ਲੋਕਾਂ ਦਾ ਕਰਫ਼ਿਊ ਦੌਰਾਨ ਘਰਾਂ ’ਚ ਰਹਿਣਾ ਉਨ੍ਹਾਂ ਦੇ ਆਪਣੇ ਹਿੱਤ ’ਚ
ਨਵਾਂਸ਼ਹਿਰ ’ਚ ਲੋੜਵੰਦ ਲੋਕਾਂ ਨੂੰ ਕੀਤੀ ਸਰਕਾਰ ਵੱਲੋਂ ਰਾਸ਼ਨ ਦੀ ਵੰਡ
ਨਵਾਂਸ਼ਹਿਰ, 05 ਅਪਰੈਲ 2020: ਵਿਧਾਇਕ ਅੰਗਦ ਸਿੰਘ ਨੇ ਅੱਜ ਇੱਥੇ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਕਰਫ਼ਿਊ ਦੌਰਾਨ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦੇਵੇਗੀ। ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਦੀ ਸਿਹਤ ਸੁਰੱਖਿਆ ਅਤੇ ਆਮ ਲੋੜਾਂ ਨੂੰ ਪੂਰਾ ਕਰਨ ਲਈ ਪੱਬਾਂ ਭਾਰ ਹੈ ਅਤੇ ਆਪਣਾ ਪੂਰਾ ਜ਼ੋਰ ਲਾ ਰਿਹਾ ਹੈ।
ਸਥਾਨਕ ਬਾਜ਼ੀਗਰ ਬਸਤੀ ਵਿਖੇ ਲੋੜਵੰਦ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਰਾਸ਼ਨ ਕਿੱਟਾਂ ਦੀ ਵੰਡ ਦੌਰਾਨ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਸਥਿਤੀ ’ਤੇ ਨੇੜਿਉਂ ਨਜ਼ਰ ਰੱਖ ਰਹੇ ਹਨ ਅਤੇ ਰੋਜ਼ਾਨਾ ਫ਼ੀਲਡ ’ਚ ਕੰਮ ਕਰ ਰਹੇ ਅਧਿਕਾਰੀਆਂ, ਕਰਮਚਾਰੀਆਂ ਅਤੇ ਸਮਾਜ ਸੇਵੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕਰ ਰਹੇ ਹਨ।
ਵਿਧਾਇਕ ਅੰਗਦ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਾਈਆਂ ਪਾਬੰਦੀਆਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਅਤੇ ਆਪਣੇ ਆਪ ਨੂੰ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਾਉਣ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਇੱਕ ਤੋਂ ਦੋ ਮੀਟਰ ਦੀ ਦੂਰੀ ਬਣਾਈ ਰੱਖਣ ਤਾਂ ਜੋ ਬਿਮਾਰੀ ਤੋਂ ਬਚਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੋਵਿਡ-19 ਤੋਂ ਬਚਾਅ ਲਈ ਵੱਡੇ ਪੱਧਰ ’ਤੇ ਫੈਸਲੇ ਲਏ ਜਾ ਰਹੇ ਹਨ, ਜਿਵੇਂ ਕਿ ਸਿਹਤ ਵਿਭਾਗ ’ਚ ਸੇਵਾਮੁਕਤੀ ਨੂੰ ਲੋਕ ਹਿੱਤ ’ਤਚ ਤਿੰਨ ਮਹੀਨੇ ਲਈ ਅੱਗੇ ਪਾ ਦਿੱਤਾ ਗਿਆ ਹੈ। ਜ਼ਰੂਰੀ ਵਸਤਾਂ ਦੀ ਘਰ ਤੱਕ ਸਪਲਾਈ ਲਈ ਸਰਕਾਰ ਵੱਲੋਂ ਮੋਬਾਇਲ ਅਧਾਰਿਤ ਐਪ ‘ਕੋਵਾ ਪੰਜਾਬ ਐਪ’ ਬਣਾਈ ਗਈ ਹੈ, ਜਿਸ ’ਤੇ ਨੇੜਲੇ ਦੁਕਾਨਦਾਰਾਂ ਦੀ ਸੂਚੀ ਤੇ ਫ਼ੋਨ ਉਪਲਬਧ ਹਨ। ਇਸੇ ਐਪ ’ਤੇ ਡਾਕਟਰਾਂ ਨਾਲ ਵੀ ਸੰਪਰਕ ਕਰਕੇ ਸਲਾਹ ਲਈ ਜਾ ਸਕਦੀ ਹੈ।
ਵਿਧਾਇਕ ਅਨੁਸਾਰ ਮੁੱਖ ਮੰਤਰੀ ਪੰਜਾਬ ਵੱਲੋਂ ਕੋਵਿਡ-19 ਦੌਰਾਨ ਰਾਜ ਦੇ ਜ਼ਿਲ੍ਹਿਆਂ ’ਚ ਕੀਤੇ ਜਾਣ ਵਾਲੇ ਹੰਗਾਮੀ ਪ੍ਰਬੰਧਾਂ ਨੂੰ ਮੁੱਖ ਰੱਖਦਿਆਂ 53.43 ਕਰੋੜ ਰੁਪਏ ਵੀ ਜਾਰੀ ਕੀਤੇ ਗਏ ਹਨ ਤਾਂ ਜੋ ਕੋਵਡ-19 ਤੋਂ ਬਚਾਅ ਅਤੇ ਕਰਫ਼ਿਊ ਰਾਹਤ ਲਈ ਤੁਰੰਤ ਲੋੜੀਂਦੇ ਪ੍ਰਬੰਧ ਕੀਤੇ ਜਾ ਸਕਣ।
ਇਸ ਮੌਕੇ ਸਾਬਕਾ ਪ੍ਰਧਾਨ ਲਲਿਤ ਮੋਹਨ ਪਾਠਕ, ਸਾਬਕਾ ਕੌਂਸਲਰਾਂ ’ਚ ਮਹਿੰਦਰ ਸਿੰਘ, ਕਮਲਜੀਤ ਲਾਲ, ਸਚਿਨ ਦੀਵਾਨ ਤੋਂ ਇਲਾਵਾ ਰਾਕੇਸ਼ ਕੁਮਾਰ ਵਿੱਕੀ ਵੀ ਮੌਜੂਦ ਸਨ।