ਡਿਪੂ ਹੋਲਡਰਾਂ ਦੀ ਜਥੇਬੰਦੀ ਦੇ ਪ੍ਰਧਾਨ ਗੁਰਜਿੰਦਰ ਸਿੱਧੂ ਨੇ ਕਿਹਾ ਕਿ ਰਾਸ਼ਨ ਵੰਡਦਿਆਂ ਕਪੂਰਥਲਾ ਵਿਖੇ ਇੱਕ ਡਿਪੂ ਹੋਲਡਰ ਦਾ ਕਤਲ ਹੋ ਗਿਆ ਅਤੇ ਅੰਮ੍ਰਿਤਸਰ 'ਚ ਇੱਕ ਹੋਰ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ
ਕਿਹਾ ਕਿ ਸਰਕਾਰ ਨੂੰ ਲੋਕਾਂ ਵਿਚ ਰਾਸ਼ਨ ਵੰਡਣ ਦਾ ਜੋਖ਼ਮ ਉਠਾ ਰਹੇ ਡਿਪੂ ਹੋਲਡਰਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ
ਚੰਡੀਗੜ੍ਹ 06 ਮਈ 2020:ਕੋਵਿਡ ਰਾਹਤ ਉਪਰਾਲਿਆਂ ਤਹਿਤ ਪੰਜਾਬ ਦੇ 35 ਲੱਖ ਨੀਲਾ ਕਾਰਡ ਧਾਰਕਾਂ ਨੂੰ ਕੇਂਦਰੀ ਰਾਹਤ ਵੰਡਦਿਆਂ ਆਪਣੇ ਉੱਤੇ ਲਗਾਤਾਰ ਵਧ ਰਹੇ ਹਮਲਿਆਂ ਦੇ ਖ਼ਿਲਾਫ ਪੰਜਾਬ ਦੇ ਡਿਪੂ ਹੋਲਡਰ ਅੱਜ ਅਣਮਿਥੇ ਸਮੇਂ ਲਈ ਹੜਤਾਲ ਉੱਤੇ ਚਲੇ ਗਏ ਹਨ। ਇਸ ਦੇ ਨਾਲ ਹੀ ਉਹਨਾਂ ਨੇ ਸਰਕਾਰ ਕੋਲੋਂ ਸਾਰੇ ਡਿਪੂ ਹੋਲਡਰਾਂ ਲਈ 50 ਲੱਖ ਰੁਪਏ ਦਾ ਬੀਮਾ ਅਤੇ ਲੋੜੀਂਦੇ ਸੁਰੱਖਿਆ ਪ੍ਰਬੰਧਾਂ ਦੀ ਮੰਗ ਕੀਤੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਪੰਜਾਬ ਸਟੇਟ ਡਿਪੂ ਹੋਲਡਰਜ਼ ਯੂਨੀਅਨ ਦੇ ਪ੍ਰਧਾਨ ਸਰਦਾਰ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਲੋਕਾਂ ਵਿਚ ਰਾਹਤ ਸਮੱਗਰੀ ਵੰਡਣ ਵੇਲੇ ਡਿਪੂ ਹੋਲਡਰਾਂ ਉੱਤੇ ਬੇਰਹਿਮੀ ਨਾਲ ਹਮਲੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਅਜਿਹੇ ਹਮਲਿਆਂ ਕਰਕੇ ਕਪੂਰਥਲਾ ਵਿਚ ਇੱਕ ਡਿਪੂ ਹੋਲਡਰ ਦੀ ਮੌਤ ਹੋ ਗਈ ਹੈ ਜਦਕਿ ਦੂਜਾ ਅੰਮ੍ਰਿਤਸਰ ਵਿਖੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਹੈ। ਉਹਨਾਂ ਕਿਹਾ ਕਿ ਆਪਣੇ ਸਿਰ ਉੱਤੇ ਲਗਾਤਾਰ ਮੰਡਰਾਉਂਦੇ ਖ਼ਤਰੇ ਵਾਲੇ ਮਾਹੌਲ ਵਿਚ ਉਹ ਕਿਵੇਂ ਕੰਮ ਕਰ ਸਕਦੇ ਹਨ? ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸਮੇਂ ਸਿਰ ਉਹਨਾਂ ਦੇ ਸੁਰੱਖਿਆ ਪ੍ਰਬੰਧਾਂ ਵੱਲ ਧਿਆਨ ਦਿੱਤਾ ਹੁੰਦਾ ਤਾਂ ਇੱਕ ਡਿਪੂ ਹੋਲਡਰ ਦੀ ਜਾਨ ਬਚ ਸਕਦੀ ਸੀ।
ਸੂਬਾ ਸਰਕਾਰ ਨੂਂੰ ਡਿਪੂ ਹੋਲਡਰਾਂ ਲਈ ਸੁਰੱਖਿਆ ਪ੍ਰਬੰਧ ਕਰਨ ਦੀ ਅਪੀਲ ਕਰਦਿਆਂ ਸਰਦਾਰ ਸਿੱਧੂ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਅਸੀਂ ਇਸ ਸੰਕਟ ਦੀ ਘੜੀ ਵਿਚ ਮੁਫਤ ਕੰਮ ਕਰਨ ਲਈ ਤਿਆਰ ਹਾਂ ਅਤੇ ਸਾਨੂੰ ਲੋੜਵਂੰਦਾਂ ਨੂੰ ਰਾਸ਼ਨ ਵੰਡਣ ਲਈ ਕਿਸੇ ਕਮਿਸ਼ਨ ਦੀ ਵੀ ਲੋੜ ਨਹੀਂ ਹੈ। ਉਹਨਾਂ ਕਿਹਾ ਕਿ ਪਰ ਕਿਸੇ ਦੁਖਾਂਤ ਦੀ ਸੂਰਤ ਵਿਚ ਡਿਪੂ ਹੋਲਡਰਾਂ ਅਤੇ ਉਹਨਾਂ ਦੇ ਪਰਿਵਾਰ ਦੀ ਸਰੀਰਕ ਅਤੇ ਵਿੱਤੀ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਕੋਰੋਨਾਵਾਇਰਸ ਬੀਮਾਰੀ ਤੋਂ ਬਚਣ ਲਈ ਸਾਰੇ ਨਾਗਰਿਕਾਂ ਨੂੰ ਘਰਾਂ ਅੰਦਰ ਰਹਿ ਕੇ ਸਮਾਜਿਕ ਦੂਰੀ ਦੀ ਪਾਲਣਾ ਕਰਨ ਦਾ ਮਸ਼ਵਰਾ ਦਿੰਦੀ ਹੈ ਅਤੇ ਦੂਜੇ ਪਾਸੇ 26ਹਜ਼ਾਰ ਡਿਪੂ ਹੋਲਡਰਾਂ ਨੂੰ ਬਿਨਾਂ ਕੋਈ ਸੁਰੱਖਿਆ ਪ੍ਰਦਾਨ ਕੀਤੇ ਲੋਕਾਂ ਵਿਚ ਰਾਸ਼ਨ ਵੰਡਣ ਦੇ ਕੰਮ ਉੱਤੇ ਲਾ ਦਿੱਤਾ ਗਿਆ ਹੈ।
ਡਿਪੂ ਹੋਲਡਰਾਂ ਲਈ 50 ਲੱਖ ਰੁਪਏ ਦਾ ਬੀਮਾ ਅਤੇ ਹੋਰ ਸੁਰੱਖਿਆ ਪ੍ਰਬੰਧਾਂ ਦੀ ਮੰਗ ਕਰਦਿਆਂ ਸਰਦਾਰ ਸਿੱਧੂ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਤੁਰੰਤ ਸਾਰੇ ਡਿਪੂ ਹੋਲਡਰਾਂ ਨੂੰ ਬੀਮਾ ਸੁਰੱਖਿਆ, ਮੈਡੀਕਲ ਸੁਰੱਖਿਆ ਅਤੇ ਪੀਪੀਈ ਕਿਟਾਂ ਪ੍ਰਦਾਨ ਕਰਨ ਚਾਹੀਦੀਆਂ ਹਨ, ਜੋ ਕਿ ਆਪਣੀਆਂ ਜ਼ਿੰਦਗੀਆਂ ਨੂੰ ਖਤਰੇ ਵਿਚ ਪਾ ਰਹੇ ਹਨ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਨੂੰ ਸਾਨੂੰ ਕਣਕ ਦੀ ਤੁਲਾਈ ਲਈ ਇੱਕ ਮਜ਼ਦੂਰ ਅਤੇ ਰਾਸ਼ਨ ਵਾਲੀ ਦੁਕਾਨ Aੁੱਤੇ ਲੋਕਾਂ ਵਿਚ ਸਮਾਜਿਕ ਦੂਰੀ ਕਾਇਮ ਰੱਖਣ ਲਈ ਕੁੱਝ ਪੁਲਿਸ ਕਰਮਚਾਰੀਆਂ ਦੀਆਂ ਸੇਵਾਵਾਂ ਪ੍ਰਦਾਨ ਕਰੇ।
ਅੱਜ ਤੋਂ ਹੀ ਸਾਰੇ ਡਿਪੂ ਹੋਲਡਰਾਂ ਦੇ ਅਣਮਿੱਥੇ ਸਮੇਂ ਲਈ ਹੜਤਾਲ ਉੱਤੇ ਜਾਣ ਦਾ ਐਲਾਨ ਕਰਦਿਆਂ ਸਰਦਾਰ ਸਿੱਧੂ ਨੇ ਕਿਹਾ ਕਿ ਅਸੀਂ ਸਾਡੀ ਸੁਰੱਖਿਆ ਸੰਬੰਧੀ ਮਸਲਿਆਂ ਦੇ ਹੱਲ ਲਈ 25 ਦਿਨਾਂ ਤੋਂ ਬੇਨਤੀਆਂ ਕਰਦੇ ਆ ਰਹੇ ਹਾਂ, ਪਰ ਕਿਸੇ ਨੇ ਵੀ ਸਾਡੀ ਫਰਿਆਦ ਨਹੀਂ ਸੁਣੀ। ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਕੇਂਦਰੀ ਰਾਹਤ ਦੀ ਗਰੀਬਾਂ ਅਤੇ ਲੋੜਵੰਦਾਂ ਵਿਚ ਨਿਰਵਿਘਨ ਸਪਲਾਈ ਲਈ ਡਿਪੂ ਹੋਲਡਰਾਂ ਦੀ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣ।