ਚੰਡੀਗੜ੍ਹ, 30 ਮਾਰਚ 2020: ਤਾਲਾਬੰਦੀ ਦੌਰਾਨ ਮੈਡੀਕਲ ਅਤੇ ਪਰੇਸ਼ਾਨੀ ਨਾਲ ਜੁੜੇ ਹੋਰ ਮੁੱਦਿਆਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਲਈ, ਪੰਜਾਬ ਸਰਕਾਰ ਵੱਲੋਂ ਸੋਮਵਾਰ ਨੂੰ ਨਾਗਰਿਕਾਂ ਲਈ ਇੱਕ ਸਪੈਸ਼ਲ ਹੈਲਪਲਾਈਨ ਨੰਬਰ 18001804104 ਸ਼ੁਰੂ ਕੀਤਾ ਗਿਆ ਹੈ ਜਿਸ ਨਾਲ ਲੋਕ ਟੈਲੀ-ਕਾਨਫਰੰਸ 'ਤੇ ਸੀਨੀਅਰ ਡਾਕਟਰਾਂ ਦੇ ਨੈਟਵਰਕ ਨਾਲ ਜੁੜ ਕੇ ਕੋਵਿਡ -19 ਅਤੇ ਇਸ ਨਾਲ ਸਬੰਧਤ ਹੋਰ ਪਰੇਸ਼ਾਨੀਆਂ ਲਈ ਮੈਡੀਕਲ ਸਲਾਹ ਲੈ ਸਕਦੇ ਹਨ।
ਇਸ ਮੰਤਵ ਲਈ ਆਈ.ਐਮ.ਸੀ. ਦੁਆਰਾ 1800 ਤੋਂ ਵੱਧ ਸੀਨੀਅਰ ਡਾਕਟਰਾਂ ਨੂੰ ਸੂਚੀਬੱਧ ਕੀਤਾ ਗਿਆ ਹੈ, ਜਿਨ੍ਹਾਂ ਨੂੰ ਪਲੇਟਫਾਰਮ, ਇਸਦੇ ਪ੍ਰੋਟੋਕੋਲ ਅਤੇ ਕਾਰਜਕੁਸ਼ਲਤਾਵਾਂ ਬਾਰੇ ਨਿਯਮਤ ਤੌਰ 'ਤੇ ਸਿਖਲਾਈ ਦਿੱਤੀ ਗਈ ਹੈ। ਇਹ ਜਾਣਕਾਰੀ ਪ੍ਰਸ਼ਾਸਨਿਕ ਸੁਧਾਰਾਂ ਅਤੇ ਜਨਤਕ ਸ਼ਿਕਾਇਤਾਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਦਿੱਤੀ।
ਹੈਲਪਲਾਈਨ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਵਿਨੀ ਮਹਾਜਨ ਨੇ ਕਿਹਾ ਕਿ ਐਮਰਜੈਂਸੀ ਡਾਕਟਰੀ ਸਹਾਇਤਾ ਲਈ ਮਾਮਲਿਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਪਹਿਲ ਦੇਣ ਲਈ ਇਕ ਇੰਟੈਲੀਜੈਂਟ ਕੋਰੋਨਾਵਾਇਰਸ ਟ੍ਰਾਈਜਿੰਗ ਸਿਸਟਮ ਵਿਕਸਤ ਕੀਤਾ ਗਿਆ ਹੈ। ਇਹ ਪ੍ਰਣਾਲੀ ਆਈਸੋਲੇਸ਼ਨ, ਘਰੇਲੂ ਕੁਆਰੰਟੀਨ ਅਤੇ ਉਹ ਲੋਕ ਜਿਨ੍ਹਾਂ ਨੂੰ ਡਾਕਟਰੀ ਦੇਖਭਾਲ ਦੀ ਲੋੜ ਹੈ, ਲਈ ਮਾਮਲਿਆਂ ਦੀ ਪਛਾਣ ਕਰਨ ਵਿਚ ਸਹਾਇਤਾ ਕਰੇਗੀ। ਉਨ੍ਹਾਂ ਕਿਹਾ ਕਿ ਅੱਗੇ ਦੀ ਜਾਂਚ ਅਤੇ ਕਾਰਵਾਈ ਲਈ ਕੇਸ ਸਰਕਾਰ ਨੂੰ ਸੂਚਿਤ ਕੀਤੇ ਜਾਣਗੇ।
ਪ੍ਰਸ਼ਾਸਨਿਕ ਸੁਧਾਰ ਅਤੇ ਸ਼ਿਕਾਇਤ ਨਿਵਾਰਨ ਵਿਭਾਗ ਵਲੋਂ ਹੈਲਪਲਾਈਨ ਸ਼ੁਰੂ ਕੀਤੀ ਗਈ ਹੈ ਜੋ ਕਿ ਪੰਜਾਬ ਸਰਕਾਰ ਦੇ ਰਾਜ ਕੌਵਿਡ 19 ਕੰਟਰੋਲ ਰੂਮ (ਐਸ.ਸੀ.ਸੀ.ਆਰ.) ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਦੀ ਪੰਜਾਬ ਰਾਜ ਸ਼ਾਖਾ ਨਾਲ ਰਲ਼ਕੇ ਅਮਲ ਵਿਚ ਲਿਆਂਦੀ ਜਾ ਰਹੀ ਹੈ। ਇਸ ਵਿਸ਼ੇਸ਼ਤਾ ਨੂੰ ਐਂਡਰਾਇਡ ਪਲੇਅਸਟੋਰ ਅਤੇ ਆਈਓਐਸ ਐਪਸਟੋਰ 'ਤੇ ਉਪਲਬਧ ਕੋਵਾ ਪੰਜਾਬ ਮੋਬਾਇਲ ਐਪਲੀਕੇਸ਼ਨ ਵਿਚ ਵੀ ਸ਼ਾਮਲ ਕੀਤਾ ਗਿਆ ਹੈ।
ਤਾਲਾਬੰਦੀ ਦੌਰਾਨ ਗੈਰ-ਐਮਰਜੈਂਸੀ ਮਾਮਲਿਆਂ ਵਿੱਚ ਡਾਕਟਰਾਂ ਤੱਕ ਪਹੁੰਚ ਨਾ ਹੋਣ ਕਾਰਨ ਲੋਕਾਂ ਵਿੱਚ ਘਬਰਾਹਟ ਤੇ ਸਹਿਮ ਹੈ। ਉਸ ਨੇ ਅੱਗੇ ਕਿਹਾ ਕਿ ਡਾਕਟਰਾਂ ਤੋਂ ਪੇਸ਼ੇਵਰ ਡਾਕਟਰੀ ਸਲਾਹ ਲੈਣ ਨਾਲ ਲੋਕਾਂ ਨੂੰ ਉਨ੍ਹਾਂ ਦੇ ਆਪਣੇ ਲੱਛਣਾਂ ਨੂੰ ਸਮਝਣ ਵਿਚ ਮਦਦ ਮਿਲੇਗੀ ਅਤੇ ਉਹ ਲੋੜ ਅਨੁਸਾਰ ਆਪਣੇ ਅਤੇ ਆਪਣੇ ਪਰਿਵਾਰ ਦੇ ਭਲੇ ਲਈ ਕੰਮ ਸਕਣਗੇ।
ਵਿਨੀ ਮਹਾਜਨ ਨੇ ਅੱਗੇ ਕਿਹਾ ਕਿ ਸਮਾਜ ਦੇ ਸਭ ਤੋਂ ਗਰੀਬ ਵਰਗਾਂ ਲਈ ਕਰਫਿਊ ਦੌਰਾਨ ਮਿਆਰੀ ਡਾਕਟਰੀ ਸਲਾਹ ਅਤੇ ਇਲਾਜ ਤੱਕ ਪਹੁੰਚ ਬਣਾਉਣ ਵਿੱਚ ਇਹ ਤਕਨਾਲੋਜੀ ਬਹੁਤ ਸਹਾਇਤਾ ਕਰੇਗੀ।
ਹੈਲਪਲਾਈਨ ਦੇ ਕੰਮਕਾਜ ਬਾਰੇ ਦੱਸਦਿਆਂ, ਉਹਨਾਂ ਕਿਹਾ ਕਿ ਆਉਣ ਵਾਲੀਆਂ ਕਾਲਾਂ ਦਾ ਪਹਿਲਾਂ ਆਈਵੀਆਰ ਰਾਹੀਂ ਜਵਾਬ ਦਿੱਤਾ ਜਾਵੇਗਾ। ਇਹ ਆਈਵੀਆਰ ਲੋੜੀਂਦੀ ਸਹਾਇਤਾ ਦੇ ਅਧਾਰ 'ਤੇ ਕਾਲਾਂ ਨੂੰ ਫਿਲਟਰ ਕਰੇਗਾ ਅਤੇ ਕੋਵਿਡ ਜਾਂ ਸਿਹਤ ਸੰਬੰਧੀ ਹੋਰ ਮੁੱਦਿਆਂ ਬਾਰੇ ਡਾਕਟਰੀ ਸਲਾਹ ਦੀ ਲੋੜ ਹੋਣ ਦੇ ਮਾਮਲਿਆਂ ਵਿੱਚ ਵਧੇਰੇ ਜਾਣਕਾਰੀ ਜਿਵੇਂ ਕਿ ਹਾਲ ਹੀ ਵਿੱਚ ਕੀਤੀ ਗਈ ਯਾਤਰਾ ਅਤੇ ਲੱਛਣਾਂ ਸਬੰਧੀ ਜਾਣਕਾਰੀ ਹਾਸਲ ਕਰੇਗਾ। ਇਹ ਜਾਣਕਾਰੀ ਆਈਐਮਏ ਡਾਕਟਰਾਂ ਦੇ ਨੈਟਵਰਕ ਨਾਲ ਸਾਂਝੀ ਕੀਤੀ ਜਾਏਗੀ ਅਤੇ ਨਾਗਰਿਕ ਨੂੰ ਇੱਕ ਰਜਿਸਟਰਡ ਡਾਕਟਰ ਤੋਂ ਕਾਲ-ਬੈਕ ਆਵੇਗੀ ਜੋ ਅੱਗੇ ਮਰੀਜ਼ ਦੀ ਸਥਿਤੀ ਬਾਰੇ ਜਾਣਕਾਰੀ ਹਾਸਲ ਕਰਕੇ ਇਲਾਜ, ਸਾਵਧਾਨੀਆਂ ਅਤੇ ਹੋਰ ਸਬੰਧਿਤ ਕਿਰਿਆਵਾਂ ਬਾਰੇ ਸਲਾਹ ਦੇਵੇਗਾ।
ਆਈਐਮਏ ਪੰਜਾਬ ਅਧੀਨ ਡਾਕਟਰ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਸਵੈ-ਸੇਵੀ ਸਹਾਇਤਾ ਕਰਨ ਲਈ ਵਚਨਬੱਧ ਹਨ।
ਨਾਗਰਿਕਾਂ ਨੂੰ ਕੋਵਿਡ ਦੇ ਨਾਲ ਨਾਲ ਸਿਹਤ ਸੰਬੰਧੀ ਹੋਰ ਮੁੱਦਿਆਂ ਬਾਰੇ ਸਲਾਹ ਦਿੱਤੀ ਜਾਵੇਗੀ ਕਿਉਂਕਿ ਲਾਕਡਾਊਨ ਦੌਰਾਨ ਨਾਗਰਿਕਾਂ ਲਈ ਪੇਸ਼ੇਵਰ ਡਾਕਟਰੀ ਸਲਾਹ ਲੈਣਾ ਅਤੇ ਉਨ੍ਹਾਂ ਤੱਕ ਪਹੁੰਚਣਾ ਮੁਸ਼ਕਲ ਹੋ ਸਕਦਾ ਹੈ। ਆਈਐਮਏ ਪੰਜਾਬ ਦੇ ਪ੍ਰਧਾਨ ਡਾ. ਨਵਜੋਤ ਦਹੀਆ ਨੇ ਕਿਹਾ ਹੈ ਕਿ ਨਾਗਰਿਕਾਂ ਦਰਮਿਆਨ ਡਰ ਨੂੰ ਖ਼ਤਮ ਕਰਨ ਅਤੇ ਉਹਨਾਂ ਨੂੰ ਮਿਆਰੀ ਇਲਾਜ ਤੇ ਡਾਕਟਰੀ ਸਲਾਹ ਮਸ਼ਵਰਾ ਕਰਨ ਲਈ ਆਈਐਮਏ ਸਾਰੇ ਉਪਰਾਲੇ ਕਰੇਗੀ।