ਅਸ਼ੋਕ ਵਰਮਾ
ਬਠਿੰਡਾ, 3 ਮਈ 2020 - ਪੰਜਾਬ ਤੋਂ ਬਾਹਰ ਤੋਂ ਪਰਤੇ ਲੋਕਾਂ ਦੇ ਲਏ ਨਮੂਨਿਆਂ ਵਿਚੋਂ 33 ਹੋਰ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ੀਟਿਵ ਆਉਣ ਨਾਲ ਹੁਣ ਬਠਿੰਡਾ ਜ਼ਿਲ੍ਹੇ ਵਿਚ ਕੋਵਿਡ 19 ਬਿਮਾਰੀ ਨਾਲ ਲੜ ਰਹੇ ਲੋਕਾਂ ਦੀ ਕੁੱਲ ਗਿਣਤੀ 35 ਹੋ ਗਈ ਹੈ। ਇੰਨ੍ਹਾਂ ਦੀ ਰਿਪੋਰਟ ਬੀਤੀ ਦੇਰ ਰਾਤ ਪ੍ਰਾਪਤ ਹੋਈ ਹੈ ਅਤੇ ਇੰਨ੍ਹਾਂ ਨੂੰ ਇਕਾਂਤਵਾਸ ਕੇਂਦਰ ਤੋਂ ਹੁਣ ਸਰਕਾਰੀ ਹਸਪਤਾਲਾਂ ਵਿਚ ਤਬਦੀਲ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਬਠਿੰਡਾ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਇਸ ਤੋਂ ਬਿਨਾਂ ਬੀਤੀ ਦੇਰ ਸ਼ਾਮ ਜ਼ਿਲ੍ਹੇ ਨਾਲ ਸਬੰਧਤ 173 ਲੋਕਾਂ ਦੀਆਂ ਨੈਗੇਟਿਵ ਰਿਪੋਰਟਾਂ ਵੀ ਪ੍ਰਾਪਤ ਹੋਈਆਂ ਹਨ। ਉਨਾਂ ਨੇ ਦੱਸਿਆ ਕਿ ਹੁਣ ਤੱਕ ਮਹਾਰਾਸ਼ਟਰ ਤੋਂ ਪਰਤੇ ਯਾਤਰੀਆਂ ਦੇ ਲਏ ਸਾਰੇ ਨਮੂਨਿਆਂ ਦੀ ਰਿਪੋਰਟ ਦੇ ਨਤੀਜੇ ਵੀ ਪ੍ਰਾਪਤ ਹੋ ਚੁੱਕੇ ਹਨ ।
ਉਨਾਂ ਦੱਸਿਆ ਕਿ ਮਹਾਰਾਸ਼ਟਰ, ਰਾਜਸਥਾਨ ਗਏ ਸਰਕਾਰੀ ਬੱਸਾਂ ਦੇ ਸਟਾਫ ਨੂੰ ਵੀ ਇਕਾਂਤਵਾਸ ਕੀਤਾ ਹੋਇਆ ਹੈ ਅਤੇ ਉਨਾਂ ਦੇ ਨਮੂਨੇ ਵੀ ਜਾਂਚ ਲਈ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿੰਨਹਾਂ ਦੇ ਨਮੂਨੇ ਨੈਗੇਟਿਵ ਪ੍ਰਾਪਤ ਹੋਏ ਹਨ ਉਨ੍ਹਾਂ ਨੂੰ ਵੀ ਫਿਲਹਾਲ ਘਰ ਨਹੀਂ ਭੇਜਿਆ ਜਾ ਰਿਹਾ ਹੈ ਅਤੇ ਉਹ ਹਾਲੇ ਸਰਕਾਰੀ ਇਕਾਂਤਵਾਸ ਵਿਚ ਹੀ ਰਹਿਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਜਿੰਨਾਂ 35 ਲੋਕਾਂ ਦੀਆਂ ਰਿਪੋਰਟਾਂ ਪਾਜਿਟਵ ਆਈਆਂ ਹਨ ਉਨਾਂ ਵਿਚੋਂ 33 ਬਠਿੰਡਾ ਜ਼ਿਲੇ ਦੇ ਹਨ ਜਦੋਂਕਿ ਇੱਕ ਇੱਕ ਮੋਗਾ ਅਤੇ ਲੁਧਿਆਣਾ ਜ਼ਿਲੇ ਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਸਭ ਹਾਲ ਦੀ ਘੜੀ ਠੀਕ ਠਾਕ ਹਨ ਅਤੇ ਘਬਰਾਉਣ ਦੀ ਜਰੂਰਤ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਇੰਨ੍ਹਾਂ ਸਾਰਿਆਂ ਨੂੰ ਜ਼ਿਲ੍ਹੇ ਵਿਚ ਦਾਖਲ ਹੋਣ ਮੌਕੇ ਤੇ ਹੋ ਹੀ ਇਕਾਂਤਵਾਸ ਵਿਚ ਕਰ ਲਿਆ ਗਿਆ ਸੀ ।
ਉਨ੍ਹਾਂ ਦੱਸਿਆ ਕਿ ਇੰਨ੍ਹਾਂ ਦੇ ਘਰ ਪਰਿਵਾਰ ਨੂੰ ਵੀ ਮਿਲਣ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਲਈ ਹਾਲੇ ਤੱਕ ਜ਼ਿਲੇ ਵਿਚ ਬਿਮਾਰੀ ਦੀ ਇਨਫੈਕਸ਼ਨ ਦੇ ਸਥਾਨਕ ਸ੍ਰੋਤ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਰਾਜਸਥਾਨ ਦੇ ਜੈਸਮਲੇਰ ਤੋਂ ਲੇਬਰ ਦੇ ਜੋ 376 ਵਿਅਕਤੀ ਪਰਤੇ ਸਨ ਉਨਾਂ ਵਿਚੋਂ ਵੀ 60 ਦੀ ਰਿਪੋਰਟ ਨੈਗੇਟਿਵ ਆਈ ਹੈ ।ਬਾਕੀਆਂ ਦੇ ਨਮੂਨੇ ਲਏ ਜਾ ਰਹੇ ਹਨ ਜਦੋਂ ਕਿ ਕੁਝ ਦੇ ਨਮੂਨਿਆਂ ਦੇ ਨਤੀਜੇ ਉਡੀਕੇ ਜਾ ਰਹੇ ਹਨ। ਉਨਾਂ ਨੇ ਕਿਹਾ ਕਿ ਇੰਨ੍ਹਾਂ ਲੋਕਾਂ ਨੂੰ ਤਲਵੰਡੀ ਸਾਬੋ ਵਿਖੇ ਬਣੇ ਇਕਾਂਤਵਾਸ ਕੇਂਦਰਾਂ ਵਿਚ ਠਹਿਰਾਇਆ ਗਿਆ ਹੈ।