ਮਹੱਤਵਪੂਰਨ ਸਪਲਾਈ ਲਈ ਸਥਾਨਕ ਉਤਾਪਦਕਾਂ ਕੀਤਾ ਜਾਵੇ ਸ਼ਾਮਲ, ਪ੍ਰਵਾਨਗੀ ਪਿੱਛੋਂ ਜੇਸੀਟੀ ਤੋਂ 10 ਲੱਖ ਹੈਜ਼ਮਟ ਆਰਮਰ ਸੂਟਾਂ ਦਾ ਆਰਡਰ ਕੀਤਾ ਬੁੱਕ
ਦੇਸ਼ ਵਿੱਚ ਬਣੇ ਪੀਪੀਈ ਅਤੇ ਐਨ-95 ਮਾਸਕਾਂ ਦੇ ਸੈਂਪਲ ਫੌਰੀ ਟੈਸਟਿੰਗ ਲਈ ਭੇਜੇ: ਵਿਨੀ ਮਹਾਜਨ
ਚੰਡੀਗੜ੍ਹ, 29 ਮਾਰਚ 2020: ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ, ਕੋਵਿਡ -19 ਨਾਲ ਸਬੰਧਿਤ ਕਿਸੇ ਵੀ ਅਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਜਾਨ ਬਚਾਉਣ ਵਾਲੇ ਉਪਕਰਣਾਂ ਜਿਵੇਂ ਮਾਸਕ, ਦਸਤਾਨੇ, ਵੈਂਟੀਲੇਟਰਾਂ, ਪੀਪੀਈ ਕਿੱਟਾਂ ਆਦਿ ਦਾ ਭੰਡਾਰ ਜੁਟਾਉਣ ਲਈ ਜੰਗੀ ਪੱਧਰੀ 'ਤੇ ਜੁਟੀ ਹੋਈ ਹੈ। ਇਨ੍ਹਾਂ ਵਸਤਾਂ ਦਾ ਵੱਡੀ ਮਾਤਰਾ ਵਿੱਚ ਭੰਡਾਰ ਪਹਿਲਾਂ ਹੀ ਸਰਕਾਰ ਕੋਲ ਮੌਜੂਦ ਹੈ ਅਤੇ ਅਗਲੇ ਕੁਝ ਦਿਨਾਂ ਵਿੱਚ ਹੋਰ ਬਹੁਤ ਸਾਰੇ ਅਜਿਹੇ ਉਪਕਰਣ ਉਪਲਬਧ ਹੋਣ ਦੀ ਉਮੀਦ ਹੈ।
ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਮੁਤਾਬਕ 31 ਮਾਰਚ ਤਕ ਰਾਜ ਵਿੱਚ 25000 ਐਨ 95 ਮਾਸਕ ਮੌਜੂਦ ਹੋਣਗੇ, ਜਦੋਂ ਕਿ 52500 ਮਾਸਕ ਅਤੇ ਇਕ ਲੱਖ ਨਾਈਟਰੀਅਲ ਦਸਤਾਨੇ ਪਹਿਲਾਂ ਹੀ ਉਪਲਬਧ ਹਨ। ਉਨ੍ਹਾਂ ਦੱਸਿਆ ਕਿ 26,32,000 ਟ੍ਰਿਪਲ ਲੇਅਰ ਮਾਸਕ ਤਿਆਰ ਕਰਨ ਦਾ ਕੰਮ ਆਖਰੀ ਗੇੜ ਵਿੱਚ ਹੈ, ਜਦੋਂ ਕਿ ਪਹਿਲੀ ਅਪਰੈਲ ਤੱਕ 12,000 ਹੋਰ ਅਜਿਹੇ ਮਾਸਕ ਖਰੀਦ ਕੇ ਭੰਡਾਰ ਵਿੱਚ ਸ਼ਾਮਲ ਕਰ ਲਏ ਜਾਣਗੇ।
ਸ੍ਰੀਮਤੀ ਮਹਾਜਨ ਨੇ ਕਿਹਾ ਕਿ ਜਿੱਥੋਂ ਤੱਕ ਇਸ ਸਥਿਤੀ ਵਿੱਚ ਬੇਹੱਦ ਲੋੜੀਂਦੀਆਂ 'ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ' (ਪੀਪੀਈ) ਕਿੱਟਾਂ ਦੀ ਗੱਲ ਹੈ, ਸਰਕਾਰ ਨੇ ਕੁੱਲ 1 ਲੱਖ ਕਿੱਟਾਂ ਤਿਆਰ ਕਰਵਾਉਣ ਦੇ ਹੁਕਮ ਦਿੱਤੇ ਸਨ, ਜਿਨ੍ਹਾਂ ਵਿੱਚੋਂ 7640 ਪਹਿਲਾਂ ਹੀ ਪ੍ਰਾਪਤ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਬਾਕੀ ਰਹਿੰਦੀਆਂ ਕਿੱਟਾਂ ਵੀ ਜਲਦੀ ਤੋਂ ਜਲਦੀ ਲੈਣ ਲਈ ਯਤਨ ਕੀਤੇ ਜਾ ਰਹੇ ਹਨ। ਸਰਕਾਰ ਕੋਲ ਹੋਰ ਮਹੱਤਵਪੂਰਨ ਵਸਤਾਂ ਦਾ ਵੀ ਭੂਰਾ ਭੰਡਾਰ ਹੈ, ਜਿਨ੍ਹਾਂ ਵਿੱਚ 10425 ਹੈਂਡ ਸੈਨੇਟਾਈਜ਼ਰ ਅਤੇ 17000 ਵੀਟੀਐਮ ਕਿੱਟਾਂ ਉਪਲਬਧ ਹਨ ਅਤੇ 2000 ਸੈਨੇਟਾਈਜ਼ਰ ਅਤੇ 10000 ਵੀਟੀਐਮ ਕਿੱਟਾਂ ਆ ਰਹੀਆਂ ਹਨ, ਜੋ ਪਹਿਲੀ ਅਪਰੈਲ ਤੱਕ ਪੁੱਜਣ ਦੀ ਸੰਭਾਵਨਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰ ਅਤਿ ਲੋੜੀਂਦੇ ਵੈਂਟੀਲੇਟਰ ਖ਼ਰੀਦ ਰਹੀ ਹੈ ਤਾਂ ਜੋ ਗੰਭੀਰ ਮਰੀਜ਼ਾਂ ਨੂੰ ਰਾਹਤ ਦਿੱਤੀ ਜਾ ਸਕੇ।
ਸਰਕਾਰ ਦੁਆਰਾ ਕੋਰੋਨਵਾਇਰਸ ਸੰਕਟ ਦਾ ਮੁਕਾਬਲਾ ਕਰਨ ਲਈ ਖਰੀਦੀ ਜਾ ਰਹੀ ਹੋਰ ਸਮੱਗਰੀ ਵਿੱਚ ਆਟੋਮੇਟਿਡ ਮਿਡ-ਹਾਈ ਨਿਊਕਲਿਕ ਐਸਿਡ ਪਿਓਰੀਫਿਕੇਸ਼ਨ ਮਸ਼ੀਨਾਂ, ਵੱਡੀ ਮਾਤਰਾ ਵਿੱਚ ਐਜੀਥਰੋਮਾਈਸਿਨ ਅਤੇ ਹਾਈਡ੍ਰੋਕਸੀਕਲੋਰੋਕੁਇਨ ਗੋਲੀਆਂ ਦੇ ਨਾਲ-ਨਾਲ ਲੈਰੀਨਗੋਸਕੋਪਸ-ਪੈਡਆਟਰਿਕ ਅਤੇ ਅਡਲਟ, ਐਂਬੂ ਬੈਗ- ਪੈਡਆਟਰਿਕ ਅਤੇ ਅਡਲਟ, ਪੋਰਟੇਬਲ ਐਕਸਰੇ ਮਸ਼ੀਨਾਂ ਅਤੇ ਏਬੀਜੀ ਐਲਟਰੋਲਾਈਟ ਐਨੇਲਾਈਜਰਜ਼ ਸ਼ਾਮਲ ਹਨ। ਵਧੀਕ ਮੁੱਖ ਸਕੱਤਰ ਅਨੁਸਾਰ ਇਸ ਤੋਂ ਇਲਾਵਾ ਯੂਰਿਨ ਐਨੇਲਾਈਜਰਜ਼ ਅਤੇ ਪੂਰੀ ਸਵੈਚਾਲਤ ਬਾਇਓਕੈਮਿਸਟਰੀ ਅਨਾਲਾਈਜ਼ਰ ਪਹਿਲਾਂ ਹੀ ਰਾਜ ਕੋਲ ਉਪਲਬਧ ਹਨ।
ਪਹਿਲਾਂ ਤੋਂ ਵਰਤੋਂ ਵਿੱਚ ਲਿਆਂਦੇ ਜਾ ਸਕਦੇ ਉਪਕਰਣਾਂ ਬਾਰੇ ਗੱਲ ਕਰਦਿਆਂ ਵਿਨੀ ਮਹਾਜਨ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਕੋਲ 1,06,000 ਟੀ.ਐਲ.ਐਮਜ਼, 45,000 ਅਜੀਥਰੋਮਾਈਸਿਨ ਗੋਲੀਆਂ ਤੋਂ ਇਲਾਵਾ 30,000 ਦਸਤਾਨੇ, 4510 ਐਨ 95 ਮਾਸਕ ਅਤੇ 1200 ਪੀਪੀਈ ਅਤੇ ਵੀਟੀਐਮ ਕਿੱਟਾਂ ਉਪਲਬਧ ਹਨ।
ਇਸੇ ਤਰ੍ਹਾਂ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਕੋਲ 1,21,500 ਟੀ.ਐਲ.ਐਮਜ਼, 30,000 ਦਸਤਾਨੇ, 3100 ਐਨ-95 ਮਾਸਕ ਅਤੇ 800 ਸੈਨੇਟਾਈਜ਼ਰ ਮੌਜੂਦ ਹਨ। ਸਰਕਾਰੀ ਮੈਡੀਕਲ ਕਾਲਜ ਫ਼ਰੀਦਕੋਟ ਨੂੰ 1,00,000 ਟੀਐਲਐਮਜ਼, 30,000 ਦਸਤਾਨਿਆਂ ਤੋਂ ਇਲਾਵਾ 1800 ਐਨ-95 ਮਾਸਕ, 1200 ਵੀਟੀਐਮ ਅਤੇ 800 ਸੈਨੇਟਾਈਜ਼ਰ ਮਿਲੇ ਹਨ।
ਇਸ ਤੋਂ ਇਲਾਵਾ, ਏਆਰਵੀ ਦੀਆਂ 8000 ਗੋਲੀਆਂ (ਰੀਟਨੋਵਿਰ ਅਤੇ ਲਿਪੋਨੋਵਿਰ)ਵੀ ਇਨ੍ਹਾਂ ਤਿੰਨੇ ਮੈਡੀਕਲ ਇਕਾਈਆਂ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ। ਸ੍ਰੀਮਤੀ ਮਹਾਜਨ ਅਨੁਸਾਰ 36,000 ਟੀਐਲਐਮ ਅਤੇ 5000 ਐਜੀਥਰੋਮਾਈਸਿਨ ਗੋਲੀਆਂ ਤੋਂ ਇਲਾਵਾ ਐਮਐਸ ਗਿਆਨ ਸਾਗਰ ਹਸਪਤਾਲ ਨੂੰ 280 ਐਨ 95 ਮਾਸਕ ਅਤੇ 210 ਵੀਟੀਐਮ ਕਿੱਟਾਂ ਪ੍ਰਦਾਨ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਬਾਹਰੀ ਵਿਕਰੇਤਾਵਾਂ 'ਤੇ ਨਿਰਭਰਤਾ ਘਟਾਉਣ ਲਈ ਸਰਕਾਰ ਨੇ ਸਥਾਨਕ ਨਿਰਮਾਤਾਵਾਂ ਦੀ ਹਮਾਇਤ ਕੀਤੀ ਅਤੇ ਉਨ੍ਹਾਂ ਦੁਆਰਾ ਤਿਆਰ ਕੀਤੇ ਨਮੂਨੇ ਇਸ ਸਮੇਂ ਜਾਂਚ ਦੇ ਪੜਾਅ ਵਿਚ ਹਨ। ਮਹਾਜਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੇਸੀਟੀ ਮਿੱਲ ਤੋਂ 10 ਲੱਖ ਦੇਸੀ ਹੈਜ਼ਮਤ ਆਰਮਰ ਸੂਟ ਮੰਗਵਾਏ ਹਨ। ਲਾਕਡਾਉਨ ਕਰਕੇ ਪੰਜਾਬ ਪੁਲਿਸ ਰਾਹੀਂ ਸੈਂਪਲ ਲੈ ਕੇ ਦਿੱਲੀ ਭੇਜੇ ਗਏ ਜਿੱਥੋਂ ਉਨ੍ਹਾਂ ਨੂੰ ਵਿਸ਼ੇਸ਼ ਉਡਾਣ ਰਾਹੀਂ ਕੋਇੰਬਟੂਰ ਦੀ ਕੇਂਦਰੀ ਜਾਂਚ ਪ੍ਰਯੋਗਸ਼ਾਲਾ ਲਿਜਾਇਆ ਗਿਆ।
ਸ੍ਰੀਮਤੀ ਮਹਾਜਨ ਨੇ ਦੱਸਿਆ ਕਿ ਪੀਪੀਈ ਅਤੇ ਐਨ 95 ਮਾਸਕ ਦੇ ਨਮੂਨੇ ਤਿਆਰ ਕੀਤੇ ਗਏ ਹਨ ਅਤੇ ਪੰਜਾਬ ਦੀਆਂ ਛੇ ਹੋਰ ਯੂਨਿਟਾਂ ਤੇ ਬਣਾਏ ਗਏ ਹਨ ਅਤੇ ਟੈਸਟ ਲਈ ਕ੍ਰਮਵਾਰ ਕੋਇੰਬਟੂਰ ਅਤੇ ਗਵਾਲੀਅਰ ਲਈ ਭੇਜੇ ਗਏ ਹਨ। ਜਦੋਂਕਿ ਦੋ ਸਥਾਨਕ ਉੱਦਮੀਆਂ ਵੱਲੋਂ ਵੈਂਟੀਲੇਟਰ ਬਣਾਉਣ ਦੀ ਤਜਵੀਜ਼ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਸੂਬਾ ਲਗਾਤਾਰ ਸਿਹਤ ਮੰਤਰਾਲੇ ਅਤੇ ਹੋਰ ਕੇਂਦਰੀ ਮੰਤਰਾਲਿਆਂ ਨਾਲ ਵਿਚਾਰ-ਵਟਾਂਦਰਾ ਕਰ ਰਿਹਾ ਹੈ ਤਾਂ ਜੋ ਮੇਡ ਇਨ ਪੰਜਾਬ ਵੈਂਟੀਲੇਟਰ ਬਣਾਉਣ ਲਈ ਉਦਮੀਆਂ ਅਤੇ ਫਾਸਟ ਟਰੈਕ ਨੂੰ ਮਨਜ਼ੂਰੀ ਮਿਲ ਸਕੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਸਬੰਧੀ ਤੁਰੰਤ ਆਦੇਸ਼ਾਂ ਨੂੰ ਯਕੀਨੀ ਬਣਾਏਗੀ।
ਸ੍ਰੀਮਤੀ ਮਹਾਜਨ ਨੇ ਕਿਹਾ ਕਿ ਉਦਯੋਗ ਵਿਭਾਗ ਪੈਕਿੰਗ ਸਮੱਗਰੀ ਅਤੇ ਢੋਆ-ਢੁਆਈ ਦੇ ਨਾਲ-ਨਾਲ ਉਦਯੋਗਾਂ ਦੀ ਸੈਨੇਟਾਈਜ਼ਰ, ਮਾਸਕ, ਖਾਧ ਪਦਾਰਥਾਂ, ਫਾਰਮਾਸਿਊਟੀਕਲ ਆਦਿ ਜ਼ਰੂਰੀ ਚੀਜ਼ਾਂ ਦੇ ਨਿਰਮਾਣ ਵਿੱਚ ਪੂਰੀ ਤਰ੍ਹਾਂ ਸਹਾਇਤਾ ਕਰਦਾ ਹੈ।
ਏ.ਸੀ.ਐਸ. ਨੇ ਕਿਹਾ ਕਿ ਬਰਾਡਬੈਂਡ, ਆਈ ਐਸ ਪੀ ਆਦਿ ਸਮੇਤ ਸੰਚਾਰ ਪ੍ਰਣਾਲੀਆਂ ਨੂੰ ਵੀ ਲੋੜੀਂਦੀ ਸਹਾਇਤਾ ਦਿੱਤੀ ਜਾ ਰਹੀ ਹੈ। ਸ੍ਰੀਮਤੀ ਮਹਾਜਨ ਨੇ ਸੂਬੇ ਦੇ ਲੋਕਾਂ ਨੂੰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਿਆਰੀ ਦਾ ਭਰੋਸਾ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਕੀਤੇ ਨਿਰਦੇਸ਼ਾਂ ਅਨੁਸਾਰ ਸੂਬਾ ਸੰਕ੍ਰਮਣ ਦੀ ਰੋਕਥਾਮ ਅਤੇ ਇਲਾਜ 'ਤੇ ਜ਼ੋਰ ਦੇ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਸੰਜਮ ਵਰਤਣ ਅਤੇ ਸਮਾਜਿਕ ਦੂਰੀਆਂ ਵਾਲੇ ਪ੍ਰੋਟੋਕਾਲਾਂ ਨੂੰ ਬਣਾਈ ਰੱਖਣ ਦੀ ਅਪੀਲ ਕੀਤੀ।