ਸਿਹਤ ਮੰਤਰੀ ਨੇ ਸਕ੍ਰੀਨਿੰਗ ਸ਼ੁਰੂ ਕਰਨ ਲਈ 500 ਰੈਪਿਡ ਟੈਸਟਿੰਗ ਕਿੱਟਾਂ ਸੌਂਪੀਆਂ
ਡੇਰਾਬਸੀ (ਐਸ.ਏ.ਐਸ. ਨਗਰ), 14 ਅਪ੍ਰੈਲ 2020: ਕੋਵੀਡ -19 ਵਿਰੁੱਧ ਆਪਣੀ ਲੜਾਈ ਨੂੰ ਅਗਲੇ ਪੜਾਅ 'ਤੇ ਲਿਜਾਂਦਿਆਂ, ਪੰਜਾਬ ਸਰਕਾਰ ਵੱਲੋਂ ਮੰਗਲਵਾਰ ਨੂੰ ਡੇਰਾ ਬੱਸੀ, ਮੁਹਾਲੀ ਤੋਂ ਰੈਪਿਡ ਟੈਸਟਿੰਗ ਸਹੂਲਤ ਦੀ ਸ਼ੁਰੂਆਤ ਕੀਤੀ ਗਈ। ਇਸ ਸਹੂਲਤ ਦੀ ਸ਼ੁਰੂਆਤ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਸਕ੍ਰੀਨਿੰਗ ਲਈ ਸਿਵਲ ਸਰਜਨ ਨੂੰ 500 ਰੈਪਿਡ ਟੈਸਟਿੰਗ ਕਿੱਟਾਂ ਨੂੰ ਸੌਂਪਦਿਆਂ ਕੀਤੀ।
ਸਿਹਤ ਮੰਤਰੀ ਨੇ ਦੱਸਿਆ ਕਿ ਇੰਨੀਆਂ ਹੀ ਕਿੱਟਾਂ ਜਲੰਧਰ ਜ਼ਿਲ੍ਹੇ ਨੂੰ ਦਿੱਤੀਆਂ ਗਈਆਂ ਹਨ। ਉਹਨਾਂ ਇਹ ਵੀ ਕਿਹਾ ਕਿ ਆਈਸੀਐਮਆਰ ਵੱਲੋਂ ਹੋਰ ਕਿੱਟਾਂ ਪ੍ਰਾਪਤ ਕਰਨ ਨਾਲ ਸੂਬੇ ਦੇ ਸਾਰੇ 17 ਹੌਟਸਪੌਟਸ ਨੂੰ ਪੜਾਅਵਾਰ ਢੰਗ ਨਾਲ ਕਵਰ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਨ੍ਹਾਂ ਕਿੱਟਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਨ੍ਹਾਂ ਦੀ ਵਰਤੋਂ ਮੌਕੇ ‘ਤੇ ਹੀ ਸ਼ੱਕੀ ਮਾਮਲਿਆਂ ਦੀ ਜਲਦ/ ਤੇਜ਼ ਜਾਂਚ ਲਈ ਕੀਤੀ ਜਾ ਸਕਦੀ ਹੈ। ਇਸ ਨਾਲ ਟੈਸਟ ਸਿਰਫ਼ ਖੂਨ ਦੇ ਨਮੂਨੇ ਲੈ ਕੇ ਕੀਤਾ ਜਾਂਦਾ ਹੈ ਅਤੇ ਨਤੀਜਾ 15 ਮਿੰਟਾਂ ਵਿਚ ਉਪਲਬਧ ਹੁੰਦਾ ਹੈ। ਇਹ ਟੈਸਟ ਸ਼ੁਰੂ ਵਿਚ ਸਰਕਾਰੀ ਸਿਹਤ ਸੰਸਥਾਨਾਂ ਦੇ ਫਲੂ ਕਾਰਨਰਾਂ ਵਿਚ ਆਉਣ ਵਾਲੇ ਸਾਰੇ ਮਰੀਜ਼ਾਂ ਲਈ ਕੀਤਾ ਜਾਏਗਾ, ਜਿਨ੍ਹਾਂ ਵਿਚ ਲੱਛਣ ਸੱਤ ਦਿਨਾਂ ਤੋਂ ਜ਼ਿਆਦਾ ਪਾਏ ਜਾਂਦੇ ਹਨ। ਇਸ ਤੋਂ ਬਾਅਦ, ਪਾਜੇਟਿਵ ਪਾਏ ਗਏ ਨਮੂਨਿਆਂ ਨੂੰ ਹੋਰ ਜਾਂਚ ਲਈ ਭੇਜਿਆ ਜਾਵੇਗਾ। ਇਹ ਵਿਲੱਖਣ ਪਹਿਲਕਦਮੀ ਸੰਭਾਵਿਤ ਮਾਮਲਿਆਂ ਦੇ ਅਸਲ ਸਮੇਂ ਦੇ ਮੁਲਾਂਕਣ ਵਿਚ ਵੱਡੀ ਸਹਾਇਤਾ ਕਰੇਗੀ ਅਤੇ ਸਮੇਂ ਦੀ ਬਚਤ ਵੀ ਕਰੇਗੀ।
ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਆਈਸੀਐਮਆਰ ਤੋਂ ਅਜਿਹੀਆਂ 10 ਲੱਖ ਰੈਪਿਡ ਟੈਸਟਿੰਗ ਕਿੱਟਾਂ ਦਾ ਆਰਡਰ ਦਿੱਤਾ ਹੈ ਅਤੇ ਓਪਨ ਮਾਰਕੀਟ ਵਿਚੋਂ ਹੋਰ 10000 ਦਾ ਪਤਾ ਲਗਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮਹਾਂਮਾਰੀ ਦੇ ਫੈਲਣ ਨੂੰ ਨਿਯੰਤਰਣ ਕਰਨ ਲਈ ਟੈਸਟ ਮਹੱਤਵਪੂਰਨ ਹਨ ਅਤੇ ਸਰਕਾਰ ਅਗਲੇ ਕੁਝ ਦਿਨਾਂ ਵਿੱਚ ਆਪਣੀਆਂ ਜਾਂਚ ਸਹੂਲਤਾਂ, ਜਿਸ ਵਿਚ ਰੈਪਿਡ ਟੈਸਟਿੰਗ ਵੀ ਸ਼ਾਮਲ ਹੈ, ਵਿਚ ਤੇਜੀ ਲਿਆਉਣ ਦੀ ਯੋਜਨਾ ਬਣਾ ਰਹੀ ਹੈ।
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ 3 ਮਈ ਤੱਕ ਦੇਸ਼ ਭਰ ਵਿਚ ਤਾਲਾਬੰਦੀ ਵਧਾਉਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਤਾਲਾਬੰਦੀ ਨੂੰ ਵਧਾਉਂਦਿਆਂ ਪੰਜਾਬ ਸਰਕਾਰ ਦੇ ਫੈਸਲੇ ‘ਤੇ ਮਨਜ਼ੂਰੀ ਦੀ ਮੋਹਰ ਲਗਾਈ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਨਿਯੰਤਰਨ ਯੋਜਨਾ ਵਿੱਚ ਹੋਰ ਨਵੀਨਤਮ ਖੋਜਾਂ ਨਾਲ ਕੋਰੋਨਾ ਵਾਇਰਸ ਵਿਰੁੱਧ ਲੜਾਈ ਨੂੰ ਮਜ਼ਬੂਤੀ ਦੇਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਨੂੰ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ‘ਤੇ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਘਰਾਂ ਦੇ ਅੰਦਰ ਹੀ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਲੋਕਾਂ ਨੂੰ ਮਾਸਕ ਪਹਿਨਣ ਅਤੇ ਅਫਵਾਹਾਂ ਵੱਲ ਧਿਆਨ ਨਾ ਦੇਣ ਤੋਂ ਇਲਾਵਾ ਸਾਰੀਆਂ ਲੋੜੀਂਦੀਆਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ।