ਫਿਰੋਜ਼ਪੁਰ, 5 ਮਈ 2020 : ਜ਼ਿਲ੍ਹਾ ਫਿਰੋਜ਼ਪੁਰ ਦੀ ਸਬਜੀ ਮੰਡੀ ਵੇਖੀਏ ਤਾਂ ਲੱਗਦਾ ਹੈ ਕਿ ਲੋਕਾਂ ਨੂੰ ਸਬਜ਼ੀ ਦੇ ਨਾਲ - ਨਾਲ ਕੋਰੋਨਾ ਵੀ ਪਰੋਸ ਰਹੀ ਹੈ ਕਿਉਂਕਿ ਇੱਥੇ ਗਾਹਕਾਂ, ਦੁਕਾਨਦਾਰਾਂ ਤੇ ਆੜ੍ਹਤੀਆਂ ਵੱਲੋਂ ਸ਼ਰੇਆਮ ਸੋਸ਼ਲ ਡਿਸਟੈਂਸ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ । ਮੰਡੀ ਵਿੱਚ ਇੱਕ ਦੂਜੇ ਤੋਂ ਦੂਰੀ ਬਣਾਈ ਰੱਖਣ ਦੇ ਡੀਸੀ ਫਿਰੋਜ਼ਪੁਰ ਦੇ ਹੁਕਮਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਥੇ ਹੀ ਕਰਫਿਊ ਦੇ ਚਲਦਿਆਂ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਸ ਕੁਲਵੰਤ ਸਿੰਘ ਵਲੋਂ ਦੁਕਾਨਾਂ ਅਤੇ ਮੰਡੀਆਂ ਦੇ ਖੋਲਣ ਨੂੰ ਲੈ ਕਿ ਵੱਖ ਵੱਖ ਹੁਕਮ ਜਾਰੀ ਕੀਤੇ ਗਏ ਹਨ। ਜੇਕਰ ਮੰਡੀਆਂ ਦੀ ਗੱਲ ਕਰੀਏ ਤਾਂ ਡੀ ਸੀ ਫਿਰੋਜ਼ਪੁਰ ਵਲੋਂ ਸਬਜ਼ੀ ਮੰਡੀ ਖੋਲਣ ਲਈ ਸੋਮਵਾਰ ਬੁੱਧਵਾਰ ਸੁੱਕਰਵਾਰ ਦੇ ਦਿਨ ਅਲਾਟ ਕੀਤੇ ਹੋਏ ਹਨ। ਪਰ ਅੱਜ ਡੀ ਸੀ ਦੇ ਹੁਕਮਾਂ ਨੂੰ ਅਣਗੌਲਿਆ ਕਰ ਮੰਗਲਵਾਰ ਫਿਰੋਜ਼ਪੁਰ ਸ਼ਹਿਰ ਦੀ ਸਬਜ਼ੀ ਮੰਡੀ ਚ ਦੁਪਹਿਰ 12 ਵਜੇ ਤੋਂ ਸ਼ਾਮ 7 ਵਜੇ ਤੱਕ ਖੋਲ ਕੇ ਮੰਡੀ ਵਿਚ ਸਬਜ਼ੀਆਂ ਦੀ ਖੁੱਲ ਕੇ ਵੇਚ - ਖਰੀਦ ਕੀਤੀ ਗਈ ਹੈ । ਛੁੱਟੀ ਵਾਲੇ ਦਿਨ ਦਾ ਸਬਜ਼ੀਆਂ ਦੇ ਖਰੀਦ ਵੇਚ ਦੇ ਪੈਸੇ ਕਿਸ ਖਾਤੇ ਜਾਣਗੇ ਇਹ ਮਾਰਕਿਟ ਕਮੇਟੀ ਫਿਰੋਜ਼ਪੁਰ ਉਪਰ ਇਕ ਸਵਾਲੀਆ ਨਿਸ਼ਾਨ ਹੈ। ਜਦੋਂ ਮੰਡੀ ਦੇ ਕੁਝ ਆੜਤੀਆਂ ਨਾਲ ਗਾਹਕ ਬਣ ਕੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੀ ਉਪਰ ਗੱਲ ਹੋ ਚੁੱਕੀ ਹੈ । ਸਬਜ਼ੀ ਦਾ ਤਾਂ ਇਸ ਤਰ੍ਹਾਂ ਹੀ ਕੰਮ ਰੋਜ਼ਾਨਾ ਚੱਲੇਗਾ ।
"ਕੀ ਕਹਿੰਦੇ ਹਨ ਸੈਕਟਰੀ ਮਾਰਕਿਟ ਕਮੇਟੀ :-
ਇਸ ਸਬੰਧੀ ਜਦੋ ਸੈਕਟਰੀ ਮਾਰਕਿਟ ਕਮੇਟੀ ਫਿਰੋਜ਼ਪੁਰ ਸ਼੍ਰੀ ਮੁਕੇਸ਼ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਡੀ ਸੀ ਫਿਰੋਜ਼ਪੁਰ ਵਲੋਂ ਮੁੱਕਰਰ ਕੀਤੇ ਦਿਨ ਤੋਂ ਇਲਾਵਾ ਸ਼ਾਮ ਦੀ ਸਬਜ਼ੀ ਮੰਡੀ ਖੋਲਣ ਲਈ ਵੀ ਸਰਕਾਰੀ ਤੌਰ 'ਤੇ ਉਹਨਾਂ ਕੋਲ ਹੁਕਮ ਹਨ। ਜਦੋਂ ਅੱਜ ਦੀ ਸਬਜ਼ੀ ਦੀ ਖਰੀਦ ਵੇਚ ਦੀ ਮਾਰਕਿਟ ਕਮੇਟੀ ਫੀਸ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਇਹ ਖਰੀਦ ਵੇਚ ਅਗਲੇ ਦਿਨ 'ਚ ਦਰਜ ਕੀਤੀ ਜਾਵੇਗੀ।