ਸੰਜੀਵ ਸੂਦ
- ਕੁੱਝ ਹੀ ਦੁਕਾਨਦਾਰ ਕਰ ਰਹੇ ਨੇ ਹੋਮ ਡਿਲੀਵਰੀ
ਲੁਧਿਆਣਾ, 25 ਮਾਰਚ 2020 - ਪੰਜਾਬ ਭਰ 'ਚ ਕਰਫ਼ਿਊ ਦੇ ਕਾਰਨ ਤੋਂ ਲੋਕਾਂ ਨੂੰ ਪ੍ਰੇਸ਼ਾਨੀਆਂ ਵਧਣ ਲੱਗੀਆਂ ਨੇ ਲੁਧਿਆਣਾ ਪ੍ਰਸ਼ਾਸਨ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਉਹ ਲੋਕਾਂ ਦੇ ਘਰ-ਘਰ ਤੱਕ ਰਾਸ਼ਨ ਅਤੇ ਘਰੇਲੂ ਵਰਤੋਂ ਦੀਆਂ ਚੀਜ਼ਾਂ ਪਹੁੰਚਾਉਣਗੇ। ਪਰ ਪ੍ਰਸ਼ਾਸਨ ਦੇ ਇਨ੍ਹਾਂ ਦਾਅਵਿਆਂ ਦੀ ਹੁਣ ਫੂਕ ਨਿਕਲਦੀ ਵਿਖਾਈ ਦੇ ਰਹੀ ਹੈ ਕਿਉਂਕਿ ਲੋਕਾਂ ਨੂੰ ਘਰਾਂ ਵਿੱਚ ਰਾਸ਼ਨ ਨਹੀਂ ਮਿਲ ਰਿਹਾ ਅਤੇ ਉਹ ਦੁਕਾਨਾਂ 'ਤੇ ਇਕੱਠੇ ਹੋ ਰਹੇ ਹਨ। ਪਰ ਲੁਧਿਆਣਾ ਦੇ ਫਿਰੋਜ਼ਪੁਰ ਰੋਡ 'ਤੇ ਸਥਿਤ ਦੁਕਾਨਦਾਰ ਵੱਲੋਂ ਹੋਮ ਡਿਲੀਵਰੀ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਘਬਰਾਉਣ ਨਾ ਉਨ੍ਹਾਂ ਕੋਲ ਲੋੜ ਮੁਤਾਬਕ ਰਾਸ਼ਨ ਹੈ।
ਸਾਡੀ ਟੀਮ ਵੱਲੋਂ ਜਦੋਂ ਦੌਰਾ ਕੀਤਾ ਗਿਆ ਤਾਂ ਦੁਕਾਨ ਦੇ ਬਾਹਰ ਦੁਕਾਨਦਾਰ ਮੌਜੂਦ ਸੀ ਅਤੇ ਲੋਕਾਂ ਤੋਂ ਪਰਚੀਆਂ ਲੈ ਕੇ ਉਨ੍ਹਾਂ ਦੇ ਘਰਾਂ ਤੱਕ ਡਿਲੀਵਰੀ ਕਰਨ ਦਾ ਭਰੋਸਾ ਦਿਵਾ ਰਹੀ ਸੀ। ਦੁਕਾਨਦਾਰ ਨੇ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਉਨ੍ਹਾਂ ਵੱਲੋਂ ਰਾਸ਼ਨ ਘਰ-ਘਰ ਸਪਲਾਈ ਕੀਤਾ ਜਾ ਰਿਹਾ ਹੈ ਅਤੇ ਉਹ ਪ੍ਰਸ਼ਾਸਨ ਦੀ ਪਰਮਿਸ਼ਨ ਲੈ ਕੇ ਹੀ ਕੰਮ ਕਰ ਰਹੇ ਹਨ। ਉੱਧਰ ਇਸ ਮੌਕੇ ਆਮ ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਜੋ ਦਾਅਵੇ ਕਰ ਰਿਹਾ ਹੈ ਉਹ ਪੂਰੇ ਨਹੀਂ ਹੋ ਰਹੇ, ਕਿਉਂਕਿ ਉਨ੍ਹਾਂ ਨੂੰ ਰਾਸ਼ਨ ਘਰ-ਘਰ ਤੱਕ ਮੁਹੱਈਆ ਨਹੀਂ ਹੋ ਰਿਹਾ। ਜਿਸ ਕਰਕੇ ਉਨ੍ਹਾਂ ਨੂੰ ਮਜਬੂਰਨ ਬਾਹਰ ਨਿਕਲਣਾ ਪੈ ਰਿਹਾ ਹੈ ਅਤੇ ਜਦੋਂ ਦੁਕਾਨਾਂ 'ਤੇ ਜਾਂਦੇ ਨੇ ਤਾਂ ਉੱਥੇ ਇਕੱਠ ਹੁੰਦਾ ਹੈ ਜਿਸ ਤੋਂ ਉਹ ਡਰਦੇ ਨੇ।
ਸੋ ਇੱਕ ਪਾਸੇ ਜਿੱਥੇ ਪੰਜਾਬ ਭਰ 'ਚ ਪੁਲਿਸ ਵੱਲੋਂ ਸਖ਼ਤੀ ਨਾਲ ਕਰਫ਼ਿਊ ਲਾਗੂ ਕੀਤਾ ਗਿਆ ਹੈ ਉੱਥੇ ਹੀ ਪ੍ਰਸ਼ਾਸਨ ਵੱਲੋਂ ਲੋਕਾਂ ਤੱਕ ਘਰ ਘਰ ਸਾਮਾਨ ਪਹੁੰਚਾਉਣ ਦੇ ਦਾਅਵਿਆਂ ਦੀ ਹੁਣ ਫੂਕ ਨਿਕਲਦੀ ਵਿਖਾਈ ਦੇ ਰਹੀ ਹੈ ਅਤੇ ਲੋਕ ਘਬਰਾ ਰਹੇ ਨੇ।