ਅਸ਼ੋਕ ਵਰਮਾ
ਬਠਿੰਡਾ, 28 ਮਾਰਚ 2020 - ਕੋਰੋਨਾ ਵਾਇਰਸ ਕਾਰਨ ਲਾਉਕਡਾਉਨ ਹੋਣ ਕਾਰਨ ਘਰਾਂ ਵਿੱਚ ਬੰਦ ਹੋਏ ਖੇਤ ਮਜਦੂਰਾਂ ਤੇ ਆਮ ਕਿਰਤੀਆਂ ਨੂੰ ਆਪਣੇ ਪਰਿਵਾਰਾਂ ਦੇ ਪੇਟ ਪਾਲਣ ਦਾ ਝੋਰਾ ਵੱਢ-ਵੱਢ ਖਾ ਰਿਹਾ ਹੈ। ਸਰਕਾਰਾਂ ਨੇ ਭਾਵੇ ਲੋਕਾਂ ਨੂੰ ਰਾਹਤ ਦੇਣ ਦੇ ਅਨੇਕਾਂ ਐਲਾਨ ਕੀਤੇ ਹਨ ਪਰ ਸਰਕਾਰ ਘਰੋਂ ਉਨਾਂ ਨੂੰ ਕੁੱਝ ਵੀ ਨਸੀਬ ਨਹੀ ਹੋਇਆ। ਮੁਸੀਬਤ ਦੀ ਇਸ ਘੜੀ ਵਿੱਚ ਕਿਸਾਨ, ਮਜਦੂਰ ਤੇ ਮੁਲਾਜਮ ਜੱਥੇਬੰਦੀਆਂ, ਸਮਾਜ ਸੇਵੀ ਤੇ ਧਾਰਮਿਕ ਸੰਸਥਾਂਵਾਂ, ਨੌਜਵਾਨ ਕਲੱਬਾਂ ਆਦਿ ਨੇ ਦੁਖਿਆਰਿਆਂ ਦੀ ਬਾਂਹ ਫੜੀ ਹੈ।
ਇਸ ਮੁਹਿੰਮ ਵਿੱਚ ਪੰਜਾਬ ਖੇਤ ਮਜਦੂਰ ਯੂਨੀਅਨ ਨੇ ਵੀ ਲੋਕਾਂ ਦੀ ਮਦਦ ਕਰਨ ਲਈ ਕੋਠਾਗੁਰੂ, ਸਿਬਿਆਂ, ਕੋਟੜਾ ਕੌੜਾ,ਜੀਦਾ,ਖੇਮੂਆਣਾ ਆਦਿ ਪਿੰਡਾਂ ਵਿੱਚ ਲੋਕ ਜੱਥੇਬੰਦੀਆਂ ਨਾਲ ਮਿਲਕੇ ਸਹਾਇਤਾ ਮੁਹਿੰਮ ਵਿੱਢੀ ਹੈ । ਜੱਥੇਬੰਦੀ ਵੱਲੋਂ ਲੋਕਾਂ ਨੂੰ ਕਰੋਨਾਂ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਬਾਰੇ ਜਾਗਰਿਤ ਕੀਤਾ ਜਾ ਰਿਹਾ ਹੈ । ਮਜਦੂਰ ਘਰਾਂ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਢਿੱਡਾਂ ਨੂੰ ਗੰਢਾਂ ਦੇਕੇ ਦਿਨ ਕੱਟੀ ਕਰ ਰਹੇ ਹਨ । ਸਰਕਾਰ ਤੇ ਅਧਿਕਾਰੀਆਂ ਦੀ ਉਨਾਂ ਤੇ ਅਜੇ ਤੱਕ ਸਵੱਲੀ ਨਜਰ ਨਹੀ ਪਈ। ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ , ਜਿਲਾ ਕਨਵੀਨਰ ਸੇਵਕ ਸਿੰਘ ਮਹਿਮਾਂ ਸਰਜਾ,ਛਿੰਦਾ ਸਿੰਘ ਖੇਮੂਆਣਾ ਤੇ ਮਨਦੀਪ ਸਿੰਘ ਸਿਬਿਆਂ ਨੇ ਦੱਸਿਆ ਕਿ ਪਿੰਡ ਸਿਬੀਆਂ ਦੀ ਮਜਦੂਰ ਵਿਧਵਾ ਰਾਣੀ ਕੌਰ ਆਪਣੀਆਂ ਦੋ ਲੜਕੀਆਂ ਤੇ ਲੜਕੇ ਦਾ ਗੁਜਾਰਾ ਘਰਾਂ ਵਿੱਚ ਗੋਹਾ ਕੂੜਾ ਕਰਕੇ ਕਰਦੀ ਹੈ।
ਇਸੇ ਤਰਾਂ ਇਸੇ ਪਿੰਡ ਦੀ ਵਿਧਵਾ ਗੁਰਮੇਲ ਕੌਰ ਵੀ ਇਕੱਲੀ ਗੋਹਾ ਕੂੜਾ ਕਰਕੇ ਆਪਣਾ ਤੇ ਆਪਣੇ ਦੋਤੇ ਦਾ ਪੇਟ ਪਾਲਦੀ ਹੈ। ਪਿੰਡ ਖੇਮੂਆਣਾ ਦੀ ਵਿਧਵਾ ਗੁੱਡੀ ਕੌਰ ਘਰਾਂ ਵਿੱਚ ਕੰਮ ਧੰਦਾਂ ਕਰਕੇ ਆਪਣੀ ਇੱਕ ਪੋਤੀ ਤੇ ਦੋ ਪੋਤਿਆਂ ਨੂੰ ਪਾਲਦੀ ਹੈ। ਪਰ ਅਜੇ ਤੱਕ ਸਰਕਾਰ ਤੇ ਸਰਕਾਰੀ ਅਧਿਕਾਰੀ ਇਨਾਂ ਦੀਆਂ ਲਿਸਟਾਂ ਬਣਾਉਣ ਵਿੱਚ ਮਸਰੂਫ ਹਨ। ਉਨਾਂ ਕਿਹਾ ਕਿ ਲੋਕਾਂ ਦੇ ਮਨਾਂ ਵਿੱਚ ਸਰਕਾਰਾਂ ਵਿਰੁੱਧ ਅੰਤਾਂ ਦਾ ਗੁੱਸਾ ਨੋਟ ਕੀਤਾ ਗਿਆ ਹੈ। ਮਜਦੂਰ ਆਗੂਆਂ ਨੇ ਲੋਕਾਂ ਵਿੱਚੋਂ ਮਿਲ ਰਹੇ ਹੁੰਗਾਰੇ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਇਸ ਗੱਲ ਨੇ ਇੱਕ ਵਾਰ ਫੇਰ ਸਾਬਤ ਕਰ ਦਿੱਤਾ ਹੈ ਕਿ ਮੁਸੀਬਤ ਵਿੱਚ ਲੋਕ ਹੀ ਲੋਕਾਂ ਦਾ ਸਹਾਰਾ ਬਣਦੇ ਹਨ। ਉਨਾਂ ਸਾਰੇ ਹੀ ਲੋਕ ਹਿਤੈਸੀ ਵਿਆਕਤੀਆਂ ਤੇ ਜੱਥੇਬੰਦੀਆਂ ਨੂੰ ਪੂਰੇ ਜੀ ਜਾਨ ਨਾਲ ਮਦਦ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।