ਫਿਰੋਜ਼ਪੁਰ ਦੇ ਪਿੰਡ ਵਾੜਾ ਭਾਈ ਕਾ 'ਚ ਪੁਲਸ - ਪਬਲਿਕ ਆਹਮੋ ਸਾਹਮਣੇ
ਫਿਰੋਜ਼ਪੁਰ 24 ਅਪ੍ਰੈਲ 2020 : ਫਿਰੋਜ਼ਪੁਰ ਦੇ ਪਿੰਡ ਵਾੜਾ ਭਾਈ ਕਾ ਨੂੰ ਕੋਰੋਨਾ ਪੋਜ਼ਿਟਿਵ ਮਰੀਜ਼ ਆਉਣ ਨਾਲ ਸੀਲ ਕਰ ਦਿੱਤਾ ਗਿਆ ਸੀ। ਪਰ ਘਰਾਂ ਵਿਚ ਬੰਦ ਲੋਕ ਅਤੇ ਪਹਿਰੇ ਤੇ ਪੁਲਸ ਮੁਲਾਜ਼ਮਾਂ ਵਿਚਕਾਰ ਅੱਜ ਝੜਪ ਹੋ ਗਈ ਜੋ ਗਾਲ੍ਹੀ ਗਲੋਚ ਤੇ ਪੁੱਜ ਗਈ।
ਵਰਣਯੋਗ ਹੈ ਕਿ ਲੁਧਿਆਣਾ ਦੇ ਏ ਸੀ ਪੀ ਅਨਿਲ ਕੁਮਾਰ ਕੋਹਲੀ ਦੇ ਗੰਨਮੈਨ ਪਰਮਜੋਤ ਸਿੰਘ ਦਾ ਕੋਰੋਨਾ ਪੋਜ਼ਿਟਿਵ ਨਿਕਲਣ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਵੱਲੋ ਪਿੰਡ ਵਾੜਾ ਭਾਈ ਕਾ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਸੀ। ਪਿੰਡ ਵਿਚੋਂ ਕਿਸੇ ਨੂੰ ਵੀ ਨਾ ਪਿੰਡ ਦੇ ਅੰਦਰ ਅਤੇ ਨਾ ਹੀ ਕਿਸੇ ਨੂੰ ਬਾਹਰ ਜਾਣ ਦੀ ਇਜਾਜ਼ਤ ਹੈ। ਪਰ ਅੱਜ ਪਿੰਡ ਵਿਚ ਪਹਿਰੇ ਤੇ ਤਾਇਨਾਤ ਪੁਲਸ ਦੇ ਜੁਆਨਾ ਅਤੇ ਪਿੰਡ ਵਾਲਿਆਂ ਵਿੱਚ ਝੜਪ ਹੋ ਗਈ। ਝੜਪ ਦੀ ਇੱਕ ਵੀਡੀਓ ਵੀ ਵਾਇਰਲ ਹੋ ਗਈ। ਜਿਸ ਵਿੱਚ ਇੱਕ ਨੌਜਵਾਨ ਪੁਲਸ ਮੁਲਾਜ਼ਮ 'ਤੇ ਗਾਹਲਾਂ ਕੱਢਣ ਦੇ ਇਲਜ਼ਾਮ ਲਗਾ ਰਿਹਾ ਹੈ ਅਤੇ ਪੁਲਸ ਨੌਜਵਾਨ ਉਸ ਨੂੰ ਬਾਹਰ ਨਹੀਂ ਜਾਣ ਦੇਵਾਂਗੇ ਬਾਰੇ ਕਹਿ ਰਿਹਾ ਹੈ। ਝੜਪ ਦਾ ਕਾਰਨ ਦੱਸਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਉਹਨਾਂ ਦੇ ਪਸ਼ੂ ਭੁੱਖੇ ਮਰ ਰਹੇ ਹਨ। ਪਸ਼ੂਆਂ ਨੂੰ ਪਾਉਣ ਲਈ ਪੱਠੇ ਤੱਕ ਨਹੀ ਲਿਆਉਣ ਦਿੱਤੇ ਜਾ ਰਹੇ। ਇਕ ਨੌਜਵਾਨ ਨੇ ਫੋਨ 'ਤੇ ਦੱਸਿਆ ਕਿ ਪੁਲਸ ਵਾਲੇ ਮੁਲਾਜ਼ਮ ਸਾਡੇ ਨਾਲ ਵਿਤਕਰਾ ਕਰਦੇ ਹਨ। ਜਿਹੜੇ ਲੋਕ ਇਹਨਾ ਚਾਹ ਪਾਣੀ ਜਾਂ ਰੋਟੀ ਵਗੈਰਾ ਖੁਆਉਂਦੇ ਹਨ ਉਹ ਆਪਣੀ ਮਰਜ਼ੀ ਨਾਲ ਆ ਜਾ ਸਕਦੇ ਹਨ ਪਰ ਹੋਰਨਾਂ ਵਾਸਤੇ ਪਿੰਡ ਪੂਰੀ ਤਰ੍ਹਾਂ ਸੀਲ ਹੈ। ਓਧਰ ਇਸ ਸਬੰਧੀ ਥਾਣਾ ਘੱਲ ਖੁਰਦ ਦੇ ਇੰਚਾਰਜ ਗੁਰਮੇਲ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਪਿੰਡ ਨੂੰ ਸੀਲ ਕੀਤਾ ਗਿਆ ਹੈ, ਇਹ ਸਭ ਕੁਝ ਲੋਕਾਂ ਦੀ ਭਲਾਈ ਲਈ ਕੀਤਾ ਗਿਆ ਹੈ ਤਾਂ ਜੋ ਕੋਰੋਨਾ ਵਰਗਾ ਭਿਆਨਿਕ ਬਿਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ। ਪਰ ਕੁਝ ਕੁ ਲੋਕ ਜਾਣ ਬੁਝ ਕੇ ਡਿਊਟੀ ਵਿਚ ਵਿਘਨ ਪਾ ਰਹੇ ਹਨ। ਉਹਨਾਂ ਕਿਹਾ ਕਿ ਲੋਕ ਫਰਜ਼ ਸਮਝਣ ਅਤੇ ਪੁਲਸ ਦਾ ਸਾਥ ਦੇਣ।