← ਪਿਛੇ ਪਰਤੋ
ਹਰਿੰਦਰ ਨਿੱਕਾ
ਸੰਗਰੂਰ 21 ਅਪ੍ਰੈਲ 2020 - ਕੋਰੋਨਾ ਵਾਇਰਸ ਦੇ ਸੰਕਟ ਦੇ ਚੱਲਦਿਆਂ ਪੰਜਾਬ ਤੋਂ ਬਾਹਰ ਕਟਾਈ ਦਾ ਕੰਮ ਕਰਕੇ ਵਾਪਸ ਪਰਤ ਰਹੀਆਂ ਕੰਬਾਈਨਾਂ ਤੇ ਰੀਪਰਾਂ ਨੂੰ ਕੀਟਾਣੂ ਮੁਕਤ ਕਰਨ ਲਈ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਮੂਹ ਕੰਬਾਈਨ ਤੇ ਰੀਪਰਾਂ ਨੂੰ ਪੰਜਾਬ-ਹਰਿਆਣਾ ਬਾਰਡਰ 'ਤੇ ਹੀ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਜਸਵਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਕੰਬਾਈਨਾਂ ਤੇ ਰੀਪਰ ਪੰਜਾਬ ਤੋਂ ਬਾਹਰ ਦੂਜੇ ਰਾਜਾਂ ਵਿਚ ਕਟਾਈ ਦਾ ਕੰਮ ਕਰਕੇ ਪੰਜਾਬ ਵਿੱਚ ਵਾਪਸ ਪਰਤ ਰਹੀਆਂ ਹਨ।ਜੋ ਕੰਬਾਈਨਾਂ ਹਰਿਆਣਾ ਵਾਲੇ ਬਾਰਡਰ ਤੋਂ ਪੰਜਾਬ ਦਾਖਲ ਹੁੰਦੀਆਂ ਹਨ, ਉਨ੍ਹਾਂ ਨੂੰ ਖੇਤੀਬਾੜੀ ਵਿਭਾਗ ਸੰਗਰੂਰ ਵੱਲੋਂ ਬਾਰਡਰ ਤੇ ਹੀ ਰੋਕ ਕੇ ਸੋਡੀਅਮ ਹਾਈਪਰੋਕਲੋਰਾਈਟ ਦਾ ਸਪਰੇ ਕਰਕੇ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ-ਹਰਿਆਣਾ ਬਾਰਡਰ 'ਤੇ ਜ਼ਿਲ੍ਹਾ ਸੰਗਰੂਰ ਵਿੱਚ ਹੁਣ ਤੱਕ 345 ਕੰਬਾਈਨਾਂ ਤੇ ਰੀਪਰਾਂ ਨੂੰ ਸੈਨੇਟਾਈਜ਼ ਕਰ ਦਿੱਤਾ ਗਿਆ ਹੈ,ਇਹ ਸੈਨੀਟਾਈਜ਼ ਦਾ ਕੰਮ ਕਣਕ ਦੀ ਕਟਾਈ ਮੁਕੰਮਲ ਹੋਣ ਤੱਕ ਜਾਰੀ ਰਹੇਗਾ। ਖੇਤੀਬਾੜੀ ਵਿਭਾਗ ਵੱਲੋਂ ਸੈਨੀਟਾਈਜ਼ੇਸਨ ਦੇ ਨਾਲ-ਨਾਲ ਕੰਬਾਈਨ ਮਾਲਕਾਂ ਤੇ ਕਾਮਿਆਂ ਨੂੰ ਮਾਸਕ ਪਹਿਨਣ, ਆਪਣੇ ਹੱਥ ਸਾਫ਼ ਰੱਖਣ ਅਤੇ ਆਪਸੀ ਦੂਰੀ ਬਣਾਏ ਰੱਖਣ ਸਬੰਧੀ ਵੀ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ।
Total Responses : 267