ਅਸ਼ੋਕ ਵਰਮਾ
- ਲੋਕਾਂ ਨੂੰ ਕੁੱਟਣ ਦੀ ਥਾਂ ਸਮਝਣ-ਸਮਝਾਉਣ ਦੀ ਲੋੜ
ਬਠਿੰਡਾ, 2 ਅਪ੍ਰੈਲ 2020 - ਕੋਰੋਨਾ-ਕਰਫਿਊ ਨੂੰ ਹੋਰ ਕਸਣ ਲਈ ਜਲੰਧਰ ਵਿੱਚ ਨੀਮ ਸੈਨਿਕ ਬਲਾਂ ਦੀ ਕੀਤੀ ਤਾਇਨਾਤੀ ਸਰਕਾਰ ਦੇ ਇਰਾਦੇ ਨੂੰ ਜ਼ਾਹਰ ਕਰਦੀ ਹੈ ਕਿ ਸਰਕਾਰਾਂ ਨੇ ਕੋਰੋਨਾ ਵਾਇਰਸ ਨੂੰ ਰੋਕਣ ਲਈ ਸਾਰੀ ਟੇਕ ਪੁਲਿਸ-ਫੌਜ ਉੱਪਰ ਹੀ ਰੱਖੀ ਹੋਈ ਹੈ। ਉਨ੍ਹਾਂ ਚੇਤਾ ਕਰਾਇਆ ਕਿ ਮੈਡੀਕਲ ਸਿੱਖਿਆ ਤੇ ਮੈਡੀਕਲ ਸਾਧਨਾਂ ਨੂੰ ਅਤੇ ਲੋਕਾਂ ਦੀਆਂ ਜਰੂਰਤਾਂ ਦੀ ਪੂਰਤੀ ਨੂੰ ਤਵੱਜੋਂ ਨਹੀਂ ਹੈ। ਲੋਕ ਮੋਰਚਾ ਪੰਜਾਬ ਦੇ ਸੂਬਾ ਜਥੇਬੰਦਕ ਸਕੱਤਰ ਜਗਮੇਲ ਸਿੰਘ ਨੇ ਪ੍ਰੈਸ ਬਿਆਨ ਰਾਹੀਂ ਇਸ ਗੱਲ ਉੱਤੇ ਜ਼ੋਰ ਦਿੱਤਾ ਹੈੈ ਕਿ ਸਰਕਾਰਾਂ ਨੂੰ ਅਮਲੀ ਪੱਧਰ ਉੱਪਰ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਮਨੋਂ ਤਿਆਰ ਕਰਨ ਵਾਸਤੇ ਸਰਕਾਰੀ ਤੇ ਪ੍ਰਾਈਵੇਟ ਵੱਡੇ ਡਾਕਟਰਾਂ ਤੇ ਸਿਹਤ ਕਰਮਚਾਰੀਆਂ, ਆਗਣਵਾੜੀ ਵਰਕਰਾਂ, ਨਿੱਜੀ ਪੇਂਡੂ ਡਾਕਟਰਾਂ ਤੇ ਲੋਕ-ਸੰਗਠਨਾਂ ਦੇ ਆਗੂਆਂ ਦੀਆਂ ਮੈਡੀਕਲ ਟੀਮਾਂ ਅਤੇ ਜਰੂਰੀ ਲੋੜਾਂ ਲਈ ਪੂਰਤੀ-ਟੀਮਾਂ ਵੱਖਰੀਆਂ ਭੇਜੇ ਜਾਣ ਦੀ ਲੋੜ ਹੈ। ਏਹਦੇ ਲਈ ਡਾਕਟਰੀ ਅਮਲੇ ਦੀ ਤੁਰੰਤ ਬਕਾਇਦਾ ਭਰਤੀ ਕੀਤੀ ਜਾਵੇ। ਉਨਾਂ ਕਿਹਾ ਕਿਮਜ਼ਦੂਰਾਂ ਤੇ ਗਰੀਬਾਂ ਦੀਆਂ ਲੋੜਾਂ ਦੀ ਪੂਰਤੀ ਲਈ ਰਕਮਾਂ ਤੁਰੰਤ ਅਮਲੀ ਪੱਧਰ ’ਤੇ ਉਹਨਾਂ ਕੋਲ ਪਹੁੰਚਦੀਆਂ ਕੀਤੀਆਂ ਜਾਣ।
ਸਕੱਤਰ ਨੇ ਕਿਹਾ ਕਿ ਲਾਕ-ਡਾਊਨ ਦੌਰਾਨ ਬਾਹਰ ਗਲੀਆਂ-ਸੜਕਾਂ ’ਤੇ ਨਿਕਲ ਆਉਣਾ, ਇਸ ਬੀਮਾਰੀ ਤੋਂ ਬਚਾਅ ਦੇ ਉਪਾਵਾਂ ਦੀ ਜਾਣਕਾਰੀ ਦੀ ਜਾਂ ਅਹਿਸਾਸ ਦੀ ਘਾਟ ਦਾ ਸਿੱਟਾ ਹੈ ਜਾਂ ਜਰੂਰੀ ਲੋੜਾਂ ਦੀ ਪੂਰਤੀ ਉੱਪਰ ਦੀ ਪਈ ਹੋਣ ਦਾ ਸਿੱਟਾ ਹੈ। ਉਨ੍ਹਾਂ ਕਿਹਾ ਕਿ ਕਿਸ ਦਾ ਦਿਲ ਕਰਦਾ ਪੁਲਸੀ ਡਾਂਗਾਂ ਖਾਣ ਨੂੰ। ਉਨ੍ਹਾਂ ਕਿਹਾ ਕਿ ਇਸ ਕਰਕੇ ਮੈਡੀਕਲ ਸੁਝਾਊ-ਸਮਝਾਊ ਟੀਮਾਂ ਤੇ ਲੋੜੀਂਦਾ ਸਮਾਨ ਪਹੁੰਚਾਊ ਟੀਮਾਂ ਦਾ ਲੋਕਾਂ ’ਚ ਜਾਣ ਦੀ ਲੋੜ ਤੇ ਮਹੱਤਵ ਪੁਲਿਸ ਤੇ ਫੌਜ ਦੀਆਂ ਡਾਂਗਾਂ-ਰਫਲਾਂ ਵਾਲੀਆਂ ਟੀਮਾਂ ਭੇਜਣ ਤੋਂ ਉੱਪਰ ਹੈ।
ਉਨ੍ਹਾਂ ਰੋਸ ਪ੍ਰਗਟਾਇਆ ਕਿ ਮੁਲਕ ਦੇ ਸਭਨਾਂ ਪਾਸਿਆਂ ਤੋਂ ਡਾਕਟਰਾਂ ਤੇ ਕਰਮਚਾਰੀਆਂ ਦੀ ਸਿਹਤ ਸੰਭਾਲ ਸਾਧਨਾਂ ਦੀ ਮੰਗ ਨੂੰ ਪਹਿਲ ਦੇ ਆਧਾਰ ’ਤੇ ਤੁਰੰਤ ਪੂਰਾ ਨਾ ਕਰਕੇ 50 ਟਨ ਤੇ 40 ਟਨ ਹੋਰ ਮੈਡੀਕਲ ਉਪਕਰਣਾਂ ਦਾ ਸਰਬੀਆ ਦੇਸ਼ ਨੂੰ ਵੇਚੇ ਜਾਣਾ ਮੁਲਕ ਦੇ ਸਿਹਤ ਕਾਮਿਆਂ ਨੂੰ ਕੋਵਿਡ-19 ਦੇ ਮੂੰਹ ਧੱਕਣਾ ਹੈ।ਸਿਹਤ ਕਾਮਿਆਂ ਲਈ ਤੁਰੰਤ ਮਾਸਕ,ਸੈਨੇਟਾਈਜ਼ਰ,ਗਲੱਬਜ਼,ਟੈਸਟ-ਕਿਟਾਂ, ਦਵਾਈਆਂ ਤੇ ਮਸ਼ੀਨਾਂ ਜੁਟਾਈਆਂ ਜਾਣ।ਇਸ ਜੰਗ ਵਿੱਚ ਸਰਕਾਰ ਵੱਡੇ ਪ੍ਰਾਈਵੇਟ ਹਸਪਤਾਲਾਂ ਦੀ ਪੂਰੀ ਸਮਰੱਥਾ ਵਰਤੇ ਜਾਣ ਨੂੰ ਹਰ ਹਾਲਤ ਯਕੀਨੀ ਬਣਾਵੇ।