← ਪਿਛੇ ਪਰਤੋ
ਗੁਰਨਾਮ ਸਿੱਧੂ
ਫਿਰੋਜ਼ਪੁਰ, 24 ਮਾਰਚ 2020 - ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਕਰਫ਼ਿਊ ਦੌਰਾਨ ਫਿਰੋਜ਼ਪੁਰ 'ਚ ਪੂਰੀ ਤਰ੍ਹਾਂ ਬੰਦ ਦਾ ਅਸਰ ਦਿਸਿਆ। ਜਿਸ ਦਾ ਸਿਹਰਾ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੁਲਸ ਦੇ ਜੁਆਨਾ ਨੂੰ ਜਾਂਦਾ ਹੈ। ਜਿਨ੍ਹਾਂ ਨੇ ਹਰ ਫਿਰੋਜ਼ਪੁਰ ਵਾਸੀ ਨੂੰ ਸਮਝਾ ਬੁਝਾ ਕੇ ਘਰਾਂ ਤੋਂ ਬਾਹਰ ਨਹੀਂ ਆਉਣ ਦਿੱਤਾ। ਹਾਲਾਂਕਿ ਸਵੇਰੇ ਸਵੇਰੇ ਸ਼ਹਿਰ ਦੀ ਸਬਜ਼ੀ ਮੰਡੀ ਖੁੱਲ੍ਹੀ ਸੀ ਜਿਸ ਨੂੰ ਪੁਲਸ ਨੇ ਜਲਦੀ ਬੰਦ ਕਰਵਾ ਦਿੱਤਾ। ਸ਼ਹਿਰਾਂ ਅਤੇ ਪਿੰਡਾਂ ਵਿੱਚ ਥਾਂ ਥਾਂ ਪੁਲਸ ਪੂਰੀ ਤਰ੍ਹਾਂ ਮੁਸਤੈਦੀ ਨਾਲ ਕੰਮ ਕਰਦੀ ਨਜ਼ਰ ਆਈ। ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵਲੋਂ ਹਾਲਾਤਾਂ ਤੇ ਪੂਰੀ ਨਜ਼ਰ ਰੱਖੀ ਹੋਈ ਹੈ ਅਤੇ ਸਮੇਂ ਸਮੇਂ ਤੇ ਫਿਰੋਜ਼ਪੁਰ ਵਾਸੀਆਂ ਨੂੰ ਹਦਾਇਤਾਂ ਦੇਕੇ ਸਾਥ ਦੇਣ ਦੀ ਬੇਨਤੀ ਕੀਤੀ ਜਾ ਰਹੀ ਹੈ। ਜ਼ਿਲ੍ਹੇ ਦੇ ਐੱਸ ਐੱਸ ਪੀ ਭੁਪਿੰਦਰ ਸਿੰਘ ਆਪਣੀ ਪੂਰੀ ਟੀਮ ਨਾਲ ਲੋਕਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਲਈ ਤਤਪਰ ਦਿੱਸੇ। ਓਧਰ ਫਿਰੋਜ਼ਪੁਰ ਦੇ ਆਮ ਲੋਕ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਵਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਖੁਸ਼ ਨਜ਼ਰ ਆਏ। ਆਮ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਕਰਫ਼ਿਊ ਵਾਲਾ ਫ਼ੈਸਲਾ ਸ਼ਲਾਘਾਯੋਗ ਹੈ। ਜਿਸ ਨਾਲ ਕੋਰੋਨਾ ਵਾਇਰਸ ਵਰਗੀ ਨਾ ਮੁਰਾਦ ਬਿਮਾਰੀ ਤੇ ਕਾਬੂ ਪਾਇਆ ਜਾ ਸਕਦਾ ਹੈ। ਜ਼ਿਲਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸਹਾਇਤਾ ਲਈ ਹੈਲਪ ਲਾਈਨ ਜਾਰੀ ਕੀਤੇ ਗਏ ਹਨ ਤਾਂ ਜੋ ਲੋੜ ਅਤੇ ਮੁਸੀਬਤ ਵੇਲੇ ਉਹਨਾਂ ਦੀ ਹੈਲਪ ਹੋ ਸਕੇ।
Total Responses : 267