ਦਲਿਤ ਸੁਰੱਖਿਆ ਸੈਨਾ ਨੇ ਐਸਸੀ ਭਾਈਚਾਰੇ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਪੰਨੂੰ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਕੀਤੀ ਸ਼ਿਕਾਇਤ
ਪੰਨੂੰ ਅਤੇ ਉਸ ਦੇ ਸਾਥੀ ਵਿਰੁੱਧ ਇੱਕ ਵੀਡੀਓ ਵਿੱਚ ਭਾਰਤੀ ਸੰਵਿਧਾਨ ਅਤੇ ਭਾਰਤੀ ਰਾਸ਼ਟਰੀ ਝੰਡੇ ਦੀ ਬੇਇੱਜ਼ਤੀ ਕਰਨ ਤਹਿਤ ਕੇਸ ਦਰਜ
ਫ਼ਰਵਰੀ 2020 ਵਿਚ ਇਟਲੀ ਤੋਂ ਭਾਰਤ ਪੁੱਜੇ ਐਸਐਫਜੇ ਦੇ ਮੈਂਬਰ ਜੋਗਿੰਦਰ ਸਿੰਘ ਵਿਰੁੱਧ ਵੀ ਪਰਚਾ ਦਰਜ
ਚੰਡੀਗੜ੍ਹ, 02 ਜੁਲਾਈ 2020: ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਤਹਿਤ ਸਿੱਖਸ ਫਾਰ ਜਸਟਿਸ (ਐਸਐਫਜੇ) ਦੇ ਗੁਰਪਤਵੰਤ ਸਿੰਘ ਪੰਨੂੰ ਨੂੰ ਇਕ ਅੱਤਵਾਦੀ ਘੋਸ਼ਿਤ ਕੀਤੇ ਜਾਣ ਤੋਂ ਇੱਕ ਦਿਨ ਬਾਅਦ, ਪੰਜਾਬ ਪੁਲਿਸ ਨੇ ਵੀਰਵਾਰ ਨੂੰ ਉਸਦੇ ਤੇ ਉਸ ਦੇ ਸਹਿਯੋਗੀ, ਐਸਐਫਜੇ ਦੇ ਐਕਟਿਵ ਮੈਂਬਰ ਜੋਗਿੰਦਰ ਸਿੰਘ ਗੁੱਜਰ ਖ਼ਿਲਾਫ਼ ਅੰਮ੍ਰਿਤਸਰ ਅਤੇ ਕਪੂਰਥਲਾ ਵਿੱਚ ਦੋ ਵੱਖ-ਵੱਖ ਐਫ਼ਆਈਆਰ ਦਰਜ ਕੀਤੀਆਂ, ਜੋ ਇਸ ਸਾਲ ਫ਼ਰਵਰੀ ਵਿੱਚ ਇਟਲੀ ਤੋਂ ਭਾਰਤ ਆਇਆ ਸੀ।
ਖਾਲਿਸਤਾਨ ਦਾ ਸਮਰਥਨ ਕਰਨ ਵਾਲਾ ਪੰਨੂੰ, ਜਿਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਉਹ ਪੰਜਾਬ ਵਿੱਚ ਅੱਤਵਾਦ ਨੂੰ ਉਤਸ਼ਾਹਤ ਕਰਨ ਵਿੱਚ ਸਰਗਰਮ ਤੌਰ ‘ਤੇ ਸ਼ਾਮਲ ਸੀ, ਨੂੰ ਗ੍ਰਹਿ ਮੰਤਰਾਲੇ ਨੇ ਯੂਏਪੀਏ ਅਧੀਨ ਅੱਤਵਾਦੀ ਵਜੋਂ ਨਾਮਜ਼ਦ 9 ਵਿਅਕਤੀਆਂ ਵਿੱਚ ਸ਼ਾਮਲ ਕੀਤਾ ਹੈ ਜੋ ਪੰਜਾਬ ਵਿੱਚ ਅੱਤਵਾਦ ਨੂੰ ਉਤਸ਼ਾਹਤ ਕਰਨ ਅਤੇ ਵਿਦੇਸ਼ੀ ਧਰਤੀ ਤੋਂ ਅੱਤਵਾਦ ਦੀਆਂ ਵੱਖ ਵੱਖ ਕਾਰਵਾਈਆਂ ਵਿੱਚ ਸ਼ਾਮਲ ਸਨ। ਐਮਐਚਏ ਨੇ ਪੰਨੂੰ ਨੂੰ ਭਾਰਤ ਵਿਰੁੱਧ ਵੱਖਵਾਦੀ ਮੁਹਿੰਮ ਨੂੰ ਸਰਗਰਮੀ ਨਾਲ ਚਲਾਉਣ ਅਤੇ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਅੱਤਵਾਦੀ ਕਤਾਰਾਂ ਵਿਚ ਸ਼ਾਮਲ ਹੋਣ ਲਈ ਉਤਸ਼ਾਹਤ ਕਰਨ ਲਈ ਅੱਤਵਾਦੀ ਘੋਸ਼ਿਤ ਕੀਤਾ ਗਿਆ ਹੈ।
ਦਲਿਤ ਸੁਰੱਖਿਆ ਸੈਨਾ (ਡੀਐਸਐਸ) ਨੇ ਗੁਰਪਤਵੰਤ ਪੰਨੂੰ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਉਸ ਖ਼ਿਲਾਫ਼ ਥਾਣਾ ਬੀ/ਡਵੀਜ਼ਨ, ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਵਿਖੇ ਭਾਰਤੀ ਸੰਵਿਧਾਨ ਅਤੇ ਭਾਰਤੀ ਰਾਸ਼ਟਰੀ ਝੰਡਾ ਸਾੜਨ ਅਤੇ ਦੂਜਿਆਂ ਨੂੰ ਵੀ ਅਜਿਹਾ ਕਰਨ ਵਾਸਤੇ ਉਕਸਾਉਣ ਲਈ ਕੇਸ ਦਰਜ ਕੀਤਾ ਗਿਆ ਸੀ, ਜਿਸ ਨਾਲ ਦੇਸ਼ ਦੇ ਸਮੁੱਚੇ ਐਸਸੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ।
ਦਲਿਤ ਸੁਰੱਖਿਆ ਸੈਨਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਯੂਐਸਏ ਅਧਾਰਤ ਸਿੱਖਸ ਫਾਰ ਜਸਟਿਸ (ਐਸਐਫਜੇ) ਸੰਗਠਨ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਅਤੇ ਉਸਦੇ ਸਾਥੀ ਇੱਕ ਵੀਡੀਓ ਵਿੱਚ ਭਾਰਤੀ ਸੰਵਿਧਾਨ ਅਤੇ ਭਾਰਤੀ ਰਾਸ਼ਟਰੀ ਝੰਡੇ ਦੀ ਬੇਇੱਜ਼ਤੀ ਕਰਦੇ ਵੇਖੇ ਗਏ। ਉਹ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਹੋਏ ਭਾਰਤੀ ਸੰਵਿਧਾਨ ਅਤੇ ਝੰਡੇ ਨੂੰ ਅੱਗ ਲਾਉਂਦੇ ਵੇਖੇ ਗਏ। ਪੰਨੂੰ ਨੂੰ ਸਾਰੀ ਸਿੱਖ ਕੌਮ ਨੂੰ ਭਾਰਤੀ ਸੰਵਿਧਾਨ ਵਿਰੁੱਧ ਅਤੇ ਰੈਫਰੈਂਡਮ 2020 ਦੇ ਹੱਕ ਵਿੱਚ ਭੜਕਾਉਂਦੇ ਵੇਖਿਆ ਗਿਆ ਸੀ।
ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਅੱਤਵਾਦੀਆਂ ਦੀਆਂ ਘਿਨਾਉਣੀਆਂ ਹਰਕਤਾਂ ਨੇ ਬੜੀ ਬੇਰਹਿਮੀ ਨਾਲ ਉਨ੍ਹਾਂ ਆਦਰਸ਼ਾਂ ਦੀ ਬੇਇੱਜ਼ਤੀ ਕੀਤੀ ਜਿਸ ‘ਤੇ ਭਾਰਤੀ ਰਾਜ ਸਥਾਪਤ ਹੋਇਆ ਹੈ ਅਤੇ ਇਸ ਨਾਲ ਸਮੁੱਚੇ ਐਸਸੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਪੁਲਿਸ ਬੁਲਾਰੇ ਅਨੁਸਾਰ ਉਪਰੋਕਤ ਸ਼ਿਕਾਇਤ ਸਬੰਧੀ ਤੁਰੰਤ ਕਾਰਵਾਈ ਜ਼ਰੂਰੀ ਸੀ ਕਿਉਂਕਿ ਗੁਰਪਤਵੰਤ ਸਿੰਘ ਪੰਨੂੰ ਅਤੇ ਉਸ ਦੇ ਸਾਥੀ ਆਪਣੇ ਕੰਮਾਂ ਅਤੇ ਬੋਲੇ ਤੇ ਲਿਖੇ ਸ਼ਬਦਾਂ ਕਰਕੇ ਦੇਸ਼ ਧ੍ਰੋਹੀਆਂ ਵਿਚ ਸ਼ਾਮਲ ਪਾਏ ਗਏ ਹਨ, ਇਸ ਤਰ੍ਹਾਂ ਫਿਰਕੂ ਫੁੱਟ ਪੈਦਾ ਕਰਨ ਦੇ ਨਾਲ-ਨਾਲ ਭਾਰਤ ਵਿਚ ਕਾਨੂੰਨ ਦੁਆਰਾ ਸਥਾਪਤ ਸਰਕਾਰ ਪ੍ਰਤੀ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤੋਂ ਇਲਾਵਾ ਉਸਨੇ ਅਤੇ ਉਸਦੇ ਸਾਥੀਆਂ ਨੇ ਗੈਰਕਾਨੂੰਨੀ ਗਤੀਵਿਧੀਆਂ ਵੀ ਕੀਤੀਆਂ, ਇਕ ਪ੍ਰਤੀਬੰਧਿਤ ਸੰਗਠਨ ਦੇ ਮੈਂਬਰ ਹੋਣ ਕਾਰਨ ਗੁਰਪਤਵੰਤ ਸਿੰਘ ਪੰਨੂੰ ਅਤੇ ਉਸਦੇ ਸਹਿਯੋਗੀ ਅਪਰਾਧ ਰੋਕੂ ਐਕਟ, 1971 ਦੀ ਧਾਰਾ 2, ਭਾਰਤੀ ਦੰਡਾਵਲੀ ਨਿਯਮ ਦੇ ਸੈਕਸ਼ਨ 504, 124-ਏ ਅਤੇ 153-ਏ, ਯੂਏਪੀਏ ਦੀ ਧਾਰਾ 10 (ਏ) ਅਤੇ 13 (1) ਅਤੇ ਐਸਸੀ/ਐਸਟੀ ਐਕਟ ਦੀ ਧਾਰਾ 3 ਤਹਿਤ ਜ਼ੁਰਮ ਕੀਤੇ ਹਨ।
ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਦੂਜੀ ਐਫਆਈਆਰ, ਜੋ ਪੀ ਐਸ ਭੁਲੱਥ, ਜ਼ਿਲ੍ਹਾ ਕਪੂਰਥਲਾ ਵਿਖੇ ਦਰਜ ਕੀਤੀ ਗਈ ਹੈ, ਜੋਗਿੰਦਰ ਸਿੰਘ ਗੁੱਜਰ ਉਰਫ਼ ਗੋਗਾ ਦੀ ਫ਼ਰਵਰੀ 2020 ਵਿਚ ਭਾਰਤ ਵਿਚ ਦਾਖਲ ਹੋਣ ਦੀ ਭਰੋਸੇਯੋਗ ਜਾਣਕਾਰੀ 'ਤੇ ਅਧਾਰਤ ਹੈ। ਇਸ ਕੇਸ ਵਿੱਚ ਪੰਨੂੰ ਅਤੇ ਉਸ ਦੇ ਸਾਥੀਆਂ 'ਤੇ ਦੇਸ਼ ਧ੍ਰੋਹੀ ਅਤੇ ਵੱਖਵਾਦੀ ਗਤੀਵਿਧੀਆਂ ਦਾ ਦੋਸ਼ ਲਗਾਇਆ ਗਿਆ ਹੈ।
ਪੁਲਿਸ ਬੁਲਾਰੇ ਨੇ ਦੱਸਿਆ ਕਿ ਜੋਗਿੰਦਰ ਸਿੰਘ ਗੁੱਜਰ ਉਰਫ਼ ਗੋਗਾ ਪੁੱਤਰ ਅਵਤਾਰ ਸਿੰਘ ਨਿਵਾਸੀ ਅਕਾਲ, ਭੁਲੱਥ ਅਤੇ ਯੂਐਸਏ ਅਧਾਰਤ ਪੰਨੂੰ ਅਤੇ ਸਿੱਖਸ ਫਾਰ ਜਸਟਿਸ (ਐਸਐਫਜੇ) ਦੇ ਉਨ੍ਹਾਂ ਦੇ ਸਹਿਯੋਗੀ ਮੈਂਬਰਾਂ ਖ਼ਿਲਾਫ਼ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ, 1967 ਦੀ ਧਾਰਾ 10 (ਏ) ਅਤੇ (ਬੀ), 11, 13 (1) ਅਤੇ 17 ਅਧੀਨ ਐਫਆਈਆਰ (ਨੰਬਰ 49) ਦਰਜ ਕੀਤੀ ਗਈ ਹੈ।
ਬੁਲਾਰੇ ਨੇ ਦੱਸਿਆ ਕਿ ਇਹ ਪਤਾ ਲੱਗਿਆ ਹੈ ਕਿ ਜੋਗਿੰਦਰ ਸਿੰਘ ਐਸਐਫਜੇ ਦਾ ਪ੍ਰਮੁੱਖ ਅਤੇ ਸਰਗਰਮ ਮੈਂਬਰ ਹੈ, ਜਿਸ ਨੂੰ ਐਮਐਚਏ (ਭਾਰਤ ਸਰਕਾਰ) ਨੇ 10 ਜੁਲਾਈ, 2019 ਨੂੰ ‘ਗੈਰਕਾਨੂੰਨੀ ਸੰਗਠਨ’ ਐਲਾਨਿਆ ਸੀ। ਗੁਰਪਤਵੰਤ ਸਿੰਘ ਪੰਨੂੰ ਦੇ ਕਹਿਣ ’ਤੇ, ਜੋਗਿੰਦਰ ਸਿੰਘ ਐਸਐਫਜੇ ਦੀਆਂ ਗਤੀਵਿਧੀਆਂ ਨੂੰ ਉਤਸ਼ਾਹਤ ਕਰਨ ਲਈ ਉਸ ਦੇ ਸੰਪਰਕ ਵਿੱਚ ਸੀ ਅਤੇ ਪੰਜਾਬ/ਭਾਰਤ ਤੇ ਵਿਦੇਸ਼ ਵਿੱਚ ਸਥਿਤ ਐਸਐਫਜੇ ਦੇ ਕਾਰਜਕਰਤਾਵਾਂ/ਕਾਰਕੁਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰ ਰਿਹਾ ਸੀ।
ਇਹ ਵੀ ਪਤਾ ਲੱਗਿਆ ਹੈ ਕਿ ਜੋਗਿੰਦਰ ਸਿੰਘ ਗੁੱਜਰ ਉਰਫ਼ ਗੋਗਾ ਐਸਐਫਜੇ ਦੁਆਰਾ ਆਯੋਜਿਤ ਕੀਤੇ ਗਏ ਭਾਰਤ ਵਿਰੋਧੀ ਸੰਮੇਲਨ ਵਿਚ ਸਰਗਰਮੀ ਨਾਲ ਹਿੱਸਾ ਲੈਣ ਲਈ ਨਵੰਬਰ, 2019 ਵਿਚ ਜਿਨੇਵਾ, ਸਵਿਟਜ਼ਰਲੈਂਡ ਗਿਆ ਸੀ। ਇਸ ਤਰ੍ਹਾਂ, ਜੋਗਿੰਦਰ ਸਿੰਘ ਪੰਨੂੰ ਦੇ ਨਾਲ ਵੱਖਵਾਦੀ ਗਤੀਵਿਧੀਆਂ ਦਾ ਪ੍ਰਚਾਰ ਕਰਨ ਅਤੇ ਪੰਜਾਬ ਅਤੇ ਵਿਦੇਸ਼ਾਂ ਵਿੱਚ ਵੀ ‘ਰੈਫਰੈਂਡਮ 2020’ ਦੇ ਬੈਨਰ ਹੇਠ ਭਾਰਤ ਦੀ ਵੰਡ ਨੂੰ ਉਕਸਾਉਣ ਵਾਲੀਆਂ ਗਤੀਵਿਧੀਆਂ ਨੂੰ ਉਤਸ਼ਾਹਤ ਕਰਨ ਲਈ ਜਾਣਿਆ ਜਾਂਦਾ ਸੀ।
ਜ਼ਿਕਰਯੋਗ ਹੈ ਕਿ ਪੰਨੂੰ ਨੂੰ ਯੂਏਪੀਏ ਦੀ ਧਾਰਾ 35 ਦੀ ਉਪ-ਧਾਰਾ (1) ਦੀ ਧਾਰਾ (ਏ) ਤਹਿਤ 1 ਜੁਲਾਈ 2020 ਦੀ ਨੋਟੀਫਿਕੇਸ਼ਨ ਵਜੋਂ ‘ਅੱਤਵਾਦੀ’ ਘੋਸ਼ਿਤ ਕੀਤਾ ਗਿਆ ਸੀ ਅਤੇ ਉਸਦਾ ਨਾਮ ਉਕਤ ਐਕਟ ਦੀ ਚੌਥੀ ਸੂਚੀ ਵਿੱਚ ਨੋਟੀਫਾਈ ਕੀਤਾ ਗਿਆ ਸੀ।
ਬੁਲਾਰੇ ਨੇ ਦੱਸਿਆ ਕਿ ਐਸ.ਐਫ.ਜੇ. ਨਾ ਸਿਰਫ਼ ਪੰਜਾਬ ਅਤੇ ਹੋਰ ਥਾਵਾਂ 'ਤੇ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਉਤਸ਼ਾਹਤ ਕਰਨ ਵਿਚ ਸ਼ਾਮਲ ਰਿਹਾ ਹੈ, ਬਲਕਿ ਭਾਰਤ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਨੂੰ ਭੰਗ ਕਰਨ ਦਾ ਇਰਾਦਾ ਵੀ ਰੱਖਦਾ ਹੈ ਅਤੇ ਇਹ ਅੱਤਵਾਦੀ ਅਤੇ ਕੱਟੜਪੰਥੀ ਸੰਗਠਨ ਨਾਲ ਨੇੜਲੇ ਸੰਪਰਕ ਵਿਚ ਪਾਇਆ ਗਿਆ ਹੈ। ਇਹ ਪੰਜਾਬ ਅਤੇ ਹੋਰ ਦੇਸ਼ਾਂ ਵਿੱਚ ਅੱਤਵਾਦ ਅਤੇ ਅੱਤਵਾਦ ਦੇ ਹਿੰਸਕ ਰੂਪਾਂ ਦੇ ਵਿਚਾਰਾਂ ਦਾ ਨਿਰੰਤਰ ਸਮਰਥਨ ਕਰਦਾ ਆ ਰਿਹਾ ਹੈ, ਤਾਂ ਜੋ ਭਾਰਤ ਤੋਂ ਬਾਹਰ ਇਕ ਵੱਖ ਖਾਲਿਸਤਾਨ ਬਣਾਇਆ ਜਾ ਸਕੇ।