- ਸਰਕਾਰ ਵੱਲੋਂ ਤਨਖ਼ਾਹਾਂ ਜਲਦੀ ਬਹਾਲ ਨਾ ਕੀਤੀਆ ਤਾ ਇਸ ਦੇ ਨਤੀਜੇ ਭੁਗਤਣੇ ਪੈਣਗੇ
ਫਿਰੋਜ਼ਪੁਰ 2 ਮਈ 2020 : ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ, ਬਰਾਂਚ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਜ਼ਿਲ੍ਹਾ ਪ੍ਰਧਾਨ ਰਾਮ ਪ੍ਰਸ਼ਾਦ ਅਤੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਵੀਨ ਕੁਮਾਰ ਨੇ ਕੇਂਦਰ ਸਰਕਾਰ ਵੱਲੋਂ 2 ਸਾਲ ਤੱਕ ਕੇਂਦਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਡੀਏ ਬੰਦ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਪ੍ਰਭਾਵਿਤ ਹੋਣ ਵਾਲੇ ਇਸ ਵਰਗ ਦੀ ਗਿਣਤੀ ਇੱਕ ਕਰੋੜ ਗਿਆਰਾਂ ਲੱਖ ਹੈ।
ਕੋਰੋਨਾ ਦੀ ਆੜ੍ਹ ਵਿਚ ਆਰਥਕ ਸੰਕਟ ਦਾ ਹਵਾਲਾ ਦੇ ਕੇ ਚੁੱਕੇ ਇਸ ਕਦਮ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕੋਰੋਨਾ ਦੀ ਸਥਿਤੀ ਦੀ ਭਿਆਨਕਤਾ ਨਾਲ ਨਜਿੱਠਣ ਅਤੇ ਇਸ ਦੇ ਆਰਥਿਕਤਾ ਉੱਪਰ ਪੈਣ ਵਾਲੇ ਪ੍ਰਭਾਵਾਂ ਦਾ ਸਾਰਾ ਬੋਝ ਗਰੀਬ ਲੋਕਾਂ ਵੱਲ ਨੂੰ ਧੱਕਣ ਦੇ ਅਮਲ ਤੇ ਚਲ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਡੀਏ ਬੰਦ ਕਰਨ ਦੀ ਨਕਲ ਸੂਬਾ ਸਰਕਾਰ ਵੱਲੋਂ ਵੀ ਆਪਣੀ 80 ਲੱਖ ਤੋਂ ਵੱਧ ਕਰਮਚਾਰੀਆਂ ਦੇ ਵਿਰੁੱਧ ਕਰਨ ਵਿੱਚ ਕੋਈ ਗੁਰੇਜ਼ ਨਹੀਂ ਕੀਤਾ ਜਾਵੇਗਾ। ਉਸ ਤੋਂ ਅੱਗੇ ਪਬਲਿਕ ਸੈਕਟਰ ਅਤੇ ਅਰਧ ਸਰਕਾਰੀ ਅਦਾਰਿਆਂ ਦੇ ਵਿਰੁੱਧ ਅਜਿਹਾ ਕੁੱਝ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਪੰਜਾਬ ਸਰਕਾਰ ਤਾਂ ਪਹਿਲਾ ਹੀ ਕਰਮਚਾਰੀਆਂ ਦੇ ਡੀਏ ਦੀਆਂ ਕਿਸ਼ਤਾਂ ਦੱਬੀ ਬੈਠੀ ਹੈ।
ਇਸ ਤਰ੍ਹਾਂ ਤਨਖ਼ਾਹਦਾਰ ਵਰਗ ਅਤੇ ਪੈਨਸ਼ਨਰਾਂ ਦੀਆਂ ਜੇਬਾਂ ਨੂੰ ਡੇਢ ਲੱਖ ਕਰੋੜ ਤੱਕ ਦਾ ਅੰਦਾਜ਼ਨ ਸੇਕ ਲੱਗੇਗਾ। ਦੋ ਸਾਲ ਲਈ ਰੋਕੇ ਡੀਏ ਦਾ ਕੋਈ ਬਕਾਇਆ ਵੀ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਹੜੇ ਪੰਜਾਬ ਦੇ ਵੱਖ-ਵੱਖ ਅਦਾਰਿਆਂ ਨਾਲ ਸਬੰਧਤ ਕਰਮਚਾਰੀ ਕੋਰੋਨਾ ਵਿਰੁੱਧ ਫ਼ਰੰਟ ਲਾਈਨ ਤੇ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ ਖ਼ਾਸ ਕਰਕੇ ਹੈਲਥ ਨਾਲ ਸਬੰਧਤ ਸਟਾਫ਼ ਤੋਂ ਇਲਾਵਾ ਵੀ ਹੋਰ ਹਰ ਤਰ੍ਹਾਂ ਦੀਆਂ ਡਿਊਟੀਆਂ ਨਿਭਾ ਰਹੇ ਕੱਚੇ ਪੱਕੇ ਹਰ ਤਰ੍ਹਾਂ ਦੇ ਕਰਮਚਾਰੀਆਂ ਦਾ ਕਿਸੇ ਕਿਸਮ ਦਾ ਜਾਨੀ ਨੁਕਸਾਨ ਹੋਣ ਦੀ ਸੂਰਤ ਵਿਚ 50 ਲੱਖ ਰੁਪਏ ਦਾ ਮੁਆਵਜ਼ਾ ਐਲਾਨ ਕੀਤਾ ਜਾਵੇ ਅਤੇ ਕਰਮਚਾਰੀਆਂ ਦੇ ਸੇਫ਼ਟੀ ਪ੍ਰਬੰਧਾਂ ਵਿਚ ਰਹਿੰਦੀ ਘਾਟ ਪੂਰੀ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਦੇ ਕਰਮਚਾਰੀ ਆਪਣੀ ਜਾਨ ਤੇ ਖੇਡ ਕੇ ਰਾਤ ਦਿਨ ਡਿਊਟੀਆਂ ਨਿਭਾ ਰਹੇ ਹਨ ਇਨ੍ਹਾਂ ਕਰਮਚਾਰੀਆਂ ਨੂੰ ਸਰਕਾਰ ਵੱਲੋਂ ਸਪੈਸ਼ਲ ਭੱਤਾ ਦੇਣ ਦਾ ਐਲਾਨ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਹੀਨਾ ਅਪ੍ਰੈਲ ਦੀਆਂ ਤਨਖ਼ਾਹਾਂ ਤੇ ਅਗਲੇ ਹੁਕਮਾ ਤੱਕ ਲਗਾਈ ਗਈ ਰੋਕ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਵੱਲੋਂ ਕਰਫ਼ਿਊ ਦੌਰਾਨ ਆਪਣੀ ਜਾਨ ਤੇ ਖੇਡ ਕੇ ਡਿਊਟੀ ਨਿਭਾ ਰਹੇ ਹਨ, ਖ਼ਾਸ ਕਰਕੇ ਛੋਟੇ ਕਰਮਚਾਰੀ ਜਿਨ੍ਹਾਂ ਦਾ ਗੁਜ਼ਾਰਾ ਤਨਖ਼ਾਹ ਨਾਲ ਹੀ ਹੁੰਦਾ ਹੈ। ਇਸ ਵਿਚ ਜੇਕਰ ਉਨ੍ਹਾਂ ਨੂੰ ਤਨਖ਼ਾਹਾਂ ਨਹੀ ਮਿਲਦੀਆਂ ਤਾ ਉਹ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਕਰਨਗੇ। ਉਨ੍ਹਾਂ ਕਿਹਾ ਕਿ ਕਈ ਕਰਮਚਾਰੀਆਂ ਪਿਛਲੇ 2 ਮਹੀਨਿਆਂ ਤੋ ਤਨਖ਼ਾਹਾਂ ਨਹੀ ਦਿੱਤੀਆਂ ਗਈਆ ਉਨ੍ਹਾਂ ਵਿਭਾਗਾਂ ਦੀਆ ਤਨਖ਼ਾਹਾਂ ਜਲਦੀ ਤੋ ਜਲਦੀ ਰਿਲੀਜ਼ ਕੀਤੀਆ ਜਾਣ ਨਹੀ ਤਾਂ ਸਰਕਾਰ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ।
ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਸ਼ਰਧਾਲੂਆਂ ਨੂੰ ਵਾਪਸ ਪੰਜਾਬ ਲਿਆਉਣ ਦਾ ਫ਼ੈਸਲਾ ਕੀਤਾ ਗਿਆ ਸੀ ਜਿਸ ਕਰਕੇ ਪੰਜਾਬ ਵਿਚ ਕੋਰੋਨਾ ਬਿਮਾਰੀ ਨੇ ਵੱਡੇ ਪੱਧਰ ਤੇ ਪੈਰ ਪਸਾਰ ਲਏ ਗਏ ਹਨ। ਉਨ੍ਹਾਂ ਕਿਹਾ ਸਰਕਾਰ ਦੇ ਇਸ ਫ਼ੈਸਲੇ ਨਾਲ ਪੂਰਾ ਪੰਜਾਬ ਕੋਰੋਨਾ ਦੀ ਚਪੇਟ ਵਿਚ ਆ ਗਿਆ ਹੈ। ਜਿਸ ਨਾਲ ਸਥਿਤੀ ਕਾਫੀ ਖ਼ਰਾਬ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜਿਹੜੇ ਜ਼ਿਲ੍ਹਿਆਂ ਵਿਚ ਕੋਰੋਨਾ ਦਾ ਕੋਈ ਕੇਸ ਨਹੀ ਸੀ ਉਨ੍ਹਾਂ ਜਿੱਲ੍ਹਿਆ ਵਿਚ ਕੋਰੋਨਾ ਦੇ ਕੇਸ ਵੱਧ ਰਹੇ ਹਨ, ਇਹ ਕਾਫੀ ਚਿੰਤਾ ਵਾਲੀ ਗੱਲ ਹੈ।