ਚੱਲ ਰਹੇ ਯੁਵਾ ਕੇਂਦਰਿਤ ਉਪਰਾਲਿਆਂ ਦੀ ਕੀਤੀ ਸਮੀਖਿਆ
ਬੋਰਡ ਨੇ ਨੌਜਵਾਨਾਂ ਦੀਆਂ ਕੋਵਿਡ -19 ਨਾਲ ਸਬੰਧਤ ਪ੍ਰਸ਼ਨਾਂ ਲਈ ਵਿਸ਼ੇਸ਼ ਹੈਲਪਲਾਈਨ ਨੰਬਰ ਚਲਾਇਆ
ਐਸ ਏ ਐਸ ਨਗਰ, 13 ਜੂਨ 2020: "ਪੰਜਾਬ ਯੁਵਕ ਵਿਕਾਸ ਬੋਰਡ ਰਾਜ ਦੇ ਨੌਜਵਾਨਾਂ ਦੇ ਸਸ਼ਕਤੀਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਨਾਲ ਹੀ ਉਨ੍ਹਾਂ ਦੀ ਭਲਾਈ ਲਈ ਕੰਮ ਕਰ ਰਿਹਾ ਹੈ ਤਾਂ ਜੋ ਪੰਜਾਬ ਨੂੰ ਦੇਸ਼ ਵਿਚ ਮੋਹਰੀ ਰਾਜ ਬਣਾਉਣ ਲਈ ਉਨ੍ਹਾਂ ਦੀ ਪੂਰੀ ਸਮਰੱਥਾ ਦਾ ਇਸਤੇਮਾਲ ਕੀਤਾ ਜਾ ਸਕੇ।"
ਰਾਜ ਸਰਕਾਰ ਦੀਆਂ ਯੁਵਾ ਕੇਂਦਰਿਤ ਪਹਿਲਕਦਮੀਆਂ ਦੀ ਸਮੀਖਿਆ ਦੇ ਸਬੰਧ ਵਿੱਚ ਇਥੇ ਇੱਕ ਮੀਟਿੰਗ ਵਿੱਚ ਇਹ ਸਪੱਸ਼ਟ ਕਰਦੇ ਹੋਏ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਬੋਰਡ ਵੱਲੋਂ ਕੋਵਿਡ 19 ਦੇ ਹੈਲਪਲਾਈਨ ਨੰਬਰ 9577200003 ਨੂੰ ਕੋਰੋਨਾ ਵਾਇਰਸ ਨਾਲ ਸਬੰਧਤ ਪ੍ਰਸ਼ਨਾਂ ਨਾਲ ਨਜਿੱਠਣ ਲਈ ਕਾਰਜਸ਼ੀਲ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਬੋਰਡ ਨੌਜਵਾਨਾਂ ਨੂੰ ਮੌਜੂਦਾ ਕੋਰੋਨਾ ਵਾਇਰਸ ਮਹਾਂਮਾਰੀ ਵਿੱਚ ਮਨੁੱਖਤਾ ਪ੍ਰਤੀ ਪੂਰੀ ਲਗਨ ਅਤੇ ਸ਼ਰਧਾ ਨਾਲ ਸੇਵਾ ਨਿਭਾਉਣ ਲਈ ਤਿਆਰ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਯੂਥ ਕਲੱਬਾਂ, ਰੈਡ ਰਿਬਨ ਕਲੱਬਾਂ ਅਤੇ ਐਨਐਸਐਸ ਵਾਲੰਟੀਅਰਾਂ ਦੇ ਸਰਗਰਮ ਸਹਿਯੋਗ ਨਾਲ ਬੋਰਡ ਦਾ ਉਦੇਸ਼ ਰਾਜ ਦੇ ਹਰ ਕੋਨੇ-ਕੋਨੇ ਵਿੱਚ ਜਾਗਰੂਕਤਾ ਫੈਲਾਉਣਾ ਹੈ। ਉਨ੍ਹਾਂ ਕਿਹਾ ਕਿ ਮਿਸ਼ਨ ਤਹਿਤ ਮਹੀਨੇ ਭਰ ਚੱਲੀ ਮੁਹਿੰਮ ਦੌਰਾਨ, ‘ਬੋਰਡ ਦੇ ਯੋਧੇ’ ਮਾਸਕ ਪਹਿਨਣ, ਹੱਥ ਧੋਣ, ਸਮਾਜਕ ਦੂਰੀ ਬਣਾਏ ਰੱਖਣ ਅਤੇ ਬਜ਼ੁਰਗਾਂ ਦੀ ਦੇਖਭਾਲ ਬਾਰੇ ਲੋਕਾਂ ਨੂੰ ਜਾਗਰੂਕ ਕਰਨਗੇ।
ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਖੇਡਾਂ ਅਤੇ ਯੁਵਕ ਸੇਵਾਵਾਂ ਦੇ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ ਅਤੇ ਵਿਸ਼ੇਸ਼ ਸਕੱਤਰ ਕਮ ਡਾਇਰੈਕਟਰ ਖੇਡਾਂ ਸ੍ਰੀ ਸੰਜੇ ਪੋਪਲੀ ਵੀ ਸ਼ਾਮਲ ਸਨ।