ਅਸ਼ੋਕ ਵਰਮਾ
ਬਠਿੰਡਾ,13 ਅਪਰੈਲ 2020: ਬਠਿੰਡਾ ਜਿਲੇ ਦੇ ਕਈ ਖੇਤਰਾਂ ਵਿੱਚ ਕਣਕ ਦੀ ਹੱਥੀਂ ਕਟਾਈ ਸ਼ੁਰੂ ਹੋ ਚੁੱਕੀ ਹੈ। ਹਾਲਾਂਕਿ ਮੰਡੀਕਰਨ ਸਬੰਧੀ ਭਾਵੇਂ ਕਈ ਚਰਚੇ ਹਨ, ਪਰ ਇਲਾਕੇ ਦੇ ਕਈ ਪਿੰਡਾਂ ਵਿੱਚ ਕਿਸਾਨਾਂ ਨੇ ਅੱਜ ਵਿਸਾਖੀ ਖੇਤਾਂ ’ਚ ਮਨਾਈ ਹੈ। ਇਸ ਸੰਕਟ ਦੀ ਘੜੀ ਵਿੱਚ ਪੇਂਡੂ ਮਜ਼ਦੂਰਾਂ ਨੂੰ ਵੀ ਰੁਜ਼ਗਾਰ ਮਿਲ ਰਿਹਾ ਹੈ। ਕਿਸਾਨਾਂ ਦਾ ਤਰਕ ਹੈ ਕਿ ਐਤਕੀਂ ਕਣਕ ਦੀ ਵਾਢੀ ਤੇ ਕਰੋਨਾਂ ਵਾਇਰਸ ਦਾ ਪਰਛਾਵਾਂ ਪਵੇਗਾ। ਬਠਿੰਡਾ ਜ਼ਿਲੇ ਦੇ ਕਿਸੇ ਵੀ ਖਰੀਦ ਕੇਂਦਰ ਵਿੱਚ ਕਣਕ ਦੀ ਆਮਦ ਸ਼ੁਰੂ ਨਹੀਂ ਹੋਈ ਹੈ। ਸਿਆਸੀ ਧਿਰਾਂ ਦੇ ਲੀਡਰ ਤਾਂ ਵਿਸਾਖੀ ਮੇਲੇ ’ਤੇ ਸਿਆਸੀ ਫਸਲ ਕੱਟਣ ਤੋਂ ਪੂਰੀ ਤਰਾਂ ਵਾਂਝੇ ਰਹਿ ਗਏ ਹਨ। ਕਿਸਾਨ ਭਾਈਚਾਰਾ ਮੌਸਮ ਤੋਂ ਡਰ ਰਿਹਾ ਹੈ ਜਿਸ ਕਰਕੇ ਉਸ ਦੀ ਤਰਜੀਹ ਕਣਕ ਦੀ ਫਸਲ ਹੈ। ਵੇਰਵਿਆਂ ਅਨੁਸਾਰ ਪੰਜਾਬ ਵਿਚ ਐਤਕੀਂ ਕਰੀਬ 35 ਲੱਖ ਹੈਕਟੇਅਰ ਰਕਬੇ ਵਿਚ ਬਿਜਾਂਦ ਹੈ ਜਦੋਂਕਿ ਬਠਿੰਡਾ ਜ਼ਿਲੇ ਵਿਚ ਕਰੀਬ 2.51 ਲੱਖ ਹੈਕਟੇਅਰ ਰਕਬਾ ਕਣਕ ਹੇਠ ਲਿਆਂਦਾ ਗਿਆ ਹੈ।
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਗਸੀਰ ਸਿੰਘ ਝੁੰਬਾ ਦਾ ਕਹਿਣਾ ਸੀ ਕਿ ਕਿਸਾਨਾਂ ਦੀ ਤਰਜੀਹ ਵਿਸਾਖੀ ਨਹੀਂ, ਫਸਲ ਹੈ। ਇਸ ਕਰਕੇ ਕਿਸਾਨ ਵਾਢੀ ਵਿੱਚ ਲੱਗ ਗਏ ਹਨ। ਮੌਸਮ ਖਰਾਬ ਹੋਣ ਦੇ ਡਰੋਂ ਕਿਸਾਨ ਵਾਢੀ ਕਰਨ ਦੀ ਕਾਹਲ ਵਿੱਚ ਹਨ। ਬਠਿੰਡਾ ਜ਼ਿਲੇ ਵਿੱਚ ਪਿਛਲੇ ਸਾਲ ਦੀਆਂ 182 ਅਨਾਜ ਮੰਡੀਆਂ ਤੇ ਖ਼ਰੀਦ ਕੇਂਦਰਾਂ ਦੇ ਮੁਕਾਬਲੇ ਇਸ ਵਰੇ 442 ਖਰੀਦ ਕੇਂਦਰ ਬਣਾਏ ਗਏ ਹਨ। ਗਰਮੀ ਕਾਰਨ ਅੱਜ ਅਚਾਨਕ ਕਣਕ ਦੀ ਕਟਾਈ ਜ਼ੋਰ ਫੜ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਫਸਲ ਦੀ ਆਮਦ ਵਿੱਚ ਤੇਜੀ ਆਵੇਗੀ। ਪ੍ਰਸ਼ਾਸ਼ਨ ਵੱਲੋਂ ਕਿਸਾਨਾਂ ਲਈ ਕਣਕ ਦੀ ਕਟਾਈ ਦਾ ਸਮਾ ਸਵੇਰੇ 8 ਵਜੇ ਤੋ 7 ਵਜੇ ਸ਼ਾਮ ਤੱਕ ਨਿਰਧਾਰਤ ਕੀਤਾ ਗਿਆ ਹੈ।
ਕਰੋਨਾ ਵਾਇਰਸ ਦੇ ਮੱਦੇਨਜ਼ਰ ਕਿਸਾਨ ਕਣਕ ਦੀ ਕਟਾਈ ਤੋਂ ਬਾਅਦ ਇਸ ਵਾਰ ਕਣਕ ਸਿੱਧੇ ਮੰਡੀ ਨਹੀਂ ਲਿਆ ਸਕਣਗੇ ਬਲਕਿ ਉਨਾਂ ਨੂੰ ਇਕ ਵਾਰ ਕਣਕ ਆਪਣੇ ਘਰ ਲਿਜਾਣੀ ਪਵੇਗੀ। ਕਣਕ ਮੰਡੀ ਲਿਆਉਣ ਲਈ ਉਨਾਂ ਨੂੰ ਆਪਣੇ ਆੜਤੀਏ ਦੇ ਮਾਰਫ਼ਤ ਪਾਸ ਮਿਲੇਗਾ ਜਿਸ ਵਿਚ ਦਿੱਤੀ ਗਈ ਮਿਤੀ ਅਤੇ ਮੰਡੀ ਦੇ ਸਥਾਨ ਤੇ ਹੀ ਕਿਸਾਨ ਫ਼ਸਲ ਲਿਆ ਸਕੇਗਾ। ਕਣਕ ਦੀ ਇੱਕ ਤੋਂ ਵੱਧ ਟਰਾਲੀ ਵਾਲੇ ਕਿਸਾਨਾਂ ਨੂੰ ਵੱਖਰੇ ਤੌਰ ’ਤੇ ਪਾਸ ਜਾਰੀ ਕੀਤੇ ਜਾਣਗੇ। ਕਿਸਾਨ ਨੂੰ ਪਾਸ ਦੀ ਮਿਤੀ ਵਾਲੇ ਦਿਨ ਹੀ ਆਪਣੀ ਕਣਕ ਦੀ ਜਿਣਸ ਮੰਡੀ ਵਿਚ ਲਿਜਾਣ ਦੀ ਆਗਿਆ ਹੋਵੇਗੀ। ਮੰਡੀ ਵਿਚ ਫ਼ਸਲ ਲਿਆਉਣ ਸਮੇਂ ਅਸਲੀ ਪਾਸ ਦਿਖਾਉਣਾ ਲਾਜ਼ਮੀ ਹੋਵੇਗਾ।
ਦੱਸਣਯੋਗ ਹੈ ਕਿ ਪਿਛਲੇ ਸਾਲ ਵਿਸਾਖੀ ਮਗਰੋਂ ਖਰੀਦ ਕੇਂਦਰਾਂ ਵਿਚ ਫਸਲ ਦੀ ਆਮਦ ਹੋਈ ਸੀ ਜਦੋਂ ਕਿ ਐਤਕੀਂ ਕਰੋਨਾ ਵਾਇਰਸ ਕਾਰਨ ਦੇਰ ਹੋ ਗਈ ਹੈ। ਸਹਾਇਕ ਮੰਡੀਕਰਨ ਅਫ਼ਸਰ ਖੇਤੀਬਾੜੀ ਵਿਭਾਗ ਬਠਿੰਡਾ ਡਾ. ਹਰਬੰਸ ਸਿੰਘ ਸਿੱਧੂ ਨੇ ਦੱਸਿਆ ਕਿਸਾਨਾਂ ਨੂੰ ਫ਼ਸਲ ਵੇਚਣ ਸਮੇਂ ਲੁਹਾਈ ਤੇ ਸਫ਼ਾਈ ਦੇ ਖ਼ਰਚੇ ਦੇਣੇ ਪੈਂਦੇ ਹਨ ਤੇ ਬਾਕੀ ਖ਼ਰਚਿਆਂ ਦੀ ਅਦਾਇਗੀ ਖ਼ਰੀਦਦਾਰ ਦਿੰਦਾ ਹੈ। ਉਨਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਕਣਕ ਵੇਚਣ ਉਪਰੰਤ ਆੜਤੀਏ ਤੋਂ ‘ਜੇ’ ਫ਼ਾਰਮ ਜ਼ਰੂਰ ਲਿਆ ਜਾਵੇ।
ਮੁੱਖ ਖੇਤੀਬਾੜੀ ਅਫ਼ਸਰ ਡਾ. ਸੁਸ਼ੀਲ ਕੁਮਾਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਨੂੰ ਮੰਡੀ ’ਚ ਸਾਫ਼ ਕਰਕੇ ਤੇ ਸੁਕਾ ਕੇ ਲਿਆਂਦੀ ਜਾਵੇ ਤਾਂ ਜੋ ਫ਼ਸਲ ਵੇਚਣ ’ਚ ਉਨਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨਾਂ ਕਿਹਾ ਕਿ ਕਣਕ ਮੰਡੀ ਲਿਆੳਂੁਦੇ ਸਮੇਂ ਟਰੈਕਟਰ, ਟਰਾਲੀ ਤੇ ਇਕ ਹੀ ਵਿਅਕਤੀ ਹੋਵੇ। ਉਸ ਦਾ ਮੂੰਹ ਅਤੇ ਨੱਕ ਮਾਸਕ ਜਾ ਸਾਫ਼ ਕੱਪੜੇ ਨਾਲ ਢੱਕਿਆ ਹੋਵੇ। ਉਨਾਂ ਕਿਹਾ ਕਿ ਮੰਡੀ ’ਚ ਆਪਸੀ ਦੂਰੀ ਘੱਟ ਤੋ ਘੱਟ 6 ਫੁੱਟ ਦੀ ਰੱਖਣੀ ਯਕੀਨੀ ਬਣਾਈ ਜਾਵੇ। ਹਰ ਸਮੇਂ ਆਪਣੇ ਹੱਥ ਸਾਬਣ ਅਤੇ ਸੈਨੇਟਾਈਜ਼ਰ ਨਾਲ ਜ਼ਰੂਰ ਸਾਫ਼ ਕੀਤੇ ਜਾਣ।
ਕਿਸਾਨਾਂ ਨੂੰ ਦਿੱਕਤ ਨਹੀਂ: ਮੰਡੀ ਅਫਸਰ
ਜ਼ਿਲਾ ਮੰਡੀ ਅਫਸਰ ਪ੍ਰੀਤ ਕੰਵਰ ਸਿੰਘ ਬਰਾੜ ਦਾ ਕਹਿਣਾ ਸੀ ਕਿ ਸਮੂਹ ਖ਼ਰੀਦ ਕੇਂਦਰਾਂ ਵਿਚ ਮਾਰਕਿਟ ਕਮੇਟੀ ਵਲੋਂ ਕਿਸਾਨਾਂ ਲਈ ਪੀਣ ਵਾਲੇ ਪਾਣੀ ਤੇ ਹੋਰ ਸੰਭਵ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨਾਂ ਆਖਿਆ ਕਿ ਕਿਸਾਨਾਂ ਨੂੰ ਕਿਸੇ ਤਰਾਂ ਦੀ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਮੱਦੇਨਜ਼ਰ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਆਪਸੀ ਦੂਰੀ ਬਣਾ ਕੇ ਰੱਖਣ ਯਕੀਨੀ ਬਣਾਉਣ। ਉਨਾਂ ਅੱਗੇ ਦੱਸਿਆ ਕਿ ਜ਼ਿਲੇ ਭਰ ਅਗਲੇ ਤਿੰਨ ਕੁ ਦਿਨਾਂ ’ਚ ਖਰੀਦ ਕੇਂਦਰ ਚਾਲੂ ਹੋਣ ਦੀ ਸੰਭਾਵਨਾ ਹੈ।