ਅਸ਼ੋਕ ਵਰਮਾ
- ਲੋਕ ਕਰਫਿਊ ਦੀ ਸਵੈ ਜਾਬਤੇ ਨਾਲ ਕਰਨ ਪਾਲਣਾ
ਬਠਿੰਡਾ, 31 ਮਾਰਚ 2020 - ਬਠਿੰਡਾ ਸ਼ਹਿਰ ਵਿਚ ਕਰਫਿਊ ਕਾਰਨ ਪੈਦਾ ਹੋਏ ਹਲਾਤਾਂ ਵਿਚ ਲੋਕਾਂ ਤੱਕ ਰਾਸ਼ਨ ਦੀ ਸਪਲਾਈ ਬਣਾਈ ਰੱਖਣ ਲਈ ਜ਼ਿਲੇ ਪ੍ਰਸ਼ਾਸਨ ਨੇ ਇਕ ਹੋਰ ਉਪਰਾਲਾ ਕਰਦਿਆਂ ਹੁਣ ਜੋਮੈਟੋ ਕੰਪਨੀ ਦੇ ਸਟਾਫ ਨੂੰ ਵੀ ਘਰੋ ਘਰੀ ਸਪਲਾਈ ਕਰਨ ਤੇ ਲਗਾਇਆ ਗਿਆ ਹੈ। ਜੋਮੈਟੋ ਦੀ ਟੀਮ ਨੂੰ ਇਸ ਕੰਮ ਲਈ ਅੱਜ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਅਤੇ ਐਸਐਸਪੀ ਡਾ: ਨਾਨਕ ਸਿੰਘ ਨੇ ਰਵਾਨਾ ਕੀਤਾ। ਇਸ ਤਹਿਤ ਸ਼ਹਿਰ ਦੇ ਨਾਗਰਿਕ ਜੋਮੈਟੋ ਐਪ ਤੇ ਆਨਲਾਈਨ ਆਪਣਾ ਆਰਡਰ ਅਪਲਾਈ ਕਰ ਸਕਦੇ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਬਠਿੰਡਾ ਵਿਚ ਜਿੱਥੇ ਵਾਹਨਾਂ ਤੇ ਘਰਾਂ ਤੱਕ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਉਥੇ ਹੀ 20 ਸਟੋਰਾਂ ਨੂੰ ਵੀ ਆਨਲਾਈਨ ਰਾਸ਼ਨ ਦਾ ਆਰਡਰ ਲੈ ਕੇ ਘਰਾਂ ਤੱਕ ਸਪਲਾਈ ਕਰਨ ਦੇ ਕੰਮ ਵਿਚ ਲਗਾਇਆ ਗਿਆ ਹੈ। ਹੁਣ ਜੋਮੈਟੋ ਦੀ ਟੀਮ ਦੀ ਤਾਇਨਾਤੀ ਨਾਲ ਸ਼ਹਿਰ ਵਿਚ ਰਾਸ਼ਨ ਦੀ ਸਮੱਸਿਆ ਪੂਰੀ ਤਰਾਂ ਨਾਲ ਠੀਕ ਹੋ ਜਾਵੇਗੀ।
ਇਸ ਤੋਂ ਬਿਨਾਂ ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਸੁੱਕਾ ਰਾਸ਼ਨ ਵੀ ਵੰਡਿਆ ਜਾ ਰਿਹਾ ਹੈ। ਸਿਰਫ ਸੋਮਵਾਰ ਦੇ ਦਿਨ ਹੀ 1850 ਪੈਕਟ ਵੰਡੇ ਗਏ ਹਨ, ਜਿਸ ਵਿਚ ਹਰੇਕ ਵਿਚ ਇਕ ਇਕ ਪਰਿਵਾਰ ਲਈ 7 ਦਿਨ ਦਾ ਰਾਸ਼ਨ ਸੀ। ਇਸ ਤੋਂ ਬਿਨਾਂ ਸਿਰਫ ਸੋਮਵਾਰ ਨੂੰ ਹੀ ਨਗਰ ਨਿਗਮ ਵੱਲੋਂ ਸਮਾਜਿਕ ਸੰਗਠਨਾਂ ਦੇ ਸਹਿਯੋਗ ਸਮੇਤ ਕੁੱਲ 13257 ਲੋਕਾਂ ਨੂੰ ਪੱਕਿਆ ਹੋਇਆ ਭੋਜਨ ਸਵੇਰ ਸ਼ਾਮ ਮੁਹਈਆ ਕਰਵਾਇਆ ਗਿਆ।
ਲੋਕ ਸਵੈ ਜ਼ਾਬਤੇ ਦੀ ਪਾਲਣਾ ਕਰਨ - ਐੱਸ ਐੱਸ ਪੀ
ਇਸ ਮੌਕੇ ਐਸਐਸਪੀ ਡਾ: ਨਾਨਕ ਸਿੰਘ ਨੇ ਜ਼ਿਲਾ ਵਾਸੀਆਂ ਨੂੰ ਕਿਹਾ ਕਿ ਉਹ ਕਰਫਿਊ ਦਾ ਸਵੈ ਜਾਬਤੇ ਨਾਲ ਪਾਲਣ ਕਰਨ। ਉਨਾਂ ਨੇ ਕਿਹਾ ਕਿ ਜੇਕਰ ਕੋਈ ਬਿਨਾਂ ਪਾਸ ਤੋਂ ਘਰੋਂ ਬਾਹਰ ਨਿਕਲਿਆਂ ਤਾਂ ਪੁਲਿਸ ਕਾਰਵਾਈ ਕਰਨ ਲਈ ਮਜਬੂਰ ਹੋਵੇਗੀ। ਉਨਾਂ ਨੇ ਕਿਹਾ ਕਿ ਕੋਵਿਡ ਬਿਮਾਰੀ ਦਾ ਖਤਰਾ ਬਹੁਤ ਗੰਭੀਰ ਹੈ ਅਤੇ ਲੋਕ ਇਸ ਸਮੇਂ ਪ੍ਰਸ਼ਾਸਨ ਨਾਲ ਸਹਿਯੋਗ ਕਰਨ।