ਅਸ਼ੋਕ ਵਰਮਾ
- ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਰਵਾਈ
ਬਠਿੰਡਾ, 1 ਮਈ 2020 - ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਜ਼ਿਲਾ ਮੈਜਿਸਟ੍ਰੇਟ ਬੀ.ਸ੍ਰੀਨਿਵਾਸਨ ਨੇ ਬਠਿੰਡਾ ਵਿਚ ਮਿਉਂਸੀਪਲ ਹੱਦ ਤੋਂ ਬਾਹਰ ਸਥਿਤ ਉਦਯੋਗਾਂ, ਸਰਕਾਰ ਵੱਲੋਂ ਸਥਾਪਤ ਫ਼ੋਕਲ ਪੁਆਇੰਟਾਂ, ਇੰਡਸਟਰੀਅਲ ਅਸਟੇਟ ਅਤੇ ਇੰਡਸਟਰੀਅਲ ਗਰੋਥ ਸੈਂਟਰਾਂ ਵਿਚ ਸਥਿਤ ਉਦਯੋਗਾਂ ਨੂੰ ਕਰਫ਼ਿਊ ਦੌਰਾਨ ਚਲਾਉਣ ਦੀ ਪ੍ਰਵਾਨਗੀ ਸ਼ਰਤਾਂ ਦੇ ਅਧਾਰ ’ਤੇ ਦਿੱਤੀ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਜੋ ਉਦਯੋਗਪਤੀ ਭਾਰਤ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੇ ਸਮਰੱਥ ਹੈ ਉਹ ਆਪਣਾ ਯੂਨਿਟ ਸ਼ੁਰੂ ਕਰਨ ਤੋਂ ਪਹਿਲਾਂ ਇਸ ਸਬੰਧੀ ਇੱਕ ਸਵੈ ਘੋਸ਼ਣਾ ਪੱਤਰ ਜਨਰਲ ਮੈਨੇਜ਼ਰ, ਜ਼ਿਲਾ ਉਦਯੋਗ, ਕੇਂਦਰ ਬਠਿੰਡਾ ਦੀ ਈਮੇਲ -’ਤੇ ਭੇਜੇਗਾ, ਜਿਸ ਨਾਲ ਉਹ ਉਦਯੋਗ ਨਾਲ ਸਬੰਧਤ ਲੇਬਰ ਦੀ ਗਿਣਤੀ ਅਤੇ ਉਨਾਂ ਨੂੰ ਲਿਆਉਣ ਵਾਲੇ ਵਹੀਕਲ ਦਾ ਵੇਰਵਾ ਨਾਲ ਨੱਥੀ ਕਰੇਗਾ।
ਇਸ ਦੌਰਾਨ ਲੇਬਰ ਨੂੰ ਫ਼ੈਕਟਰੀ/ਯੂਨਿਟ ਦੇ ਅੰਦਰ ਹੀ ਰੱਖਣ ਦੇ ਪ੍ਰਬੰਧ ਕੀਤੇ ਜਾਣਗੇ ਅਤੇ ਜੇਕਰ ਫ਼ੈਕਟਰੀ ਤੇ ਯੂਨਿਟ ਦੇ ਅੰਦਰ ਮੁਕੰਮਲ ਪ੍ਰਬੰਧ ਨਹੀਂ ਹਨ ਤਾਂ ਲੇਬਰ ਦੇ ਫੈਕਟਰੀ ਵਿਚ ਆਉਣ ਜਾਣ ਲਈ ਵਿਸ਼ੇਸ਼ ਵਹੀਕਲ ਦੇ ਪ੍ਰਬੰਧ ਕੀਤਾ ਜਾਵੇਗਾ। ਇਸ ਵਹੀਕਲ ’ਤੇ ਹੀ ਰੋਜਾਨਾ ਲੇਬਰ ਨੂੰ ਉਸ ਦੇ ਘਰ ਤੋਂ ਲਿਆਇਆ ਅਤੇ ਛੱਡਿਆ ਜਾਵੇਗਾ। ਅਜਿਹੇ ਵਹੀਕਲਾਂ ਦਾ ਪ੍ਰਬੰਧ ਉਦਯੋਗਪਤੀ ਨੂੰ ਆਪਣੇ ਪੱਧਰ ’ਤੇ ਹੀ ਕਰਨਾ ਹੋਵੇਗਾ। ਇਸ ਤੋਂ ਇਲਾਵਾ ਉਨਾਂ ਦੱਸਿਆ ਕਿ ਲੇਬਰ ਦੇ ਵਿਅਕਤੀ ਅਤੇ ਫ਼ੈਕਟਰੀ ਮਾਲਕ ਸਵੇਰੇ 10 ਵਜੇ ਤੋਂ ਪਹਿਲਾਂ ਫੈਕਟਰੀ ਵਿਚ ਜਾ ਸਕਦੇ ਹਨ ਅਤੇ ਸ਼ਾਮ 6 ਵਜੇ ਫੈਕਟਰੀ ਤੋਂ ਘਰ ਵਾਪਸ ਆ ਜਾਣਗੇ ਅਤੇ ਦਿਨ ਦੇ ਸਮੇਂ ਵਿਚ ਕੋਈ ਵੀ ਆਉਣ ਜਾਣ ਨਹੀਂ ਕੀਤੀ ਜਾਵੇਗੀ।
ਉਨਾਂ ਕਿਹਾ ਕਿ ਫ਼ੈਕਟਰੀ ਵਿਚ ਕੋਈ ਲੇਬਰ ਦਾ ਵਿਅਕਤੀ ਪੈਦਲ ਜਾਂ ਸਾਈਕਲ ਜਾਂ ਆਪਣੇ ਕਿਸੇ ਨਿੱਜੀ ਵਹੀਕਲ ’ਤੇ ਨਹੀਂ ਆ ਜਾ ਸਕੇਗਾ ਸਗੋਂ ਇਨਾਂ ਦਾ ਆਉਣ ਜਾਣ ਵਿਸ਼ੇਸ਼ ਵਹੀਕਲ ’ਤੇ ਹੀ ਹੋਵੇਗੀ ਜਿਸ ਦਾ ਕਰਫਿਊ ਪਾਸ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜਾਰੀ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਕੰਮ ਦੌਰਾਨ ਸਮਾਜਿਕ ਦੂਰੀ ਬਣਾ ਕੇ ਰੱਖਣੀ ਯਕੀਨੀ ਬਣਾਈ ਜਾਵੇ ਅਤੇ ਭਾਰਤ ਸਰਕਾਰ ਵਲੋਂ ਜਾਰੀ ਐਸ.ਓ.ਪੀ. ਦੀਆਂ ਸ਼ਰਤਾਂ ਦੀ ਪਾਲਣਾ ਕਰਨੀ ਕਰਨੀ ਯਕੀਨੀ ਬਣਾਈ ਜਾਵੇਗੀ। ਜਨਰਲ ਮੈਨੇਜ਼ਰ, ਜ਼ਿਲਾ ਉਦਯੋਗ ਕੇਂਦਰ ਅਤੇ ਸਹਾਇਕ ਲੇਬਰ ਕਮਿਸ਼ਨਰ ਤੇ ਡਿਪਟੀ ਡਾਇਰੈਕਟਰ, ਫ਼ੈਕਟਰੀ ਸਮੇਂ ਸਮੇਂ ’ਤੇ ਇਨਾਂ ਫੈਕਟਰੀ/ਯੂਨਿਟਾਂ ਦਾ ਦੌਰਾ ਕਰਕੇ ਭਾਰਤ ਸਰਕਾਰ/ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਐਸ.ਓ.ਪੀ ਦੀਆਂ ਸਾਰੀਆਂ ਸ਼ਰਤਾਂ ਦੀ ਪਾਲਣਾ ਕੀਤੀ ਜਾਣੀ ਯਕੀਨੀ ਬਣਾਉਣਗੇ।
ਉਨਾਂ ਦੱਸਿਆ ਕਿ ਉਦਯੋਗ ਕੋਵਿਡ 19 ਨਾਲ ਸਬੰਧਤ ਭਾਰਤ ਸਰਕਾਰ/ਰਾਜ ਸਰਕਾਰ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜਾਰੀ ਕੀਤੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨਗੇ। ਜੇਕਰ ਉਨਾਂ ਵਲੋਂ ਹਦਾਇਤਾਂ ਦੀ ਉਲੰਘਣਾ ਕੀਤੀ ਗਈ ਤਾਂ ਉਨਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।