ਹਰਿੰਦਰ ਨਿੱਕਾ
- ਡਾਇਰੈਕਟਰ ਖੇਤੀਬਾੜੀ ਵੱਲੋਂ ਬਰਨਾਲਾ ਜ਼ਿਲ੍ਹ੍ਹੇ ਦਾ ਦੌਰਾ
- ਖੇਤੀ ਅਧਿਕਾਰੀਆਂ ਨੂੰ ਕਿਸਾਨਾਂ ਨੂੰ ਨਰਮੇ/ਮੱਕੀ ਦੀ ਕਾਸ਼ਤ ਲਈ ਪ੍ਰੇਰਨ ਲਈ ਆਖਿਆ
ਬਰਨਾਲਾ, 1 ਮਈ 2020 - ਖੇਤੀਬਾੜੀ ਅਤੇ ਕਿਸਾਨ ਭਲਾਈ ਪੰਜਾਬ ਵੱਲੋਂ ਕਿਸਾਨਾਂ ਨੂੰ ਫਸਲੀ ਚੱਕਰ ਵਿੱਚੋਂ ਕੱਢਣ ਅਤੇ ਫਸਲੀ ਵਿਭਿੰਨਤਾ ਵੱਲ ਮੋੜਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਡਾਇਰੈਕਟਰ ਖੇਤੀਬਾੜੀ ਪੰਜਾਬ ਡਾ. ਸੁਤੰਤਰ ਕੁਮਾਰ ਐਰੀ ਵੱਲੋਂ ਬਰਨਾਲਾ ਜ਼ਿਲ੍ਹੇ ਦੇ ਦੌਰੇ ਦੌਰਾਨ ਕੀਤਾ ਗਿਆ।
ਉਨ੍ਹਾਂ ਆਖਿਆ ਕਿ ਧਰਤੀ ਹੇਠਲੇ ਪਾਣੀ ਪੱਧਰ ਤੇਜ਼ੀ ਨਾਲ ਡਿੱਗਦਾ ਜਾ ਰਿਹਾ ਹੈ, ਇਸ ਲਈ ਖੇਤੀਬਾੜੀ ਅÎਧਿਕਾਰੀ ਕਿਸਾਨਾਂ ਵਿੱਚ ਵੱਧ ਤੋਂ ਵੱਧ ਵਿਚਰ ਕੇ ਉੁਨ੍ਹਾਂ ਨੂੰ ਫਸਲੀ ਵਿਭਿੰਨਤਾ ਅਪਣਾਉਣ ਲਈ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਨਰਮੇ ਦੀ ਬਿਜਾਈ ਲਈ ਇਹ ਢੁਕਵਾਂ ਸਮਾਂ ਚੱਲ ਰਿਹਾ ਹੈ ਅਤੇ ਪਿਛਲੇ 3-4 ਸਾਲ ਤੋਂ ਨਰਮੇ ਦੀ ਫਸਲ ਦਾ ਬਹੁਤ ਚੰਗਾ ਝਾੜ ਮਿਲ ਰਿਹਾ ਹੈ।ਉਨ੍ਹਾਂ ਕਿਹਾ ਕਿ ਨਰਮੇ/ਮੱਕੀ ਦੀ ਫਸਲ ਉੱਤੇ ਝੋਨੇ ਦੀ ਕਾਸ਼ਤ ਦੇ ਮੁਕਾਬਲੇ ਖਰਚੇ ਘੱਟ ਆਊਂਦੇ ਹਨ।ਇਸ ਲਈ ਕਿਸਾਨਾਂ ਨਰਮੇ ਜਾਂ ਮੱਕੀ ਦੀ ਕਾਸ਼ਤ ਵੱਲ ਰੁਖ ਕਰਨ।
ਉਨ੍ਹਾਂ ਕਿਹਾ ਕਿ ਮੱਕੀ ਲਈ 15 ਮਈ ਤੋਂ 15 ਜੂਨ ਤੱਕ ਮੌਸਮ ਅਨੁਕੂਲ ਹੁੰਦਾ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਵਿੱਚ ਮੱਕੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ 23,500 ਰੁਪਏ ਪ੍ਰਤੀ ਹੈਕਟੇਅਰ ਵੀ ਦਿੱਤੇ ਜਾਣੇ ਹਨ, ਜਿਸ ਲਈ ਕਿਸਾਨਾਂ ਨਾਲ ਰਾਬਤਾ ਕਾਇਮ ਕਰਕੇ ਝੋਨੇ ਦੀ ਥਾਂ ਮੱਕੀ ਲਗਾਉਣ ਵਾਲੇ ਕਿਸਾਨਾਂ ਦੀਆਂ ਸੂਚੀਆਂ ਤਿਆਰ ਕੀਤੀਆਂ ਜਾਣ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਬਲਦੇਵ ਸਿੰਘ ਨੇ ਦੱਸਿਆ ਕਿ ਬਰਨਾਲਾ ਜ਼ਿਲੇ ਦੇ ਬਹੁਤ ਕਿਸਾਨ ਨਰਮਾ/ ਮੱਕੀ ਬੀਜਣ ਲਈ ਤਿਆਰ ਹੋ ਰਹੇ ਹਨ, ਇਸ ਸਮੇਂ 30 ਹੈਕਟੇਅਰ ਤੋਂ ਵੱਧ ਨਰਮੇ ਦੀ ਬਿਜਾਈ ਹੋ ਚੁੱਕੀ ਹੈ ਤੇ ਬਰਨਾਲੇ ਵਿੱਚ ਨਰਮੇ ਹੇਠ ਰਕਬਾ ਵਧਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
ਇਸ ਮੌਕੇ ਜ਼ਿਲ੍ਹਾ ਸਿਖਲਾਈ ਅਫਸਰ ਬਰਨਾਲਾ ਡਾ. ਚਰਨਜੀਤ ਸਿੰਘ ਕੈਂਥ, ਡਾ. ਦਿਲਬਾਗ ਸਿੰਘ ਏ ਓ, ਡਾ. ਸਰਬਜੀਤ ਸਿੰਘ, ਡਾ. ਗੁਰਚਰਨ ਸਿੰਘ, ਡਾ. ਗੁਰਬਿੰਦਰ ਸਿੰਘ ਤੇ ਬੇਅੰਤ ਸਿੰਘ ਹਾਜ਼ਰ ਸਨ।