ਅਸ਼ੋਕ ਵਰਮਾ
ਬਠਿੰਡਾ, 29 ਮਾਰਚ 2020 - ਲੋਕਾਂ ਤੱਕ ਰਾਸ਼ਨ ਦੀ ਸੌਖੀ ਪਹੁੰਚ ਯਕੀਨੀ ਬਣਾਊਣ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਬਠਿੰਡਾ ਸ਼ਹਿਰ ਲਈ ਪਹਿਲਾਂ ਤੋਂ ਜਾਰੀ 4 ਸਟੋਰਾਂ ਤੋਂ ਬਾਅਦ ਹੁਣ 26 ਹੋਰ ਰਾਸ਼ਨ ਸਟੋਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਕਿਹਾ ਕਿ ਇਹ ਦੁਕਾਨਾਂ ਖੁਲਣਗੀਆਂ ਨਹੀਂ ਸਗੋਂ ਲੋਕਾਂ ਦੀ ਮੰਗ ਅਨੁਸਾਰ ਇੰਨਾਂ ਵੱਲੋਂ ਘਰੋ ਘਰੀ ਰਾਸ਼ਨ ਸਪਲਾਈ ਕੀਤਾ ਜਾਵੇਗਾ।
ਕਮਿਸ਼ਨਰ ਨਗਰ ਨਿਗਮ ਸ੍ਰੀ ਬਿਕਰਮਜੀਤ ਸ਼ੇਰਗਿੱਲ ਨੇ ਦੱਸਿਆ ਕਿ ਲੋਕ ਆਪਣੇ ਵਾਰਡ ਨਾਲ ਸਬੰਧਤ ਸਟੋਰ ਨੂੰ ਫੋਨ ਤੇ ਆਪਣੇ ਸਮਾਨ ਦਾ ਆਡਰ ਦੇ ਸਕਣਗੇ ਅਤੇ ਸਟੋਰ ਵੱਲੋਂ ਘਰੇ ਹੀ ਸਪਲਾਈ ਕੀਤੀ ਜਾਵੇਗੀ। ਉਨਾਂ ਨੇ ਕਿਹਾ ਕਿ ਇਸ ਸੁਵਿਧਾ ਦੇ ਸ਼ੁਰੂ ਹੋ ਜਾਣ ਨਾਲ ਸਪਲਾਈ ਆਮ ਹੋ ਜਾਵੇਗੀ। ਇਸ ਤੋਂ ਬਿਨਾਂ ਜ਼ਿਲੇ ਦੇ ਬਾਕੀ ਕਸਬਿਆਂ ਵਿਚ ਵੀ ਰਾਸਨ ਦੀ ਵਾਹਨਾਂ ਰਾਹੀਂ ਘਰੋਂ ਘਰੀ ਸਪਲਾਈ ਕੀਤੀ ਜਾ ਰਹੀ ਹੈ।
ਇਸ ਤੋਂ ਬਿਨਾਂ ਜਿੰਨਾਂ ਲੋਕਾਂ ਕੋਲ ਖਾਣਾ ਪਕਾਉਣ ਦੀ ਵੀ ਕੋਈ ਵਿਵਸਥਾ ਨਹੀਂ ਹੈ ਜਾਂ ਜਿੰਨਾਂ ਕੋਲ ਖਾਣਾ ਖਰੀਦਣ ਦੀ ਸਮੱਰਥਾ ਨਹੀਂ ਹੈ ਅਜਿਹੇ ਲੋਕਾਂ ਲਈ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਦੇ ਨਿਰਦੇਸ਼ ਅਨੁਸਾਰ ਪਕਾਇਆ ਹੋਇਆ ਖਾਣਾ ਅਤੇ ਸੁੱੱਕਾ ਰਾਸ਼ਨ ਵੀ ਵੰਡਿਆ ਜਾ ਰਿਹਾ ਹੈ।
ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਵਿਚ ਪੁੱਜਿਆ ਵੈਂਟੀਲੇਟਰ
ਬਠਿੰਡਾ ਜ਼ਿਲੇ ਵਿਚ ਕੋਵਿਡ ਬਿਮਾਰੀ ਨਾਲ ਨਜਿੱਠਣ ਲਈ ਲਗਾਤਾਰ ਉਪਰਾਲੇ ਜਾਰੀ ਹਨ। ਇਸੇ ਲਈ ਜਿੱਥੇ ਕਰਫਿਊ ਲਗਾ ਕੇ ਬਿਮਾਰੀ ਦੇ ਪਸਾਰ ਨੂੰ ਰੋਕਿਆ ਗਿਆ ਹੈ ਉਥੇ ਹੀ ਕਿਸੇ ਵੀ ਅਪਾਤ ਸਥਿਤੀ ਨਾਲ ਨਜਿੱਠਣ ਲਈ ਵੈਂਟੀਲੇਟਰ ਜ਼ਿਲਾ ਹਸਪਤਾਲ ਵਿਚ ਮੁਹਈਆ ਕਰਵਾ ਦਿੱਤਾ ਗਿਆ ਹੈ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦਿੱਤੀ ਹੈ। ਉਨਾਂ ਨੇ ਜ਼ਿਲਾ ਵਾਸੀਆਂ ਨੂੰ ਯਕੀਨ ਦੁਆਇਆ ਕਿ ਸਿਹਤ ਵਿਭਾਗ ਵੱਲੋਂ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨਾਂ ਨੇ ਅਪੀਲ ਕੀਤੀ ਕਿ ਫਿਲਹਾਲ ਲੋਕ ਘਰ ਰਹਿ ਕੇ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਵਿਚ ਸਹਿਯੋਗ ਕਰਨ। ਉਨਾਂ ਨੇ ਕਿਹਾ ਕਿ ਕਰਫਿਊ ਦਾ ਪਾਲਣ ਕੀਤਾ ਜਾਵੇ ਅਤੇ ਮਨੁੱਖਤਾ ਸਾਹਮਣੇ ਪੈਦਾ ਹੋਏ ਖਤਰੇ ਨੂੰ ਰੋਕਿਆ ਜਾਵੇ।
ਇਕ ਮਰੀਜ ਦੀ ਰਿਪੋਟ ਆਈ ਨੈਗੇਟਿਵ
ਬਠਿੰਡਾ ਜ਼ਿਲੇ ਦੇ ਸਿਵਲ ਸਰਜਨ ਡਾ: ਅਮਰੀਕ ਸਿੰਘ ਨੇ ਦੱਸਿਆ ਕਿ ਸੁੱਕਰਵਾਰ ਨੂੰ ਜਿਸ ਮਹਿਲਾ ਦਾ ਸੈਂਪਲ ਭੇਜਿਆ ਗਿਆ ਸੀ। ਉਸਦੀ ਰਿਪੋਟ ਪ੍ਰਾਪਤ ਹੋਈ ਹੈ। ਰਿਪੋਟ ਅਨੁਸਾਰ ਮਹਿਲਾ ਨੂੰ ਕੋਵਿਡ 19 ਬਿਮਾਰੀ ਨਹੀਂ ਪਾਈ ਗਈ। ਉਨਾਂ ਨੇ ਇਸ ਮੌਕੇ ਅਪੀਲ ਕੀਤੀ ਕਿ ਲੋਕ ਆਪਸੀ ਸੰਪਰਕ ਬਿਲਕੁੱਲ ਨਾ ਕਰਨ ਕਿਉਂਕਿ ਇਹ ਬਿਮਾਰੀ ਆਪਸੀ ਸੰਪਰਕ ਨਾਲ ਹੀ ਫੈਲਦੀ ਹੈ।
ਕੋਵਿਡ ਫੰਡ ਵਿਚ 7 ਲੱਖ ਰੁਪਏ ਦਾ ਆਇਆ ਸਹਿਯੋਗ
ਬਠਿੰਡਾ ਜ਼ਿਲੇ ਵਿਚ ਕੋਵਿਡ 19 ਬਿਮਾਰੀ ਦੌਰਾਨ ਲੋੜਵੰਦ ਲੋਕਾਂ ਤੱਕ ਮਦਦ ਮੁਹਈਆ ਕਰਵਾਉਣ ਲਈ ਸਥਾਪਿਤ ਫੰਡ ਵਿਚ ਇਕ ਦਿਨ ਵਿਚ 7 ਲੱਖ ਰੁਪਏ ਦਾ ਸਹਿਯੋਗ ਆਇਆ ਹੈ। ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬ੍ਰੀ ਸ੍ਰੀਨਿਵਾਸਨ ਨੇ ਫੰਡ ਵਿਚ ਦਾਨ ਕਰਨ ਵਾਲੇ ਸੱਜਣਾ ਦਾ ਧੰਨਵਾਦ ਕਰਦਿਆਂ ਜ਼ਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੁੱਲੇ ਦਿਲ ਨਾਲ ਇਸ ਫੰਡ ਵਿਚ ਸਹਿਯੋਗ ਰਾਸ਼ੀ ਦੇਣ। ਇਸ ਲਈ ਲੋਕ ‘ਬਠਿੰਡਾ ਕੋਵਿਡ ਰਲੀਫ ਫੰਡ’ ਨਾਂਅ ਦੇ ਐਚਡੀਐਫਸੀ ਬੈਂਕ ਦੇ ਖਾਤੇ 50100342803123 ਵਿਚ ਆਪਣਾ ਦਾਨ ਜਮਾਂ ਕਰਵਾ ਸਕਦੇ ਹਨ। ਇਸ ਖਾਤੇ ਨਾਲ ਸਬੰਧਤ ਬ੍ਰਾਂਚ ਦਾ ਆਈ.ਐਫ.ਐਸ.ਸੀ. ਕੋਡ ਐਚਡੀਐਫਸੀ0000187 ਹੈ। ਇਸ ਤੋਂ ਬਿਨਾਂ ਲੋਕ ਰਾਸ਼ਨ ਅਤੇ ਹੋਰ ਸਮਾਨ ਲਈ ਵੀ ਸਹਿਯੋਗ ਕਰ ਰਹੇ ਹਨ।
130 ਟਰਾਲੀਆਂ ਸਬਜੀਆਂ ਦੀ ਵੰਡ ਚ ਲੱਗੀਆਂ
ਬਠਿੰਡਾ ਸ਼ਹਿਰ ਵਿਚ ਦੁੱਧ ਦੀ ਸਪਲਾਈ ਆਮ ਵਾਂਗ ਹੋਣ ਤੋਂ ਬਾਅਦ ਹੁਣ ਸਬਜੀਆਂ ਦੀ ਸਪਲਾਈ ਵੀ ਆਮ ਹੋ ਚੁੱਕੀ ਹੈ। ਅੱਜ ਵੀ ਸ਼ਹਿਰ ਵਿਚ 130 ਟਰਾਲੀਆਂ ਤੇ ਫਲ ਸਬਜੀਆਂ ਵਾਰਡਾਂ ਵਿਚ ਵਿਕਨ ਲਈ ਭੇਜੀਆਂ ਗਈਆਂ। ਜ਼ਿਲਾ ਮੰਡੀ ਅਫ਼ਸਰ ਸ: ਪ੍ਰੀਤਕੰਵਰ ਸਿੰਘ ਬਰਾੜ ਨੇ ਦੱਸਿਆ ਕਿ ਬੀਤੇ ਕੱਲ ਭੇਜੀ ਗਈ ਬਫਰ ਸਬਜੀ ਦਾ ਕਾਫੀ ਸਟਾਕ ਅਣਵਿਕਿਆ ਰਹਿ ਗਿਆ ਸੀ। ਉਨਾਂ ਨੇ ਕਿਹਾ ਕਿ ਬੀਤੇ ਕੱਲ ਤੋਂ ਫਲ ਸਬਜੀਆਂ ਦੀ ਰੇਟ ਲਿਸਟ ਤੈਅ ਹੋਣ ਨਾਲ ਇੰਨਾਂ ਦੀਆਂ ਕੀਮਤਾਂ ਵੀ ਨਿਯੰਤਰਣ ਵਿਚ ਹਨ। ਉਨਾਂ ਨੇ ਪਿੰਡਾਂ ਅਤੇ ਹੋਰ ਸ਼ਹਿਰਾਂ ਤੋਂ ਸਬਜੀ ਦੀ ਆਵਾਜਾਈ ਆਮ ਵਾਂਗ ਹੋ ਚੁੱਕੀ ਹੈ। ਇਸ ਤੋਂ ਬਿਨਾਂ ਬਾਕੀ ਸ਼ਹਿਰਾਂ ਵਿਚ ਸਬਜੀਆਂ ਦੀ ਸਪਲਾਈ ਹੁਣ ਆਮ ਹੋ ਚੁੱਕੀ ਹੈ।
ਦਵਾਈ ਦੀ ਘਰੋਂ ਘਰੀਂ ਸਪਲਾਈ ਲਈ ਦੋ ਹੋਰ ਨੰਬਰ ਜਾਰੀ
ਬਠਿੰਡਾ ਸ਼ਹਿਰ ਵਿਚ ਦਵਾਈ ਦੀਆਂ ਦੁਕਾਨਾਂ ਸਵੇਰੇ 5 ਤੋਂ 7 ਵਜੇ ਤੱਕ ਅਤੇ ਜ਼ਿਲੇ ਦੇ ਬਾਕੀ ਸ਼ਹਿਰਾਂ ਵਿਚ ਸਵੇਰੇ 6 ਤੋਂ 9 ਵਜੇ ਤੱਕ ਖੋਲਣ ਦੀ ਦਿੱਤੀ ਪ੍ਰਵਾਨਗੀ ਨਾਲ ਦਵਾਈਆਂ ਦੀ ਕੋਈ ਮੁਸਕਿਲ ਨਹੀਂ ਰਹੀ ਹੈ। ਫਿਰ ਵੀ ਕਿਸੇ ਐਮਰਜੈਂਸੀ ਵਿਚ ਘਰ ਬੈਠੇ ਹੀ ਦਵਾਈ ਮੰਗਵਾਉਣ ਲਈ ਬਠਿੰਡਾ ਸ਼ਹਿਰ ਲਈ ਦੋ ਨਵੇਂ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਡਰੱਗ ਇੰਸਪੈਕਟਰ ਰਮਨਦੀਪ ਸਿੰਘ ਨੇ ਦੱਸਿਆ ਪਹਿਲਾਂ ਜਾਰੀ ਕੀਤੇ ਨੰਬਰਾਂ ਤੋਂ ਇਲਾਵਾ ਫੋਨ ਨੰਬਰ 98774 57629 ਅਤੇ 79868 78104 ਤੇ ਵੀ ਕਾਲ ਕਰਕੇ ਘਰ ਦਵਾਈ ਮੰਗਵਾਈ ਜਾ ਸਕਦੀ ਹੈ।