ਅਸ਼ੋਕ ਵਰਮਾ
ਮਾਨਸਾ, 9 ਮਈ 2020 - ਪੰਜਾਬੀ ਗਾਇਕ ਰਣਜੀਤ ਬਾਵੇ ਦੇ ਸਮਾਜਿਕ ਨਾ ਬਰਾਬਰੀ ਤੇ ਚੋਟ ਕਰਦੇ ਗੀਤ ‘‘ ਮੇਰਾ ਕੀ ਕਸੂਰ“, ਦੇ ਖਿਲਾਫ ਫਾਸ਼ੀਵਾਦੀ ਤਾਕਤਾਂ ਦੇ ਦਬਾਅ ਹੇਠ ਰਣਜੀਤ ਬਾਵੇ ਤੇ ਬੀਰ ਸਿੰਘ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਇਸ ਗੀਤ ਤੇ ਪੈਦਾ ਹੋਏ ਵਿਵਾਦ ਦਰਮਿਆਨ ਸਾਹਿਤ ਸਭਾ ਬਰਨਾਲਾ ਦੀ ਮੈਂਬਰ ਪਿ੍ਰੰਸੀਪਲ ਇਕਬਾਲ ਕੌਰ ਉਦਾਸੀ ਆਲ ਇੰਡੀਆ ਪ੍ਰੋਗਰੈਸਿਵ ਵੂਮੈਨ ਐਸੋਸੀਏਸ਼ਨ (ਏਪਵਾ) ਦੀ ਕੇਂਦਰੀ ਆਗੂ ਨਰਿੰਦਰ ਕੌਰ ਬੁਰਜ ਹਮੀਰਾ ਸਾਹਿਤ ਅਕੈਡਮੀ ਪੰਜਾਬ ਵੱਲੋਂ ਸੁਰਿੰਦਰਪਾਲ ਕੌਰ ਇਨਕਲਾਬੀ ਨੌਜਵਾਨ ਸਭਾ ਦੇ ਆਗੂ ਸਨੀ ਬਾਘਾ ਪੁਰਾਣਾ ਤੇ ਬਲਵਿੰਦਰਜੋਤ ਆਦਿ ਨੇ ਇਸ ਗੀਤ ਦੀ ਹਮਾਇਤ ਕਰਦਿਆਂ ਕਿਹਾ ਕਿ ਕੋਰੋਨਾ ਸੰਕਟ ਦੇ ਦਰਮਿਆਨ ਵੀ ਫਾਸ਼ੀਵਾਦੀ ਹੱਲਾ ਸਿਆਸਤ ਸਾਹਿਤ ਤੇ ਜਿੰਦਗੀ ਦੇ ਹਰ ਪਹਿਲੂ ਚ ਜਾਰੀ ਹੈ। ਇਸ ਕੜੀ ਤਹਿਤ ਹੀ ਰਣਜੀਤ ਬਾਵਾ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਏਪਵਾ ਆਗੂਆਂ ਨੇ ਕਿਹਾ ਕਿ ਇਹ ਗੀਤ ਸਦੀਆਂ ਤੋਂ ਚੱਲੀ ਆ ਰਹੀ ਛੂਆ ਛਾਤ, ਸਮਾਜਿਕ ਨਾ ਬਰਾਬਰੀ , ਪਾਖੰਡਾਂ ਅਤੇ ਖੋਖਲੇਪਣ ’ਤੇ ਕਰਾਰੀ ਚੋਟ ਕਰਦਾ ਹੈ, ਗੀਤ ਦਾ ਕਿਸੇ ਧਰਮ ਨਾਲ ਕੋਈ ਸੰਬੰਧ ਨਹੀਂ ਹੈ । ਇਸ ਮੌਕੇ ਆਗੂਆਂ ਨੇ ਕਿਹਾ ਕਿ ਸਿਆਸੀ ਤੌਰ ਤੇ ਮੋਦੀ ਸਰਕਾਰ ਦਾ ਵਿਰੋਧ ਕਰਨ ਵਾਲੇ ਵਿਚਾਰਧਾਰਿਕ ਤੌਰ ਤੇ ਬੁੱਧੀਜੀਵੀਆਂ ਵਿਦਿਆਰਥੀ ਨੌਜਵਾਨ ਤੇ ਔਰਤ ਕਾਰਕੁੰਨਾਂ ਨੂੰ ਜੇਲਾਂ ਚ ਸੁੱਟਣ ਤੋਂ ਬਾਅਦ ਸਾਹਿਤ ਦੇ ਖੇਤਰ ਚ ਵੀ ਫਾਸ਼ੀਵਾਦੀ ਅਤੇ ਜਾਤੀਵਾਦੀ ਮਾਨਸਿਕਤਾ ਦੇ ਲੋਕਾਂ ਵੱਲੋਂ ‘ਮੇਰਾ ਕੀ ਕਸੂਰ ਆ‘ ਵਰਗੇ ਗੀਤ ਦੇ ਨੰਗੇ ਚਿੱਟੇ ਰੂਪ ਚ ਵਿਰੋਧ ਕਰਦੇ ਹੋਏ ਕੋਰੋਨਾ ਵਾਇਰਸ ਨਾਲ ਲੜ ਰਹੇ ਡਾਕਟਰਾਂ ਵਿਗਿਆਨੀਆਂ ਦਾ ਮਨੋਬਲ ਵੀ ਤੋੜ ਰਹੇ ਹਨ। ਉਨਾਂ ਆਖਿਆ ਕਿ ਸੱਚ ਨੂੰ ਸੂਲੀ ਤੇ ਹੱਕ ਨੂੰ ਫਾਂਸੀ ਦੇਣ ਵਾਲੇ ਹਾਕਮਾਂ ਨੇ ਜਿੱਥੇ ਰਣਜੀਤ ਬਾਵੇ ਤੇ ਬੀਰ ਸਿੰਘ ਖਿਲਾਫ ਪਰਚਾ ਦਰਜ ਕਰਨ ਲੱਗਿਆ ਢਿੱਲ ਨਹੀਂ ਵਰਤੀ ਉੱਥੇ ਕਈ ਲੋਕਾਂ ਖਿਲਾਫ ਦਰਜ ਸ਼ਿਕਾਇਤ ਤੇ ਪੁਲਿਸ ਪ੍ਰਸ਼ਾਸਨ ਨੇ ਘੇਸਲ ਵੱਟ ਰੱਖੀ ਹੈ।
ਇਸ ਮੌਕੇ ਆਗੂਆਂ ਨੇ ਰਣਜੀਤ ਬਾਵੇ ਤੇ ਬੀਰ ਸਿੰਘ ਖਿਲਾਫ ਪਰਚਾ ਤੁਰੰਤ ਰੱਦ ਕਰਨ ਤੇ ਜਹਿਰੀਲੇ ਬੋਲ ਬੋਲਣ ਵਾਲੇ ਪਿਛਾਖੜੀਆਂ ਤੇ ਤੁਰੰਤ ਪਰਚਾ ਦਰਜ ਕੀਤਾ ਕਨ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਇੱਕ ਪਾਸੇ ਅਪਰਾਧ ਹਥਿਆਰਾਂ ਤੇ ਨਸ਼ਿਆ ਦੇ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਤੇ ਔਰਤਾਂ ਨੂੰ ਮਹਿਜ ਵਸਤੂ ਵਜੋਂ ਪੇਸ਼ ਕਰਨ ਵਾਲੇ ਲੱਚਰ ਸੱਭਿਆਚਾਰ ਦਾ ਬੋਲਬਾਲਾ ਹੈ ਦੂਜੇ ਪਾਸੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਗੀਤ ਨਾਟਕ ਤੇ ਲੋਕ ਪੱਖੀ ਵੰਨਗੀਆਂ ਪੇਸ਼ ਕਰਨ ਵਾਲੇ ਕਲਾਕਾਰਾਂ ਤੇ ਅਜਿਹੀਆਂ ਕੋਝੀਆਂ ਫਾਸ਼ੀਵਾਦ ਤੋਂ ਪ੍ਰੇਰਿਤ ਕਾਰਵਾਈਆਂ ਸ਼ਹਿਣ ਨਹੀਂ ਕੀਤੀਆਂ ਜਾ ਸਕਦੀਆਂ।