ਫਰੀਦਕੋਟ: ਏ ਡੀ ਸੀ ਨੇ ਜ਼ਿਲ੍ਹਾ ਵਿਜੀਲੈਂਸ ਤੇ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਦੀ ਕੀਤੀ ਪ੍ਰਧਾਨਗੀ
ਪਰਵਿੰਦਰ ਸਿੰਘ ਕੰਧਾਰੀ
- ਰੇਪ/ਗੈਂਗਰੇਪ/ਮਰਡਰ ਵਰਗੇ ਕੇਸਾਂ ਵਿਚ ਸਮਾਂਬੱਧ ਜਾਂਚ ਕੀਤੀ ਜਾਵੇ ਮੁਕੰਮਲ ਕਰਨ ਦੇ ਆਦੇਸ਼
- ਮਾਨਯੋਗ ਅਦਾਲਤਾਂ ਵਿਚ ਚਾਰਜਸ਼ੀਟ ਦਾਖਲ ਕਰਕੇ ਪੀੜ੍ਹਤਾਂ/ਪੀੜ੍ਹਤ ਪਰਿਵਾਰਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਸੰਪਰੂਨ ਜਾਣਕਾਰੀ ਦੇਣ ਲਈ ਕਿਹਾ
ਫਰੀਦਕੋਟ, 10 ਜੂਨ 2021 - ਵਧੀਕ ਡਿਪਟੀ ਕਮਿਸ਼ਨਰ (ਜ) ਸ. ਗੁਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਐਟਰੋਸਿਟੀ ਐਕਟ 1989 ਤਹਿਤ ਜਿਲ੍ਹਾ ਵਿਜੀਲੈਂਸ ਤੇ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਹੋਈ। ਇਸ ਐਕਟ ਤਹਿਤ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ(ਜ) ਨੇ ਦੱਸਿਆ ਕਿ ਇਸ ਐਕਟ ਤਹਿਤ ਅਨੁਸੂਚਿਤ ਜਾਤੀ ਪਰਿਵਾਰਾਂ ਨਾਲ ਜੇਕਰ ਕਿਸੇ ਕਿਸਮ ਦਾ ਅੱਤਿਆਚਾਰ ਹੁੰਦਾ ਹੈ ਤਾਂ ਇਸ ਐਕਟ ਤਹਿਤ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਤੇ ਪੀੜਤ ਨੂੰ ਐਕਟ ਅਨੁਸਾਰ ਬਣਦਾ ਮੁਆਵਜਾ ਸਰਕਾਰ ਵਲੋਂ ਦਿੱਤਾ ਜਾਂਦਾ ਹੈ।
ਮੀਟਿੰਗ ਦੌਰਾਨ ਜਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਗੁਰਮੀਤ ਸਿੰਘ ਬਰਾੜ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਪੁਲਿਸ ਵਿਭਾਗ ਵਲੋਂ ਦਰਜ ਕੀਤੇ ਗਏ ਕੇਸਾਂ ਅਤੇ ਜਿਲ੍ਹਾ ਅਟਾਰਨੀ ਫਰੀਦਕੋਟ ਦੇ ਦਫਤਰ ਵਿਖੇ ਚੱਲ ਰਹੇ ਕੇਸਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਮੇਂ 9 ਕੇਸ ਵੱਖ ਵੱਖ ਕੋਰਟਾਂ ਵਿੱਚ ਵੱਖ ਵੱਖ ਪੱਧਰ ਤੇ ਚੱਲ ਰਹੇ ਹਨ ਜਿਨ੍ਹਾਂ ਵਿੱਚ 06 ਜੇਰ ਅਸ਼ਮਾਇਤ ਅਤੇ 03 ਤਫਤੀਸ਼ ਕੇਸ ਸ਼ਾਮਲ ਹਨ ਦੇ ਕੇਸਾਂ ਦੀ ਸਮੀਖਿਆ ਕੀਤੀ ਗਈ।
ਵਧੀਕ ਡਿਪਟੀ ਕਮਿਸ਼ਨਰ(ਜ)ਨੇ ਐੱਸ.ਐੱਸ.ਪੀ. ਦਫਤਰ ਵਲੋਂ ਹਾਜਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਇਸ ਐਕਟ ਤਹਿਤ ਦਰਜ ਹੋਏ ਕੇਸਾਂ ਉੱਪਰ ਸੋਧ ਐਕਟ 2015 ਦੀਆਂ ਧਾਰਾਵਾਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ ਅਤੇ ਜ਼ੇਰੇ ਤਫ਼ਤੀਸ਼ ਕੇਸਾਂ ਵਿੱਚ ਤੇਜ਼ੀ ਲਿਆਂਦੀ ਜਾਵੇ, ਤਾਂ ਜੋ ਪੀੜਤਾਂ ਨੂੰ ਜਲਦ ਤੋ ਜਲਦ ਇਨਸਾਫ ਮਿਲ ਸਕੇ। ਉਨ੍ਹਾਂ ਵੱਲੋਂ ਇਹ ਵੀ ਨਿਰਦੇਸ਼ ਦਿੱਤੇ ਗਏ ਕਿ ਰੇਪ/ਗੈਂਗਰੇਪ/ਮਰਡਰ ਆਦਿ ਕੇਸਾਂ ਵਿਚ ਸਮਾਂਬੱਧ ਜਾਂਚ ਮੁਕੰਮਲ ਕਰਨ ਉਪਰੰਤ ਮਾਨਯੋਗ ਅਦਾਲਤਾਂ ਵਿਚ ਚਾਰਜਸ਼ੀਟ ਦਾਖਲ ਕੀਤੀ ਜਾਵੇ ਅਤੇ ਪੀੜ੍ਹਤਾਂ/ਪੀੜ੍ਹਤ ਪਰਿਵਾਰਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਸੰਪਰੂਨ ਜਾਣਕਾਰੀ ਪ੍ਰਦਾਨ ਕੀਤੀ ਜਾਵੇ।
ਕਮੇਟੀ ਮੈਂਬਰਾਂ ਵੱਲੋਂ ਵਧੀਕ ਜ਼ਿਲ੍ਹਾ ਮੈਜਿਸਟਰੇਟ ਨੂੰ ਅਪੀਲ ਕੀਤੀ ਗਈ ਕਿ ਅਜਿਹੇ ਕੇਸਾਂ ਵਿੱਚ ਮੁਆਵਜ਼ੇ ਦੀ ਅਦਾਇਗੀ ਸਮੇਂ ਸਿਰ ਕੀਤੀ ਜਾਣੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਵਧੀਕ ਡਿਪਟੀ ਕਮਿਸ਼ਨਰ(ਜ) ਵੱਲੋਂ ਜਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਨੂੰ ਪੈਡਿੰਗ ਕੇਸਾਂ ਲਈ ਲੋੜੀਂਦੇ ਫੰਡਾਂ ਦੀ ਉੱਪਲਬੱਧਤਾ ਲਈ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਇਸ ਐਕਟ ਦੀ ਅਹਿਮੀਅਤ ਨੂੰ ਦੇਖਦੇ ਹੋਏ ਸਮਾਂ-ਬੱਧ ਮੀਟਿੰਗਾਂ ਕਰਵਾਉਣ ਦੀ ਹਦਾਇਤ ਕੀਤੀ ਅਤੇ ਸਮੂਹ ਕਮੇਟੀ ਮੈਬਰਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਧਿਆਨ ਵਿਚ ਅਜਿਹਾ ਕੋਈ ਵੀ ਕੇਸ ਆਉਂਦਾ ਹੈ ਤਾਂ ਉਹ ਕਮੇਟੀ ਸਾਹਮਣੇ ਇਹ ਕੇਸ ਪੇਸ਼ ਕਰ ਸਕਦੇ ਹਨ ਤਾਂ ਜੋ ਲੋੜੀਂਦੀ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾ ਸਕੇ।
ਇਸ ਮੀਟਿੰਗ ਵਿੱਚ ਵਧੀਕ ਜ਼ਿਲਾ ਅਟਾਰਨੀ ਸਤਨਾਮ ਸਿੰਘ, ਡਾ. ਪੁਸ਼ਪਿੰਦਰ ਕੂਕਾ, ਸ.ਜਸਵਿੰਦਰ ਸਿੰਘ ਡੀ.ਐਸ.ਪੀ,ਸ੍ਰੀ ਗੁਰਮੀਤ ਕੜਿਆਲਵੀ, ਤਹਿਸੀਲ ਭਲਾਈ ਅਫਸਰ,ਸ.ਗੁਰਪਾਲ ਸਿੰਘ,ਜ਼ਿਲ੍ਹਾ ਲੀਡ ਮੈਨੇਜਰ ਸ਼੍ਰੀ ਹਿਤੇਸ਼ ਅਰੋੜਾ,ਡੀ.ਐਮ. ਐਸ.ਸੀ ਕਾਰਪੋਰੇਸ਼ਨ ਮੈਡਮ ਦਲਜੀਤ ਕੌਰ,ਐਸ.ਡੀ.ਓ, ਸੀਵਰੇਜ ਸੈਨੇਟਰੀ ਇੰਸਪੈਕਟਰ ਸ.ਵੀਰਪਾਲ ਸਿੰਘ, ਰਜਨੀਸ਼ ਗਰੋਵਰ ਕਮੇਟੀ ਮੈਂਬਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।