ਰਜਨੀਸ਼ ਸਰੀਨ
- ਕਾਮਿਆਂ ਨੂੰ 2-2 ਮੀਟਰ ਦੇ ਫ਼ਾਸਲੇ ’ਤੇ ਰੱਖਣਾ ਲਾਜ਼ਮੀ
ਨਵਾਂਸ਼ਹਿਰ, 29 ਮਾਰਚ 2020 - ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਨੇ ਕੋਵਿਡ-19 ਦੇ ਮੱਦੇਨਜ਼ਰ ਜ਼ਿਲ੍ਹੇ ’ਚ ਬੰਦ ਕੀਤੀਆਂ ਗਈਆਂ ਫੈਕਟਰੀਆਂ ਨੂੰ ਰਾਹਤ ਦਿੰਦੇ ਹੋਏ ਸ਼ਰਤਾਂ ਸਹਿਤ ਚਲਾਉਣ ਦੀ ਮਨਜੂਰੀ ਦੇ ਦਿੱਤੀ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਾਬਤਾ ਸੰਘਤਾ 1973 (1974 ਦਾ ਐਕਟ ਦਾ ਨੰ: 2 ਦੀ ਧਾਰਾ 144 ਅਧੀਨ ਮਿਤੀ 23-03-2020 ਨੂੰ ਜਾਰੀ ਕੀਤੇ ਗਏ ਉਕਤ ਕਰਫ਼ਿਊ ਦੇ ਆਦੇਸ਼ਾਂ ਵਿਚ ਅੰਸ਼ਿਕ ਸੋਧ ਕਰਦੇ ਹੋਏ ਫੈਕਟਰੀਆਂ ’ਚ ਮਜ਼ਦੂਰਾਂ ਨੂੰ ਨਿਮਨਲਿਖਤ ਸ਼ਰਤਾਂ ਮੁਤਾਬਕ ਮਜ਼ਦੂਰਾਂ ਪਾਸੋਂ ਕੰਮ ਕਰਵਾਉਣ ਦੀ ਆਗਿਆ ਦਿੱਤੀ ਹੈ। ਇਨ੍ਹਾਂ ਸ਼ਰਤਾਂ ਮੁਤਾਬਕ ਫੈਕਟਰੀ ਮਾਲਕ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਹਰ ਕਾਮੇ ਵਿਚ 2-2 ਮੀਟਰ ਦਾ ਫਾਸਲਾ ਬਣਾ ਕੇ ਰੱਖਣਗੇ। ਕੋਵਿਡ-19 ਸਬੰਧੀ ਸਬੰਧੀ ਪ੍ਰੋਟੋਕਾਲ ਦੀ ਪਾਲਣਾ ਵਿਚ ਹਰ ਕਰਮਚਾਰੀ/ਵਰਕਰ/ਲੇਬਰ ਲਈ ਆਪਣੇ ਮੂੰਹ ’ਤੇ ਮਾਸਕ ਪਾਉਣਾ ਲਾਜ਼ਮੀ ਹੋਣਗੇ ਅਤੇ ਸੈਨੀਟਾਈਜ਼ਰ ਦਾ ਮੁਕੰਮਲ ਪ੍ਰਬੰਧ ਕੀਤਾ ਜਾਵੇ ਅਤੇ ਵਰਕਰਾਂ ਦੀ ਕੰਮ ਕਰਨ ਵਾਲੀ ਥਾਂ ਨੂੰ ਸੈਨੀਟਾਈਜ਼ ਕਰਵਾਇਆ ਜਾਣਾ ਲਾਜ਼ਮੀ ਹੋਵੇਗਾ।
ਫੈਕਟਰੀ ਮਾਲਕ ਇਹ ਯਕੀਨੀ ਬਣਾਉਣਗੇ ਕਿ ਲੇਬਰ/ਵਰਕਰ/ਕਰਮਚਾਰੀਆਂ ਨੂੰ ਪੂਰੀਆਂ ਸਹੂਲਤਾਂ ਭਾਵ ਮੈਡੀਕਲ/ਖਾਣਾ-ਪੀਣਾ/ਵਿੱਤੀ ਸਹਾਇਤਾ (ਜੇਕਰ ਲੋੜ ਹੋਵੇਗੀ) ਤਾਂ ਮੁਹੱਈਆ ਕਰਵਾਉਣਗੇ। ਫੈਕਟਰੀ ਮਾਲਕ ਲਈ ਫੈਕਟਰੀ ਨੂੰ ਖੋਲ੍ਹਣ ਤੋਂ ਪਹਿਲਾਂ ਇਸ ਮੰਤਵ ਲਈ ਤੈਨਾਤ ਕੀਤੇ ਗਏ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ-ਕਮ-ਨੋਡਲ ਅਫ਼ਸਰ, ਕੋਵਿਡ-19 ਤੋਂ ਲਿਖਤੀ ਰੂਪ ਵਿਚ ਪਾਸ/ਪ੍ਰਵਾਨਗੀ ਹਾਸਿਲ ਕਰਨੀ ਯੋਗ ਹੋਵੇਗੀ।
ਇਸ ਦੇ ਨਾਲ ਹੀਫੈਕਟਰੀ ਮਾਲਕ ਇਹ ਵੀ ਸੁਨਿਸ਼ਚਤ ਕਰਨਗੇ ਕਿ ਲੇਬਰ/ਕਰਮਚਾਰੀਆਂ/ਵਰਕਰਾਂ ਨੂੰ ਇਕੱਠਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਕੇਵਲ ਫੈਕਟਰੀ ਦੇ ਅੰਦਰ ਹੀ ਕੰਮ ਕਰਨਗੇ। ਉਨ੍ਹਾਂ ਨੂੰ ਫੈਕਟਰੀ ਕੁਆਰਨਟਾਈਨ ਕੀਤਾ ਜਾਵੇਗਾ। ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਸ਼ਹੀਦ ਭਗਤ ਸਿੰਘ ਨਗਰ, ਸਹਾਇਕ ਲੇਬਰ ਕਮਿਸ਼ਨਰ, ਜਲੰਧਰ/ਹੁਸ਼ਿਆਰਪੁਰ, ਕਾਰਜਕਾਰੀ ਇੰਜੀਨੀਅਰ ਪ੍ਰਦੂਸ਼ਨ ਕੰਟਰੋਲ ਬੋਰਡ, ਹੁਸ਼ਿਆਰਪੁਰ ਅਤੇ ਸਬੰਧਤ ਐਸ.ਐਮ.ਓ. ਸਮੇਂ-ਸਮੇਂ ਤੇ ਅਜਿਹੀਆਂ ਫੈਕਟਰੀਆਂ ਦੀ ਚੈਕਿੰਗ ਕਰਨਗੇ ਕਿ ਕੋਵਿਡ-19 ਮੁਤਾਬਿਕ ਸ਼ੋਸਲ ਡਿਸਟੈਂਸ ਤੇ ਹੋਰ ਹਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ।
ਜੇਕਰ ਫੈਕਟਰੀ ਮਾਲਕ ਉਕਤ ਸ਼ਰਤਾਂ ਦੀ ਪਾਲਣਾ ਨਹੀਂ ਕਰਦਾ ਤਾਂ ਇਹ ਫੈਕਟਰੀ ਚਲਾਉਣ ਦੀ ਆਗਿਆ ਰੱਦ ਕਰ ਦਿੱਤੀ ਜਾਵੇਗੀ। ਤਮਾਮ ਲੇਬਰ/ਕਰਮਚਾਰੀ/ਵਰਕਰ ਨੂੰ ਕਰਫਿਊ/ਲਾਕ ਡਾਊਨ ਦੇਂ ਸਮੇਂ ਦੌਰਾਨ ਤੱਕ, ਆਪਣੀ-ਆਪਣੀ ਫੈਕਟਰੀ ਵਿਚ ਹੀ ਕੁਅਰਾਨਟਾਈਨ ਕਰਕੇ ਰੱਖਿਆ ਜਾਵੇਗਾ ਅਤੇ ਉਨ੍ਹਾਂ ਨੂੰ ਹਰ ਪ੍ਰਕਾਰ ਦੀ ਮੈਡੀਕਲ/ਖਾਣ/ਪੀਣ/ਰਹਿਣ ਆਦਿ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਸਬੰਧਤ ਫੈਕਟਰੀ ਮਾਲਕ ਦੀ ਹੋਵੇਗੀ।
ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਉਕਤ ਹੁਕਮ ਨੂੰ ਲਾਗੂ ਕਰਨ ਲਈ ਜੇਕਰ ਕੋਈ ਕਰਫਿਊ ਪਾਸ ਜਾਰੀ ਕਰਨਾ ਪੈਂਦਾ ਹੈ ਤਾਂ ਉਸਦੇ ਅਧਿਕਾਰ ਜਨਰਲ ਮੈਨੇਜਰ, ਉਦਯੋਗ ਕੇਂਦਰ, ਸ਼ਹੀਦ ਭਗਤ ਸਿੰਘ ਨਗਰ ਨੂੰ ਦਿੱਤੇ ਜਾਂਦੇ ਹਨ। ਇਸ ਮੰਤਵ ਲਈ ਪਾਸ ਬਣਾਉਣ ਲਈ ਇੱਕ ਸੈਲ ਬਣਾਇਆ ਜਾਵੇ ਅਤੇ ਫੈਕਟਰੀਆਂ ਨਾਲ ਸਬੰਧਤ ਲੋਕਾਂ ਨੂੰ ਸਮੇਂ ਸਿਰ ਪਾਸ ਜਾਰੀ ਕਰਨੇ ਯਕੀਨੀ ਬਣਾਏ ਜਾਣ।