ਤੰਦਰੁਸਤ ਹੁਣ ਉਪਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੋਂ ਛੁੱਟੀ ਦਿੱਤੀ ਗਈ
ਵੀ ਸੀ ਡਾ ਰਾਜ ਬਹਾਦਰ ,ਐਮ ਐਸ ਡਾ ਰਾਜੀਵ ਜ਼ੋਸ਼ੀ ਅਤੇ ਡਾ ਚੰਦਰ ਸ਼ੇਖਰ ਨੇ ਦਿੱਤੀ ਮੁਬਾਰਕਬਾਦ
ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਦਾ ਕੀਤਾ ਧੰਨਵਾਦ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 29 ਅਪ੍ਰੈਲ 2020- ਅੱਜ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਆਈਸੋਲੇਸ਼ਨ ਵਾਰਡ ਵਿਚੋਂ ਜ਼ਿਲ੍ਹੇ ਦੇ ਦੂਜੇ ਕਰੋਨਾ ਪਾਜਟਿਵ ਮਰੀਜ ਵਿਕਰਮਜੀਤ ਸਿੰਘ ਵਾਸੀ ਫਰੀਦਕੋਟ ਨੂੰ ਕਰੋਨਾ ਖਿਲਾਫ ਲੜਾਈ ਜਿੱਤਣ ਅਤੇ ਤੰਦਰੁਸਤ ਹੋਣ ਉਪਰੰਤ ਛੁੱਟੀ ਦਿੱਤੀ ਗਈ।
ਇਸ ਮੌਕੇ ਬਾਬਾ ਫਰੀਦ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ ਰਾਜ ਬਹਾਦਰ, ਕਾਲਜ ਦੇ ਸੁਪਰਡੈਂਟ ਡਾ ਰਾਜੀਵ ਜ਼ੋਸ਼ੀ,ਐਸ ਐਮ ਓ ਡਾ ਚੰਦਰ ਸ਼ੇਖਰ ਸਮੇਤ ਹਸਪਤਾਲ ਦੇ ਅਮਲੇ ਵੱਲੋਂ ਉਨਾ ਨੂੰ ਹਸਪਤਾਲ ਤੋਂ ਵਿਦਾਇਗੀ ਦਿੱਤੀ ਗਈ ਅਤੇ ਕਰੋਨਾ ਬਿਮਾਰੀ ਨਾਲ ਲੜਾਈ ਵਿਚ ਉਨਾਂ ਵੱਲੋਂ ਵਿਖਾਏ ਗਏ ਹੌਂਸਲੇ ਦੀ ਸਰਾਹਨਾ ਕੀਤੀ ਗਈ।
ਇਸ ਮੌਕੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਉਪ-ਕੁਲਪਤੀ ਡਾ ਰਾਜ ਬਹਾਦਰ ਨੇ ਦੱਸਿਆ ਕਿ ਕਰੋਨਾ ਪਾਜਟਿਵ ਵਿਕਰਮਜੀਤ ਸਿੰਘ ਨੇ ਬੜੇ ਹੀ ਹੌਸਲੇ ਤੇ ਦਲੇਰੀ ਨਾਲ ਕਰੋਨਾ ਖਿਲਾਫ ਜੰਗ ਜਿੱਤੀ ਹੈ ਤੇ ਉਨਾਂ ਉਮੀਦ ਜਾਹਰ ਕੀਤੀ ਕਿ ਇਸ ਦੇ ਸੰਪਰਕ ਵਿਚ ਆਉਣ ਵਾਲਾ ਦੂਜਾ ਵਿਅਕਤੀ ਵੀ ਜਲਦੀ ਠੀਕ ਹੋ ਕੇ ਘਰ ਜਾਵੇਗਾ।ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਮਰੀਜ਼ ਆਨੰਦ ਗੋਇਲ ਨੂੰ ਠੀਕ ਹੋਣ ਉਪਰੰਤ ਛੁੱਟੀ ਦਿੱਤੀ ਗਈ ਹੈ। ਉਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਸਮੂਹ ਸਟਾਫ ਅਤੇ ਆਈਸੋਲੇਸ਼ਨ ਵਾਰਡ ਵਿਚ ਤਨਦੇਹੀ ਨਾਲ ਡਿਊਟੀਆਂ ਨਿਭਾ ਰਹੇ ਸਟਾਫ ਦੀ ਸਰਾਹਨਾ ਕੀਤੀ।ਡਾ ਰਾਜ ਬਹਾਦਰ ਨੇ ਕਿਹਾ ਕਿ ਵਿਕਰਮਜੀਤ ਸਿੰਘ ਹੁਣ ਦੂਜੇ ਲੋਕਾਂ ਲਈ ਰੋਲ ਮਾਡਲ ਬਣ ਗਿਆ ਹੈ ਅਤੇ ਕਰੋਨਾ ਦੀ ਚੇਨ ਤੋੜਨ ਲਈ ਤੇ ਲੋਕਾਂ ਨੂੰ ਘਰਾਂ ਵਿਚ ਰਹਿਣ ਅਤੇ ਬਿਮਾਰੀ ਤੋਂ ਬਚਾਅ ਸਬੰਧੀ ਜਾਗਰੂਕ ਕਰਨਗੇ।
ਇਸ ਮੌਕੇ ਵਿਕਰਮਜੀਤ ਸਿੰਘ ਜਿਸ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲੀ ਹੈ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਰੋਨਾ ਖਿਲਾਫ ਲੜਾਈ ਵਿਚ ਸਾਨੂੰ ਸਾਰਿਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਇਸ ਲੜਾਈ ਵਿਚ ਦਵਾਈ ਨਾਲੋਂ ਜ਼ਿਆਦਾ ਮਰੀਜ ਨੂੰ ਹੌਂਸਲਾ ਰੱਖਣ ਦੀ ਲੋੜ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਵਿਚ ਰਹਿਣ ਤਾਂ ਜੋ ਇਸ ਬਿਮਾਰੀ ਨੂੰ ਅੱਗੇ ਵੱਧਣ ਤੋਂ ਰੋਕਿਆ ਜਾ ਸਕੇ। ਇਸ ਮੌਕੇ ਉਨਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਵੀ ਸੀ ਡਾ ਰਾਜ ਬਹਾਦਰ ਅਤੇ ਮੈਡੀਕਲ ਕਾਲਜ ਦੇ ਸੁਪਰਡੈਂਟ ਡਾ ਰਾਜੀਵ ਜ਼ੋਸੀ ਸਮੇਤ ਸਮੂਹ ਧਿਰਾਂ ਦਾ ਧੰਨਵਾਦ ਕੀਤਾ ਜਿਨਾਂ ਨੇ ਇਲਾਜ ਦੇ ਨਾਲ ਨਾਲ ਉਨਾਂ ਦਾ ਹੌਸਲਾ ਵੀ ਵਧਾਇਆ।
ਇਸ ਮੌਕੇ ਮੈਡੀਕਲ ਕਾਲਜ ਦੇ ਸੁਪਰੰਡੈਂਟ ਡਾ ਰਾਜੀਵ ਜ਼ੋਸ਼ੀ ਨੇ ਦੱਸਿਆ ਕਿ ਕਰੋਨਾ ਪਾਜਟਿਵ ਮਰੀਜ ਵਿਕਰਮਜੀਤ ਸਿੰਘ ਨੂੰ 8 ਅਪ੍ਰੈਲ 2020 ਨੂੰ ਸੈਂਪਲ ਦੀ ਪਾਜਟਿਵ ਰਿਪੋਰਟ ਆਉਣ ਤੇ ਐਡਮਿਟ ਕੀਤਾ ਗਿਆ ਸੀ ਤੇ ਅੱਜ 21 ਦਿਨਾਂ ਬਾਅਦ ਉਸ ਦੇ ਲਏ ਗਏ ਟੈਸਟਾਂ ਦੀ ਰਿਪੋਰਟ ਦੇ ਆਧਾਰ ਤੇ ਉਸ ਨੂੰ ਹਸਪਤਾਲ ਤੋਂ ਡਿਸਚਾਰਜ ਕੀਤਾ ਗਿਆ ਅਤੇ ਉਸ ਨੂੰ 14 ਦਿਨ ਘਰ ਵਿਚ ਇਕਾਂਤਵਾਸ ਵਿਚ ਰਹਿਣ ਦੀ ਹਦਾਇਤ ਕੀਤੀ ਗਈ ਹੈ।