ਪਰਵਿੰਦਰ ਸਿੰਘ ਕੰਧਾਰੀ
- ਜ਼ਿਲ੍ਹੇ ਦੇ ਤੀਸਰੇ ਕੋਰੋਨਾ ਪਾਜ਼ੀਟਿਵ ਦੀ ਰਿਪੋਰਟ ਆਈ ਨੈਗੇਟਿਵ ਕਲਸਟਰ ਜਾਨ ਖੋਲ੍ਹਣ ਦੀ ਤਿਆਰੀ
ਫਰੀਦਕੋਟ, 5 ਮਈ, 2020 ਸਿਹਤ ਵਿਭਾਗ ਵੱਲੋਂ ਕੋਵਿਡ-19 ਦੇ ਸਬੰਧ ਵਿੱਚ ਸ਼ੱਕੀ ਮਰੀਜ਼ਾਂ ਦੀ ਭਾਲ ਲਈ ਜ਼ਿਲੇ ਵਿੱਚ ਸਥਾਪਿਤ ਫਲੂ ਕਾਰਨਾਰ ਅਤੇ ਬਾਹਰਲੇ ਸੂਬਿਆਂ ਤੋਂ ਆਏ ਵਿਅਕਤੀਆਂ ਦਾ ਇਕਾਂਤਵਾਸ ਸੈਂਟਰਾਂ ਵਿੱਚ ਮੈਡੀਕਲ ਸਕਰੀਨਿੰਗ ਅਤੇ ਕੋਵਿਡ-19 ਦੇ ਸੈਂਪਲ ਲੈਣ ਦਾ ਕੰਮ ਚੱਲ ਰਿਹਾ ਹੈ ਅਤੇ ਹਰ ਪਿੰਡ-ਕਸਬੇ ਵਿੱਚ ਘਰ-ਘਰ ਸਰਵੇ ਦਾ ਕੰਮ ਵੀ ਜਾਰੀ ਹੈ।
ਸਿਵਲ ਸਰਜਨ ਫਰੀਦਕੋਟ ਡਾ.ਰਜਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਰੀਦਕੋਟ ਵਿਖੇ ਪ੍ਰਾਪਤ ਸੈਂਪਲਾਂ ਵਿੱਚੋਂ ਹਜ਼ੂਰ ਸਾਹਿਬ ਤੋਂ ਫਰੀਦਕੋਟ ਪਹੁੰਚੇ 130 ਸ਼ਰਧਾਲੂਆਂ ਚੋਂ 37 ਪਾਜ਼ੇਟਿਵ 71 ਨੈਗੇਟਿਵ 22 ਦੀ ਰਿਪੋਰਟ ਪੈਂਡਿਗ ਹੈ ਅਤੇ ਹੋਰ ਆਏ ਨਤੀਜਿਆਂ ਵਿੱਚ 4 ਰਾਜਸਥਾਨ ਤੋਂ ਪਰਤੇ ਮਜਦੂਰਾਂ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਇਹਨਾਂ ਪਾਜ਼ੇਟਿਵ ਆਏ ਮਰੀਜ਼ਾਂ ਨੂੰ ਸਥਾਨਕ ਜੀ.ਜੀ.ਐਸ ਮੈਡੀਕਲ ਹਸਪਤਾਲ ਵਿਖੇ ਆਈਸੋਲੇਸ਼ਨ ਵਾਰਡ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।ਹੁਣ ਜ਼ਿਲੇ ਫਰੀਦਕੋਟ ਦੇ ਕੁੱਲ ਕੋਰੋਨਾ ਪਾਜ਼ੇਟਿਵ ਐਕਟਿਵ ਕੇਸ 44 ਹਨ।
ਜ਼ਿਲ੍ਹੇ ਦੇ ਤੀਸਰੇ ਪਾਜ਼ੀਟਿਵ ਮਰੀਜ਼ ਦਾ ਸੈਂਪਲ ਜੋ ਅਮ੍ਰਿਤਸਰ ਲੈਬ ਵਿਚ ਟੈਸਟ ਲਈ ਭੇਜਿਆ ਗਿਆ ਸੀ ਉਸ ਦੀ ਰਿਪੋਰਟ ਨੈਗੇਟਿਵ ਆ ਗਈ ਹੈ । ਉਨ੍ਹਾਂ ਹੋਰ ਦੱਸਿਆ ਕਿ ਕਲਸਟਰ ਜਾਨ ਮਿਸਤਰੀਆਂ ਵਾਲੀ ਗਲੀ ਜਲਦ ਖੋਲਣ ਦੀ ਤਿਆਰੀ ਹੈ ਅਤੇ ਉਸ ਮਰੀਜ਼ ਨੂੰ ਮੈਡੀਕਲ ਹਸਪਤਾਲ ਤੋਂ ਹੁਣ ਡਿਸਚਾਰਜ ਕਰ ਦਿੱਤਾ ਜਾਵੇਗਾ।ਬਾਹਰਲੇ ਸੂਬਿਆਂ ਤੋਂ ਆਏ ਕਰੀਬ 1154 ਵਿਅਕਤੀਆਂ ਅਤੇ ਜ਼ਿਲੇ ਵਿੱਚ ਆਮ ਲੋਕਾਂ ਲਈ ਸਥਾਪਿਤ ਫਲੂ ਕਾਰਨਰ ਤੇ ਕੋਰੋਨਾ ਦੇ ਅੱਜ ਤੱਕ ਕੁੱਲ 1856 ਸੈਂਪਲ ਇਕੱਤਰ ਕਰ ਲੈਬ ਵਿੱਚ ਭੇਜੇ ਜਾ ਚੁੱਕੇ ਹਨ।
ਡਾ.ਰਜਿੰਦਰ ਨੇ ਦੱਸਿਆ ਕਿ ਸਰਕਾਰ ਦੇ ਉਪਰਾਲੇ ਸਦਕਾਂ ਹੁਣ ਸੈਂਪਲਿੰਗ ਦੇ ਨਤੀਜਿਆਂ ਵਿੱਚ ਤੇਜੀ ਲਿਆਉਣ ਲਈ ਪ੍ਰਾਈਵੇਟ ਲਾਲ ਪੈਥ ਲੈਬ ਨਾਲ ਗੱਠਜੋੜ ਕਰ ਲਿਆ ਗਿਆ ਹੈ।ਡਾ.ਰਜਿੰਦਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਫਰੀਦਕੋਟ ਕੁਮਾਰ ਸੌਰਭ ਰਾਜ ਆਈ.ਏ.ਐਸ ਦੀ ਯੋਗ ਅਗਵਾਈ ਹੇਠ ਬਾਹਰਲੇ ਸੂਬੇ ਤੋਂ ਆਏ ਵਿਅਤਕਤੀਆਂ ਲਈ ਵਿਸ਼ੇਸ਼ ਇਕਾਂਤਵਾਸ ਸੈਂਟਰਾਂ ਵਿੱਚ ਰਹਿਣ ਸਹਿਣ,ਖਾਣ-ਪੀਣ, ਮੈਡੀਕਲ ਜਾਂਚ ਅਤੇ ਸੈਂਪਲ ਇਕੱਤਰ ਕਰਨ ਦਾ ਪ੍ਰਬੰਧ ਵੀ ਕੀਤਾ ਗਿਆ ਹੈ।ਇਹਨਾਂ ਪ੍ਰਬੰਧਾਂ ਲਈ ਵੱਖ-ਵੱਖ ਅਧਿਕਾਰੀਆਂ ਦੀ ਡਿਊਟੀ ਵੀ ਲਗਾਈ ਗਈ ਹੈ।
ਉਨ੍ਹਾਂ ਸਮੂਹ ਸਿਹਤ ਵਿਭਾਗ ਦੇ ਫੀਲਡ ਸਟਾਫ, ਬਲਾਕ ਐਜੂਕੇਟਰਾਂ ਅਤੇ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਆਪਸੀ ਤਾਲਮੇਲ ਕਰਕੇ ਬਾਹਰਲੇ ਸੂਬਿਆਂ ਤੋਂ ਆਏ ਵਿਅਕਤੀਆਂ ਨੂੰ ਇਕਾਂਤਵਾਸ ਸੈਂਟਰਾਂ ਵਿੱਚ ਪਹੁੰਚਾਉਣ ਲਈ ਉਪਰਾਲੇ ਕੀਤੇ ਜਾਣ।ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਜ਼ਿਲੇ ਦੀਆਂ ਸਿਹਤ ਸੰਸਥਾਵਾਂ ਦੇ ਸੀਨੀਅਰ ਮੈਡੀਕਲ ਅਫਸਰਾਂ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।ਕੋਵਿਡ-19 ਦੇ ਜ਼ਿਲਾ ਨੋਡਲ ਅਫਸਰ ਡਾ.ਮਨਜੀਤ ਕ੍ਰਿਸ਼ਨ ਭੱਲਾ ਨੇ ਕਿਹਾ ਕਿ ਜੇ ਇਸੇ ਤਰਾਂ ਹੀ ਜ਼ਿਲਾ ਨਿਵਾਸੀ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੁਆਰਾ ਜਾਰੀ ਹਦਾਇਤਾ ਅਤੇ ਸਾਵਧਾਨੀਆਂ ਦਾ ਪਾਲਣ ਕਰਨ ਅਤੇ ਸਰਕਾਰ ਦਾ ਸੁਨੇਹਾ ਘਰ ਰਹੋ ਸੁਰੱਖਿਅਤ ਰਹੋ ਤੇ ਅਮਲ ਕਰਨ ਤਾਂ ਕੋਰੋਨਾ ਬਿਮਾਰੀ ਤੇ ਅਸੀਂ ਬਹੁਤ ਜਲਦ ਕਾਬੂ ਪਾਉਣ ਵਿੱਚ ਸਫਲ ਹੋ ਜਾਵਾਂਗੇ।