- ਰੈਪਿਡ ਟੈਸਟਿੰਗ ਕਿੱਟਾਂ ਮਿਲਣ ਨਾਲ ਰੋਜਾਨਾ ਟੈਸਟਿੰਗ ਦੀ ਗਿਣਤੀ ਵੱਧੇਗੀ ਅਤੇ - ਕਾਰਵਾਈ ਵਿਚ ਵੀ ਹੋਵਗੀ ਤੇਜੀ - ਸਿਵਲ ਸਰਜਨ
- ਰੈਪਿਡ ਟੈਸਟ ਕਿੱਟਾਂ ਦਾ ਫਲੂ ਕਾਰਨਰ ਸਕਰੀਨਿੰਗ ਲਈ ਹੋਵੇਗਾ ਵੱਡਾ ਫਾਇਦਾ
ਫਿਰੋਜ਼ਪੁਰ, 21 ਅਪ੍ਰੈਲ 2020 : ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਨੂੰ ਕਰੋਨਾ ਵਾਈਰਸ ਦੇ ਟੈਸਟ ਸਬੰਧੀ 100 ਰੇਪਿਡ ਟੈਸਟਿੰਗ ਕਿੱਟਾਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਦੀ ਸਹਾਇਤਾ ਨਾਲ ਘੱਟ ਸਮੇ ਵਿੱਚ ਹੀ ਕਿਸੇ ਵੀ ਮਰੀਜ ਦੇ ਕਰੋਨਾ ਇਨਫੈਕਸ਼ਨ (ਸੰਕਰਮਣ) ਬਾਰੇ ਪਤਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਿਹਤ ਸਹੂਲਤਾਂ ਤਹਿਤ ਇਹ ਟੈਸਟ ਸ਼ੁਰੂ ਵਿਚ ਫਲੂ ਕਾਰਨਰਾਂ 'ਤੇ ਸੱਤ ਦਿਨਾਂ ਤੋਂ ਵੱਧ ਲੱਛਣਾਂ ਵਾਲੇ ਸਾਰੇ ਮਰੀਜ਼ਾਂ 'ਤੇ ਕੀਤਾ ਜਾਏਗਾ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਦੱਸਿਆ ਕਿ ਇਸ ਟੈਸਟ ਰਾਹੀਂ ਸਿਰਫ਼ ਇਕੋ ਛੇਕ ਕਰਕੇ ਟੈਸਟ ਲਈ ਖੂਨ ਦੇ ਨਮੂਨੇ ਲਏ ਜਾਂਦੇ ਹਨ ਅਤੇ 15 ਮਿੰਟਾਂ ਵਿਚ ਨਤੀਜਾ ਉਪਲਬਧ ਹੁੰਦਾ ਹੈ। ਟੈੱਸਟ ਕਰਨ ਤੋਂ ਬਾਅਦ ਜੇਕਰ ਨਤੀਜਾ ਪੋਸਟਿਵ ਆਉਂਦਾ ਹੈ ਤਾਂ ਉਸ ਦਾ ਪੀਸੀਆਰ (ਪੁਰਾਨਾ ਟੈਸਟ) ਕੀਤਾ ਜਾਵੇਗਾ ਅਤੇ ਜੇਕਰ ਨਤੀਜਾ ਨੈਗੇਟਿਵ ਆਉਂਦਾ ਹੈ ਤਾਂ ਮਰੀਜ ਨੂੰ ਹੋਮ ਆਈਸੋਲੇਸ਼ਨ ਲਈ ਭੇਜਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਰਕਾਰ ਵੱਲੋਂ ਰੋਜਾਨਾ ਜਿਆਦਾ ਤੋਂ ਜਿਆਦਾ ਲੋਕਾਂ ਦੀ ਟੈਸਟਿੰਗ ਕਰਨ ਲਈ ਪੂਲਿੰਗ ਆਫ ਸੈਂਪਲ ਕਰਨ ਦੀਆਂ ਹਦਾਇਤਾਂ ਜਾਰੀ ਹੋਇਆਂ ਹਨ, ਜਿਸ ਤਹਿਤ 5-5 ਵਿਅਕਤੀਆਂ ਦਾ ਇੱਕ ਪੂਲ ਬਣਾਕੇ ਇੱਕਠਾ ਟੈੱਸਟ ਕੀਤਾ ਜਾਵੇਗਾ ਅਤੇ ਜੇਕਰ 5 ਵਿਅਕਤੀਆਂ ਵਿਚੋਂ ਕਿਸੇ ਇੱਕ ਦਾ ਪੋਜ਼ਿਟਿਵ ਟੈਂਸਟ ਆਉਂਦਾ ਹੈ ਤਾਂ ਫਿਰ ਸਾਰੇ 5 ਵਿਅਕਤੀਆਂ ਦਾ ਵੱਖਰਾ ਵੱਖਰਾ ਟੈੱਸਟ ਲਿਆ ਜਾਵੇਗਾ ਅਤੇ ਐਕਸ਼ਨ ਪਲਾਨ ਤਹਿਤ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਰੈਪਿਡ ਟੈਸਟ ਕਿੱਟਾਂ ਮਿਲਣ ਨਾਲ ਪਹਿਲਾਂ ਜੋ ਨਤੀਜਿਆਂ ਅਤੇ ਉਸ ਸਬੰਧੀ ਕਾਰਵਾਈ ਵਿਚ ਦੇਰੀ ਹੁੰਦੀ ਸੀ ਉਹ ਕੰਮ ਸੋਖਾ ਤੇ ਜਲਦੀ ਹੋ ਜਾਵੇਗਾ।