- ਪਹਿਲੇ ਪੜਾਅ ਵਿੱਚ ਇੱਕ ਤਿਹਾਈ ਕਿਸਾਨਾਂ ਨੂੰ ਮਿਲਣਗੇ ਕਰਫ਼ਿਊ ਪਾਸ : ਡਿਪਟੀ ਕਮਿਸ਼ਨਰ
ਫਿਰੋਜ਼ਪੁਰ, 11 ਅਪ੍ਰੈਲ 2020 : ਕਣਕ ਦੀ ਖ਼ਰੀਦ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਸ਼ਨੀਵਾਰ ਨੂੰ ਜ਼ਿਲ੍ਹੇ ਦੀਆਂ ਦਾਣਾ ਮੰਡੀਆਂ ਵਿਚ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪਹੁੰਚੇ। ਤਲਵੰਡੀ ਭਾਈ ਦੀ ਦਾਣਾ ਮੰਡੀ ਵਿਖੇ ਤਿਆਰੀਆਂ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਮੰਡੀ ਬੋਰਡ ਦੇ ਅਧਿਕਾਰੀਆਂ, ਮਾਰਕੀਟ ਕਮੇਟੀ ਦੇ ਅਧਿਕਾਰੀਆਂ ਅਤੇ ਆੜ੍ਹਤੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ ਇਸ ਵਾਰ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਕਣਕ ਦੀ ਖ਼ਰੀਦ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਅਤੇ ਮੰਡੀਆਂ ਵਿੱਚ ਖ਼ਰੀਦ ਦੌਰਾਨ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖਿਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਣਕ ਦੀ ਖ਼ਰੀਦ ਲਈ ਜ਼ਿਲ੍ਹੇ ਵਿੱਚ 68 ਨਵੀਆਂ ਦਾਣਾ ਮੰਡੀਆਂ ਖੋਲ੍ਹੀਆਂ ਗਈਆਂ ਹਨ, ਜਿਨ੍ਹਾਂ ਵਿੱਚ ਕੁੱਲ ਮੰਡੀਆਂ ਦੀ ਗਿਣਤੀ 199 ਹੋ ਗਈ ਹੈ ਜਦੋਂ ਕਿ ਜ਼ਿਲ੍ਹੇ ਵਿੱਚ ਕੁੱਲ 650 ਪਿੰਡ ਹਨ। ਹਰ ਤਿੰਨ ਤੋਂ ਚਾਰ ਪਿੰਡਾਂ ਲਈ ਇੱਕ ਮੰਡੀ ਦੀ ਵਿਵਸਥਾ ਹੋਵੇਗੀ। ਉਨ੍ਹਾਂ ਦੱਸਿਆ ਕਿ ਖ਼ਰੀਦ ਪ੍ਰਕਿਰਿਆ ਨੂੰ ਪੜਾਅ ਵਾਰ ਪੂਰਾ ਕੀਤਾ ਜਾਵੇਗਾ। ਪਹਿਲੇ ਪੜਾਅ ਵਿਚ ਇੱਕ ਤਿਹਾਈ ਕਿਸਾਨਾਂ ਨੂੰ ਕਰਫ਼ਿਊ ਪਾਸ ਜਾਰੀ ਕੀਤੇ ਜਾਣਗੇ, ਜਿਸ ਦੌਰਾਨ ਉਹ ਆਪਣੀਆਂ ਫ਼ਸਲਾਂ ਮੰਡੀਆਂ ਵਿਚ ਲੈ ਕੇ ਆਉਣਗੇ। ਲਿਫ਼ਟਿੰਗ 48 ਘੰਟਿਆਂ ਵਿਚ ਯਕੀਨੀ ਬਣਾਈ ਜਾਵੇਗੀ ਅਤੇ ਇਸ ਤੋਂ ਬਾਅਦ ਦੂਜੇ ਪੜਾਅ ਵਿਚ ਇੱਕ ਤਿਹਾਈ ਕਿਸਾਨਾਂ ਅਤੇ ਫਿਰ ਤੀਜੇ ਪੜਾਅ ਵਿਚ ਇੱਕ ਤਿਹਾਈ ਕਿਸਾਨਾਂ ਨੂੰ ਕਰਫ਼ਿਊ ਪਾਸ ਜਾਰੀ ਕਰਕੇ ਉਨ੍ਹਾਂ ਦੀ ਫ਼ਸਲ ਖ਼ਰੀਦੀ ਜਾਵੇਗੀ। ਇਹ ਸਾਰੀ ਪ੍ਰਕਿਰਿਆ ਮੰਡੀਆਂ ਵਿਚ ਭੀੜ ਨੂੰ ਰੋਕਣ ਦੇ ਉਦੇਸ਼ ਨਾਲ ਅਪਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸਾਰੀਆਂ ਮੰਡੀਆਂ ਵਿਚ 30 ਬਾਏ 30 ਮਾਰਕਿੰਗ ਕੀਤੀ ਗਈ ਹੈ, ਜਿਸ ਦੇ ਅੰਦਰ ਫ਼ਸਲ ਦੀ ਢੇਰੀ ਲਗਾਈ ਜਾਵੇਗੀ ਅਤੇ ਉੱਥੇ ਹੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਹ ਮਾਰਕਿੰਗ ਇਸ ਤਰੀਕੇ ਨਾਲ ਕੀਤੀ ਗਈ ਹੈ ਕਿ ਇੱਕ ਮਾਰਕਿੰਗ ਦੂਸਰੇ ਮਾਰਕਿੰਗ ਤੋਂ ਕਾਫ਼ੀ ਦੂਰ ਹੈ ਤਾਂ ਕਿ ਲੋਕ ਇੱਕ ਦੂਜੇ ਦੇ ਸੰਪਰਕ ਵਿਚ ਨਾ ਆਉਣ। ਇਸੇ ਤਰ੍ਹਾਂ ਮੰਡੀਆਂ ਵਿਚ ਆਉਣ ਵਾਲੀਆਂ ਟਰਾਲੀਆਂ ਦੀ ਐਂਟਰੀ ਗੇਟ 'ਤੇ ਹੀ ਸੈਨੇਟਾਈਜ਼ਰ ਕੀਤਾ ਜਾਵੇਗਾ। ਮੰਡੀਆਂ ਵਿਚ ਹੱਥ ਧੋਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਜਿੱਥੇ ਕਿਸਾਨ ਮੰਡੀਆਂ ਵਿਚ ਖੜੇ ਹੋਣਗੇ, ਜਿੱਥੇ ਕਣਕ ਦੀਆਂ ਬੋਰੀਆਂ ਰੱਖੀਆਂ ਜਾਣਗੀਆਂ, ਜਿੱਥੇ ਫ਼ਸਲਾਂ ਦੀ ਢੇਰੀਆਂ ਰੱਖੀਆਂ ਜਾਣਗੀਆਂ, ਜਿੱਥੇ ਪੱਖੇ ਨੂੰ ਸੁੱਕਣ ਲਈ ਲਾਇਆ ਜਾਵੇਗਾ ਅਤੇ ਕਿਥੇ ਮਜ਼ਦੂਰ ਖੜੇ ਹੋਣਗੇ, ਇਨ੍ਹਾਂ ਸਾਰੀਆਂ ਚੀਜ਼ਾਂ ਦੀ ਮਾਰਕੀਟਿੰਗ ਪਹਿਲਾਂ ਹੀ ਕਰਵਾਈ ਗਈ ਹੈ ਤਾਂ ਜੋ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਫ਼ਸਲਾਂ ਖ਼ਰੀਦਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਕਣਕ ਦਾ ਇੱਕ-ਇੱਕ ਦਾਣਾ ਖ਼ਰੀਦਿਆ ਜਾਵੇਗਾ, ਪਰ ਇਸ ਦੇ ਨਾਲ ਹੀ ਸਾਨੂੰ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਧਿਆਨ ਧਿਆਨ ਵਿੱਚ ਰੱਖਦਿਆਂ ਸੋਸ਼ਲ ਡਿਸਟੈਂਸਿੰਗ ਅਤੇ ਕਰਫ਼ਿਊ ਦੇ ਨਿਯਮਾਂ ਦਾ ਪੂਰਾ ਪਾਲਨ ਕਰਨਾ ਹੋਵੇਗਾ ਤਾਂ ਜੋ ਇਸ ਬਿਮਾਰੀ ਨੂੰ ਅੱਗੇ ਵਧਣ ਤੋ ਰੋਕਿਆਂ ਜਾ ਸਕੇ।