ਜਾਨ ਦੀ ਪ੍ਰਵਾਹ ਨਾ ਕਰਦਿਆਂ ਜ਼ਰੂਰਤਮੰਦਾਂ ਲਈ ਭੋਜਨ ਮੁਹੱਈਆ ਕਰਵਾਉਣ ਵਾਲੇ ਵੀ 'ਫਰੰਟਲਾਈਨ ਵਾਰੀਅਰਜ਼'-ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ
ਲੁਧਿਆਣਾ, 23 ਮਈ 2020: ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ੍ਰ. ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਕੀਤੇ ਗਏ ਉੱਦਮ ਦੇ ਸਦਕਾ ਸ਼ਹਿਰ ਲੁਧਿਆਣਾ ਵਿੱਚ ਜ਼ਰੂਰਤਮੰਦ ਲੋਕਾਂ ਲਈ ਲੰਗਰ ਦੀ ਸੇਵਾ ਕਰਨ ਵਾਲੇ ਸੇਵਾਦਾਰਾਂ ਦਾ ਵੀ 25 ਲੱਖ ਰੁਪਏ ਦਾ ਮੁਫ਼ਤ ਮੈਡੀਕਲ ਬੀਮਾ ਕੀਤਾ ਗਿਆ ਹੈ। ਇਸ ਸੰਬੰਧੀ ਬੀਮਾ ਪਾਲਸੀਆਂ ਦੀ ਵੰਡ ਅੱਜ ਚੇਅਰਮੈਨ ਬਿੰਦਰਾ ਵੱਲੋਂ ਸਥਾਨਕ ਮਾਡਲ ਟਾਊਨ ਐਕਸਟੈਨਸ਼ਨ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਬੀਮਾਧਾਰਕਾਂ ਨੂੰ ਕੀਤੀ ਗਈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰ. ਬਿੰਦਰਾ ਨੇ ਦੱਸਿਆ ਕਿ ਸੂਬੇ ਭਰ ਵਿੱਚ ਅੱਧ ਮਾਰਚ ਤੋਂ ਕੋਵਿਡ 19 ਕਾਰਨ ਸ਼ਹਿਰ ਵਾਸੀਆਂ ਦੀ ਰੋਜ਼ੀ ਰੋਟੀ ਮੁਹਾਲ ਹੋਈ ਪਈ ਸੀ। ਜਿਸ ਕਾਰਨ ਪੰਜਾਬ ਸਰਕਾਰ ਅਤੇ ਵੱਖ-ਵੱਖ ਗੈਰ ਸਰਕਾਰੀ ਸੰਸਥਾਵਾਂ ਦੇ ਉਪਰਾਲੇ ਨਾਲ ਲੋਕਾਂ ਨੂੰ ਤਿਆਰ ਭੋਜਨ, ਸੁੱਕਾ ਰਾਸ਼ਨ ਅਤੇ ਹੋਰ ਲੋੜੀਂਦੀ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸੇ ਕੜੀ ਤਹਿਤ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਤੋਂ ਰੋਜ਼ਾਨਾ 2500 ਲੋਕਾਂ ਦਾ ਲੰਗਰ ਤਿਆਰ ਹੋ ਕੇ ਅੱਜ ਵੀ ਜਾ ਰਿਹਾ ਹੈ। ਇਸ ਲੰਗਰ ਨੂੰ ਤਿਆਰ ਕਰਨ ਅਤੇ ਥਾਂ-ਥਾਂ 'ਤੇ ਵੰਡਣ ਦੀ ਸੇਵਾ ਕਰਨ ਵਾਲੇ ਸੇਵਾਦਾਰ ਵੀ ਆਪਣੀ ਜਾਨ ਨੂੰ ਜੋਖ਼ਮ ਵਿੱਚ ਪਾ ਕੇ ਇਹ ਸੇਵਾ ਨਿਭਾਅ ਰਹੇ ਹਨ, ਜੋ ਵੀ ਫਰੰਟਲਾਈਨ ਵਾਰੀਅਰਜ਼' ਹਨ।
ਉਨ੍ਹਾਂ ਕਿਹਾ ਕਿ ਇਸੇ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਯੂਥ ਵਿਕਾਸ ਬੋਰਡ ਵੱਲੋਂ ਵੱਖ-ਵੱਖ ਗੈਰ ਸਰਕਾਰੀ ਸੰਸਥਾਵਾਂ ਅਤੇ ਦਾਨੀਆਂ ਨਾਲ ਮਿਲਕੇ ਇਸ ਦਿਸ਼ਾ ਵਿੱਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸੇ ਨੂੰ ਅੱਗੇ ਤੋਰਦਿਆਂ ਲੰਗਰ ਤਿਆਰ ਕਰਨ ਵਾਲੇ ਸੇਵਾਦਾਰਾਂ ਦਾ ਇਹ ਮੈਡੀਕਲ ਬੀਮਾ ਕਰਵਾਇਆ ਗਿਆ ਹੈ, ਜੋ ਕਿ 25 ਲੱਖ ਰੁਪਏ ਰਾਸ਼ੀ ਦਾ ਹੈ। ਬੀਮਾ ਕੰਪਨੀ ਨੂੰ ਕਿਸ਼ਤਾਂ ਦੀ ਅਦਾਇਗੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਬੀਮਾ ਸੇਵਾ ਵਿੱਚ ਨੌਜਵਾਨ ਜਸਪ੍ਰੀਤ ਸਿੰਘ ਮਨੀ ਅਤੇ ਤਸ਼ਨੀਤ ਸਿੰਘ ਹੈਰੀ ਚੱਢਾ ਦਾ ਖਾਸ ਸਹਿਯੋਗ ਰਿਹਾ।
ਸ੍ਰ. ਬਿੰਦਰਾ ਨੇ ਦੱਸਿਆ ਕਿ ਬੋਰਡ ਵੱਲੋਂ ਵੱਖ-ਵੱਖ ਗੈਰ ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ ਪੂਰੇ ਸੂਬੇ ਵਿੱਚ ਹੁਣ ਤੱਕ 1000 ਪੀ. ਪੀ. ਈ. ਕਿੱਟਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਇਸ ਸਮੇਂ ਨਾਮੁਰਾਦ ਬਿਮਾਰੀ ਕੋਰੋਨਾ ਵਾਇਰਸ ਕਰਕੇ ਔਖੇ ਦੌਰ ਵਿੱਚੋਂ ਲੰਘ ਰਿਹਾ ਹੈ। ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਵਿੱਚ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਪੰਜਾਬ ਰਾਜ ਦੇ ਵਸਨੀਕਾਂ ਦੀ ਭਲਾਈ ਅਤੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਪੰਜਾਬ ਸਰਕਾਰ ਅਤੇ ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਹੋਰ ਕਾਰਪੋਰੇਟ ਘਰਾਣਿਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਮੁਸ਼ਕਿਲ ਦੀ ਇਸ ਘੜੀ ਵਿੱਚ ਸਰਕਾਰ ਦਾ ਸਾਥ ਦੇਣ।ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਅਤੇ ਹੋਰ ਨੌਜਵਾਨ ਆਗੂ ਵੀ ਹਾਜ਼ਰ ਸਨ।