ਰਜਨੀਸ਼ ਸਰੀਨ
- ਘਰ-ਘਰ ਜਾ ਕੇ ਪੁੱਛ ਰਹੇ ਹਨ ਦਵਾਈ ਅਤੇ ਰਾਸ਼ਨ ਦੀ ਲੋੜ ਬਾਰੇ
- ਹੈਲਪਿੰਗ ਹੈਂਡ ਐਸ ਬੀ ਐਸ ਨਗਰ ਪੁਲਿਸ ਦੇ ਬੈਨਰ ਹੇਠ ਜ਼ਿਲ੍ਹਾ ਪੁਲਿਸ ਸਮਾਜ ਸੇਵਾ ’ਚ ਮੋਹਰੀ ਬਣੀ
- ਜ਼ਰੂਰਤਮੰਦਾਂ ਦੀਆਂ ਰਾਸ਼ਨ ਤੇ ਖਾਣੇ ਦੀਆਂ ਲੋੜਾਂ ਨੂੰ ਵੀ ਨਿਰੰਤਰ ਕਰ ਰਹੀ ਹੈ ਪੂਰਾ
- ਲੋਕਾਂ ਪਾਸੋਂ ਆ ਰਹੇ ਵਿੱਤੀ ਸਹਿਯੋਗ ਦਾ ਰੋਜ਼ਾਨਾ ਫ਼ੇਸਬੁੱਕ ਪੇਜ਼ ’ਤੇ ਦਿੱਤਾ ਜਾ ਰਿਹਾ ਹੈ ਪਾਰਦਰਸ਼ੀ ਹਿਸਾਬ
ਨਵਾਂਸ਼ਹਿਰ, 11 ਅਪਰੈਲ 2020 - ਪੰਜਾਬ ਪੁਲਿਸ ਦੇ ਜੁਆਨ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਇਕੱਲੇ-ਕਹਿਰੇ ਬਜ਼ੁਰਗਾਂ ਲਈ ਸਰਬਣ ਪੁੱਤ ਬਣ ਕੇ ਉਭਰ ਰਹੇ ਹਨ। ਪਿੰਡ-ਪਿੰਡ ਜਾ ਕੇ ਉਨ੍ਹਾਂ ਬਜ਼ੁਰਗਾਂ ਜਿਹੜੇ ਜਾਂ ਤਾਂ ਆਪਣੇ ਪਰਿਵਾਰਾਂ ਦੇ ਵਿਦੇਸ਼ ਜਾਂ ਰੋਜ਼ਗਾਰ ਲਈ ਹੋਰਨਾਂ ਥਾਂਵਾਂ ’ਤੇ ਗਏ ਹੋਣ ਕਾਰਨ ਇਕੱਲੇ ਹਨ ਜਾਂ ਫ਼ਿਰ ਉਹ ਬਜ਼ੁਰਗ ਜਿਨ੍ਹਾਂ ਦਾ ਕੋਈ ਸਹਾਰਾ ਹੀ ਨਹੀਂ, ਉਨ੍ਹਾਂ ਦੀ ਸੂਚੀ ਬਣਾ ਕੇ ਆਪਣੀ ਜ਼ਿਲ੍ਹਾ ਪੱਧਰੀ ਸੰਸਥਾ ‘ਹੈਲਪਿੰਗ ਹੈਂਡ ਐਸ ਬੀ ਐਸ ਨਗਰ ਪੁਲਿਸ’ ਨੂੰ ਭੇਜ ਰਹੇ ਹਨ।
ਐਸ ਐਸ ਪੀ ਅਲਕਾ ਮੀਨਾ ਨੇ ਜ਼ਿਲ੍ਹਾ ਪੁਲਿਸ ਦੀ ਇਸ ਪਹਿਲ ਕਦਮੀ ਬਾਰੇ ਵਧੇਰੇ ਜਾਣਕਾਰ ਦਿੰਦਿਆਂ ਦੱਸਿਆ ਕਿ ਕੋਵਿਡ-19 ਦੀ ਰੋਕਥਾਮ ਲਈ ਲਾਏ ਕਰਫ਼ਿਊ ਤੋਂ ਬਾਅਦ ਉਨ੍ਹਾਂ ਦੇ ਧਿਆਨ ’ਚ ਆਇਆ ਹੈ ਕਿ ਐਨ ਆਰ ਆਈ ਜ਼ਿਲ੍ਹਾ ਹੋਣ ਕਾਰਨ ਬਹੁਤ ਸਾਰੇ ਪਿੰਡਾਂ ’ਚ ਇਕੱਲੇ-ਕਹਿਰੇ ਬਜ਼ੁਰਗ ਰਹਿ ਰਹੇ ਹਨ। ਅਜਿਹੇ ਸਮੇਂ ’ਚ ਉਨ੍ਹਾਂ ਨੂੰ ਜਿੱਥੇ ਬਿਮਾਰੀ ਪ੍ਰਤੀ ਸਾਵਧਾਨੀਆਂ ਦੱਸ ਕੇ ਜਾਗਰੂਕ ਕਰਨਾ ਜ਼ਰੂਰੀ ਹੈ ਉੱਥੇ ਉਨ੍ਹਾਂ ਦੀ ਰੋਜ਼-ਮੱਰ੍ਹਾ ਦੀ ਲੋੜਾਂ ਵੀ ਪੂਰੀਆਂ ਕਰਨ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਉਕਤ ਮੁਹਿੰਮ ਦੀ ਸ਼ੁਰੂਆਤ ਇਕਲੌਤੇ ਰਹਿ ਰਹੇ ਬਜ਼ੁਰਗਾਂ ਦੀ ਸਾਰ ਲੈਣ ਲਈ ਹੀ ਸ਼ੁਰੂ ਕੀਤੀ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਮੁਹਿੰਮ ਦੀ ਨਿਗਰਾਨੀ ਜ਼ਿਲ੍ਹਾ ਪੁਲਿਸ ਦੇ ਡੀ ਐਸ ਪੀ ਰਾਜ ਕੁਮਾਰ ਨੂੰ ਸੌਂਪੀ ਗਈ ਹੈ। ਇਸ ਮੁਹਿੰਮ ਤਹਿਤ ਹਰ ਥਾਣੇ ਦੇ ਵਿੱਚ ਇੱਕ-ਇੱਕ ਪੁਲਿਸ ਮੁਲਾਜ਼ਮ ਤਾਇਨਾਤ ਕੀਤਾ ਗਿਆ ਹੈ। ਇਹ ਪੁਲਿਸ ਮੁਲਾਜ਼ਮ ਸਬੰਧਤ ਥਾਣੇ ਦੇ ਮੁੱਖ ਅਫ਼ਸਰ ਨਾਲ ਸੰਪਰਕ ਕਰਕੇ ਕਿਸੇ ਵੀ ਕਾਰਨ ਇਕਲੌਤੇ ਤੇ ਲੋੜਵੰਦ ਬਜ਼ੁਰਗਾਂ ਦੀਆਂ ਲੋੜਾਂ ਜਿਵੇਂ ਕਿ ਦਵਾਈਆਂ, ਘਰ ’ਚ ਜ਼ਰੂਰੀ ਵਰਤੋਂ ਦੀਆਂ ਚੀਜ਼ਾਂ, ਮੋਬਾਈਲ ਰੀਚਾਰਜ, ਗੈਸ ਸਿਲੰਡਰ ਰੀਚਾਰਜ ਜਾਂ ਹੋਰ ਜ਼ਰੂਰਤਾਂ ਪੂਰੀਆ ਕਰਨ ਦੇ ਨਾਲ-ਨਾਲ ਉਨ੍ਹਾਂ ਦਾ ਆਸਰਾ ਬਣਨ ਦੀ ਜ਼ਿੰਮੇਵਾਰੀ ਲੈਣਗੇ। ਪੁਲਿਸ ਮੁਲਾਜ਼ਮਾਂ ਵਲੋਂ ਇਸ ਮੁਹਿੰਮ ਤਹਿਤ ਸ਼ਨਾਖਤ ਤੋਂ ਉਪਰੰਤ ਅਜਿਹੇ ਬਜ਼ੁਰਗਾਂ ਤੱਕ ਪਹੁੰਚ ਕਰਕੇ ਨੇਕ ਪੁਤਰਾਂ ਵਾਂਗ ਉਨ੍ਹਾਂ ਦੀ ਹਰ ਲੋੜ ਦਾ ਧਿਆਨ ਰੱਖਿਆ ਜਾਵੇਗਾ। ਇਨ੍ਹਾਂ ਪੁਲਿਸ ਜੁਆਨਾਂ ਵੱਲੋਂ ਹਰੇਕ ਬਜ਼ੁਰਗ ਨੂੰ ਆਪੋ-ਆਪਣਾ ਨੰਬਰ ਦਿੱਤਾ ਜਾ ਰਿਹਾ ਹੈ ਜਿਸ ’ਤੇ ਉਹ ਬਾਅਦ ਵਿੱਚ ਦੁਬਾਰਾ ਕੋਈ ਵੀ ਲੋੜ ਪੈਣ ’ਤੇ ਸੰਪਰਕ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਜ਼ਿਲ੍ਹਾ ਪੁਲਿਸ ਵੱਲੋਂ ਐਨ ਜੀ ਓਜ਼ ਤੇ ਦਾਨੀ ਸੱਜਣਾਂ ਅਤੇ ਪੁਲਿਸ ਮੁਲਾਜ਼ਮਾਂ ਵੱਲੌਨ ਦਿੱਤੇ ਜਾ ਰਹੇ ਦਸਵੰਧ ਦੇ ਯੋਗਦਾਨ ਨਾਲ ‘ਹੈਲਪਿੰਗ ਹੈਂਡ ਐਸ ਬੀ ਐਸ ਨਗਰ ਪੁਲਿਸ’ ਦੇ ਬੈਨਰ ਹੇਠ ਨਵਾਂਸ਼ਹਰ ਦੇ ਡਾ. ਆਸਾ ਨੰਦ ਸਕੂਲ ਵਿਖੇ ਰਾਹਤ ਕੈਂਪ ਬਣਾ ਕੇ, ਸਮੁੱਚੇ ਜ਼ਿਲ੍ਹੇ ’ਚ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਅਤੇ ਪੱਕਿਆ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਹੁਣ ਤੱਕ ਜ਼ਿਲ੍ਹਾ ਪੁਲਿਸ ਵੱਲੋਂ ਸਮਾਜ ਸੇਵੀ ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਵਿੱਚ 6439 ਰਾਸ਼ਨ ਕਿੱਟਾਂ ਵੰਡੀਆਂ ਜਾ ਚੁੱਕੀਆਂ ਹਨ ਜਦਕਿ 156880 ਵਿਅਕਤੀਆਂ ਨੂੰ ਪੱਕਿਆ ਖਾਣਾ ਦਿੱਤਾ ਜਾ ਚੁੱਕਾ ਹੈ ਅਤੇ ਇਹ ਸੇਵਾ ਨਿਰੰਤਰ ਜਾਰੀ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਪਾਸੋਂ ਆ ਰਹੇ ਯੋਗਦਾਨ ਦਾ ਸਮੁੱਚਾ ਲੇਖਾ-ਜੋਖਾ ‘ਹੈਲਪਿੰਗ ਹੈਂਡ ਐਸ ਬੀ ਐਸ ਨਗਰ ਪੁਲਿਸ’ ਫ਼ੇਸ ਬੁੱਕ ਪੇਜ਼ ’ਤੇ ਰੋਜ਼ਾਨਾ ਪਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕਰਫ਼ਿਊ ਦੌਰਾਨ ਮਹਿਲਾਵਾਂ ਦੀ ਸਭ ਤੋਂ ਵੱਡੀ ਮੁਸ਼ਕਿਲ ਜੋ ਕਿ ਸੈਨੇਟਰੀ ਪੈਡਜ਼ ਦੀ ਜ਼ਰੂਰਤ ਹੁੰਦੀ ਹੈ, ਦਾ ਹੱਲ ਵੀ ਆਵਾਜ਼ ਸੰਸਥਾ ਰਾਹੀਂ ਆਨਲਾਈਨ ਸਪਲਾਈ ਮੁਹੱਈਆ ਕਰਵਾ ਕੇ ਕੀਤਾ ਗਿਆ ਹੈ। ਇਸ ਲਈ ਦੋ ਹੈਲਪਲਾਈਨ ਨੰ. 9645507474 ਅਤੇ 9645276499 ਵੀ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਗਰੀਬ ਲੋਕਾਂ ਨੂੰ ਸੈਨੇਟਰੀ ਪੈਡ ਮੁਫ਼ਤ ਅਤੇ ਸਮਰੱਥ ਲੋਕਾਂ ਨੂੰ ਅਦਾਇਗੀ ’ਤੇ ਮੁਹੱਈਆ ਕਰਵਾਏ ਜਾਂਦੇ ਹਨ।