ ਹੈ ਤਾਂ ਕੇਂਦਰ ਸਰਕਾਰ ਆਪਣੇ ਫਾਸੀਵਾਦੀ ਮਨਸੂਬਿਆਂ ਨੂੰ ਸਿਰੇ ਚਾੜ੍ਹਨ ਦੀ ਤਾਕ ਵਿੱਚ ਹੈ।
ਸਭਾ ਦੇ ਅਹੁਦੇਦਾਰਾਂ ਨੇ ਅੱਗੇ ਕਿਹਾ ਕਿ ਮਰਾਠੀ ਮੂਲ ਦੇ ਭਾਰਤੀ ਲੇਖਕ, ਪ੍ਰਤੀਬੱਧ ਚਿੰਤਕ ਤੇ ਚੇਤੰਨ ਬੁੱਧੀਜੀਵੀ ਪ੍ਰੋਫੈਸਰ ਆਨੰਦ ਤੇਲਤੂੰਬੜੇ ਅਤੇ ਗੌਤਮ ਨਵਲੱਖਾ ਨੂੰ ਇੱਕ ਗਿਣੇਮਿੱਥੇ ਸਿਆਸੀ ਢੰਗ ਨਾਲ ਐੱਨ ਆਈ ਏ ਏਜੰਸੀ ਮੂਹਰੇ ਪੇਸ਼ ਕਰਵਾਇਆ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਅਜਿਹੀ ਗ੍ਰਿਫਤਾਰੀ ਭਾਰਤੀ ਸੰਵਿਧਾਨ ਦੇ ਘਾੜੇ ਡਾ ਭੀਮਰਾਉ ਅੰਬੇਦਕਰ ਦੀ ਜੈਅੰਤੀ ਮੌਕੇ ਕੀਤੀ ਗਈ ਹੈ। ਸਭਾ ਦੇ ਅਹੁਦੇਦਾਰਾਂ ਅਤੇ ਸਮੁੱਚੀ ਕਾਰਜਕਾਰਨੀ ਨੇ ਆਰਐਸਐਸ ਦੀਆਂ ਫਿਰਕੂ ਨੀਤੀਆਂ ਅਤੇ ਫਾਸ਼ੀਵਾਦੀ ਵਿਚਾਰਧਾਰਾ ਤੇ ਚੱਲਣ ਵਾਲੀ ਭਾਜਪਾ ਸਰਕਾਰ ਤੇ ਦੋਸ਼ ਲਾਇਆ ਹੈ ਕਿ ਉਹ ਲੇਖਕਾਂ, ਬੁੱਧੀਜੀਵੀਆਂ ਤੇ ਸਮਾਜਿਕ ਚਿੰਤਕਾਂ ਦੇ ਆਜ਼ਾਦ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਨੂੰ ਖੋਹਣ ਦਾ ਯਤਨ ਕਰ ਰਹੀ ਹੈ, ਜਿਸ ਦੀ ਜਿੰਨੀ ਵੀ ਵਿਰੋਧਤਾ ਕੀਤੀ ਜਾਵੇ ਉਨ੍ਹੀਂ ਥੋੜ੍ਹੀ ਹੈ।
ਪ੍ਰੋਫੈਸਰ ਤੇਲਤੰਬੜੇ ਗੋਆ ਇਬਸਟੀਚੂਟ ਅਾਫ ਮੈਨੇਜਮੈਂਟ ਦੇ ਮੌਜੂਦਾ ਪ੍ਰੋਫੈਸਰ ਹਨ। ਭਾਰਤੀ ਪੈਟਰੋਲੀਅਮ, ਪੈਟਰੋਨੇਟ ਇੰਡੀਆ ਅਤੇ ਆਈ ਆਈ ਟੀ ਖੜਗਪੁਰ ਆਦਿ ਨਾਮਵਰ ਸੰਸਥਾ ਵਿੱਚ ਵੀ ਉਹਨਾਂ ਨੇ ਕੰਮ ਕੀਤਾ ਹੈ। ਭਾਰਤ ਦੀ ਜਾਤੀਪਾਤੀ ਵਿਵਸਥਾ,ਅੰਬੇਦਕਰੀ ਚਿੰਤਨ ਬਾਰੇ ਉਹਨਾਂ ਦੀਆਂ ਕਈ ਚਰਚਿਤ ਪੁਸਤਕਾਂ ਹਨ। ਪ੍ਰੋਫੈਸਰ ਤੇਲਤੂੰਬੜੇ ਦੀਆਂ ਲਿਖਤਾਂ ਨੇ ਦਲਿਤਾਂ, ਘੱਟ ਗਿਣਤੀਆਂ ਅਤੇ ਹਾਸ਼ੀਏ ਤੇ ਰਹਿੰਦੇ ਲੋਕਾਂ ਦੇ ਜਜ਼ਬਾਤਾਂ ਨੂੰ ਜ਼ੁਬਾਨ ਦਿੱਤੀ ਹੈ। ਜਨਤਕ ਬੁੱਧੀਜੀਵੀ ਤੇ ਸਿਆਸੀ ਸਮਾਜਿਕ ਕਾਰਕੁਨ ਵੱਲੋਂ ਉਨ੍ਹਾਂ ਦੀ ਭੂਮਿਕਾ ਵੀ ਗੁੱਝੀ ਨਹੀਂ। ਇਸ ਤੋਂ ਇਲਾਵਾ ਗੌਤਮ ਨਵਲੱਖਾ ਵੀ ਇੱਕ ਨਾਮਵਰ ਬੁੱਧੀਜੀਵੀ ਤੇ ਜਮਹੂਰੀ ਹੱਕਾਂ ਦੀ ਰਾਖੀ ਦੇ ਅਲੰਬਰਦਾਰ ਹਨ। ਕੇਂਦਰ ਸਰਕਾਰ ਨੇ ਇਸ ਤੋਂ ਪਹਿਲਾਂ ਵੀ ਕਈ ਹੋਰ ਨਾਮਵਰ ਬੁੱਧੀਜੀਵੀਆਂ ਨੂੰ ਯੂ ਏ ਪੀ ਏ ਕਾਲੇ ਕਨੂੰਨ ਤਹਿਤ ਜੇਲ੍ਹ ਦੀਆਂ ਸਲਾਖਾਂ ਪਿੱਛੇ ਨਜ਼ਰਬੰਦ ਕੀਤਾ ਹੈ। ਭੀਮਾਂ ਕੌਰਗਾਉਂ ਦੇ ਚਰਚਿਤ ਕੇਸ ਵਿੱਚ ਇਨ੍ਹਾਂ ਦੇ ਨਾਂ ਕਿੱਸੇ ਸਾਜ਼ਿਸ਼ ਅਧੀਨ ਪਾਏ ਗਏ ਹਨ। ਸਭਾ ਦੇ ਆਗੂਆਂ ਨੇ ਕਿਹਾ ਕਿ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹਰੇਕ ਲੇਖਕ ਤੇ ਬੁੱਧੀਜੀਵੀ ਦਾ ਜਮਹੂਰੀ ਅਧਿਕਾਰ ਹੈ।