ਅਸ਼ੋਕ ਵਰਮਾ
ਬਠਿੰਡਾ, 08 ਜੂਨ 2020: ਬਠਿੰਡਾ ਜੇਲ ’ਚੋਂ ਔਸਤਨ ਹਰ ਦੂਜੇ ਤੀਜੇ ਦਿਨ ਮੋਬਾਈਲ ਫੋਨ ਬਰਾਮਦ ਹੁੰਦਾ ਹੈ। ਇਸ ਤਰਾਂ ਜਾਪਦਾ ਹੈ ਕਿ ਜਿਵੇਂ ਜੇਲ ’ਚ ਮੋਬਾਈਲ ਵਰਤਣ ਦੀ ਖੁੱਲੀ ਛੁੱਟੀ ਹੋਵੇ। ਹਵਾਲਾਤੀ ਤੇ ਕੈਦੀਆਂ ਦੀ ਪਹਿਲੀ ਪਸੰਦ ਸੈਮਸੰਗ ਕੰਪਨੀ ਹੈ ਕਿਉਂਕਿ ਇਸ ਕੰਪਨੀ ਦੇ ਮੋਬਾਈਲ ਫੋਨ ਜਿਆਦਾ ਬਰਾਮਦ ਹੋਏ ਹਨ। ਸਖ਼ਤ ਕਾਨੂੰਨਾਂ ਦੀ ਕਮੀ ਅਤੇ ਜੇਲ ਪ੍ਰਸ਼ਾਸਨ ਦੀ ਕਥਿਤ ‘ਮਿਹਰ’ ਵਜੋਂ ਹਵਾਲਾਤੀ ਅਤੇ ਕੈਦੀ ਬਿਨਾਂ ਰੋਕ ਟੋਕ ਮੋਬਾਈਲ ਵਰਤਦੇ ਹਨ। ਇਸ ਵਰੇ ਦੇ ਹੁਣ ਤੱਕ ਕਰੀਬਚਾਰ ਦਰਜਨ ਦੇ ਕਰੀਬ ਮੋਬਾਇਲ ਫੋਨ ਬਰਾਮਦ ਕੀਤੇ ਜਾ ਚੁੱਕੇ ਹਨ। ਤਾਜੇ ਮਾਮਲੇ ’ਚ ਬਠਿੰਡਾ ਕੇਂਦਰੀ ਜੇਲ ’ਚ ਦੋ ਖਤਰਨਾਕ ਗੈਂਗਸਟਰਾਂ ਕੋਲੋਂ ਜੇਲ ਪ੍ਰਸ਼ਾਸ਼ਨ ਨੇ ਦੋ ਮੋਬਾਇਲ ਫੋਨ ਬਰਾਮਦ ਕੀਤੇ ਹਨ। ਥਾਣਾ ਕੈਂਟ ਪੁਲਿਸ ਨੇ ਗੈਂਗਸਟਰ ਗੁਰਵਿੰਦਰ ਸਿੰਘ ਉਰਫ ਗਿੰਦਾ ਪੁੱਤਰ ਸੁਰਜੀਤ ਸਿੰਘ ਵਾਸੀ ਕਮਾਲ ਵਾਲਾ ਜਿਲਾ ਫਾਜਿਲਕਾ ਅਤੇ ਗੈਂਗਸਟਰ ਅੰਮਿ੍ਰਤਪਾਲ ਸਿੰਘ ਪੁੱਤਰ ਮੰਦਰ ਸਿੰਘ ਵਾਸੀ ਗੰਗਾ ਅਬਲੂ ਨੂੰ ਸਹਾਇਕ ਸੁਪਰਡੈਂਟ ਮਲਕੀਤ ਸਿੰਘ ਦੀ ਸ਼ਕਾਇਤ ਤੇ 52 ਏ ਜੇਲ ਮੈਨੂਅਲ ਐਕਟ ਤਹਿਤ ਨਾਮਜਦ ਕੀਤਾ ਹੈ।
ਇਨਾਂ ਦੋਵਾਂ ਗੈਂਗਸਟਰਾਂ ਨੂੰ 15 ਦਸੰਬਰ 2017 ਨੂੰ ਬਠਿੰਡਾ ਜਿਲੇ ਦੇ ਪਿੰਡ ਗੁਲਾਬਗੜ ’ਚ ਹੋਏ ਪੁਲੀਸ ਮੁਕਾਬਲੇ ਦੌਰਾਨ ਕਾਬੂ ਕੀਤਾ ਸੀ ਜਦੋਂਕਿ ਇਸ ਮੌਕੇ ਵਿੱਕੀ ਗੌਂਡਰ ਗਿਰੋਹ ਦੇ ਦੋ ਗੈਂਗਸਟਰ ਮਾਰੇ ਗਏ ਸਨ ਅਤੇ ਗੈਂਗਸਟਰ ਅੰਮਿ੍ਰਤਪਾਲ ਸਿੰਘ ਜ਼ਖਮੀ ਹੋ ਗਿਆ ਸੀ। ਵਿਸ਼ੇਸ਼ ਤੱਥ ਹੈ ਕਿ ਅਜਿਹੇ ਗੈਂਗਸਟਰਾਂ ਕੋਲੋਂ ਮੋਬਾਇਲ ਫੋਨ ਮਿਲਣ ਨਾਲ ਜੇਲ ਦੀ ਸੁਰੱਖਿਆ ਦੀ ਪੋਲ ਖੁੱਲ ਗਈ ਹੈ। ਲੰਘੀ 2 ਮਾਰਚ ਨੂੰ ਵੀ ਜੇਲ ਪ੍ਰਸ਼ਾਸ਼ਨ ਨੇ ਤਿੰਨ ਗੈਂਗਸਟਰਾਂ ਕੋਲੋਂ ਮੋਬਾਇਲ ਫੋਨ ਫੜੇ ਸਨ। ਇੰਨਾਂ ’ਚ ਗੈਂਗਸਟਰ ਸ਼ੇਰਾ ਖੁੰਬਣ ਦਾ ਚਚੇਰਾ ਭਰਾ ਗੈਂਗਸਟਰ ਹਰਵਿੰਦਰ ਸਿੰਘ ਭਿੰਦਾ ਵਾਸੀ ਆਲਮਗੜ (ਅਬੋਹਰ) ਵੀ ਸ਼ਾਮਲ ਹੈ ਜਿਸ ਨੂੰ ਵੀ ਪੁਲਿਸ ਨੇ ਗੁਲਾਬਗੜ ਪੁਲਿਸ ਮੁਕਾਬਲੇ ’ਚ ਕਾਬੂ ਕੀਤਾ ਸੀ। ਇਸ ਮੌਕੇ ਕੇਂਦਰੀ ਜੇਲ ਵਿੱਚ ਇਨਾਂ ਗੈਂਗਸਟਰਾਂ ਨੇ ਜੇਲ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀਆਂ ਤਾਰਾਂ ਨਾਲ ਛੇੜਛਾੜ ਕੀਤੀ ਜਿਸ ਲਾਲ ਜੇਲ ਦੇ ਕੁੱਝ ਹਿੱਸੇ ਦੇ ਕੈਮਰੇ ਖਰਾਬ ਹੋ ਗਏ।
ਗੈਂਗਸਟਰ ਅਮਿ੍ਰਤਪਾਲ ਸਿੰਘ ਉਰਫ ਅੰਮਿ੍ਰਤ ਤੇ ਥਾਣਾ ਅਬੋਹਰ ਤੇ ਬਹਾਵ ਵਾਲਾ ਵਿਚ ਕਤਲ ਕੇਸ ਸਮੇਤ ਤਿੰਨ ਕੇਸ ਦਰਜ ਹਨ ਅਤੇ ਉਹ ਅਬੋਹਰ ਤੋਂ ਅਦਾਲਤੀ ਪੇਸ਼ੀ ਦੌਰਾਨ ਇੱਕ ਗੈਂਗਸਟਰ ਦੀ ਮਦਦ ਨਾਲ ਫਰਾਰ ਹੋ ਗਿਆ ਸੀ। ਗੈਂਗਸਟਰ ਹਰਵਿੰਦਰ ਸਿੰਘ ’ਤੇ ਪੰਜ ਕੇਸ ਦਰਜ ਹਨ ਜਿਨਾਂ ਚੋਂ ਰਾਜਸਥਾਨ ’ਚ ਕੀਤੀ ਬੈਂਕ ਡਕੈਤੀ ਦੇ ਹਨ ਅਤੇ ਤਿੰਨ ਕੇਸ ਯੂ.ਪੀ ’ਚ ਦਰਜ ਹਨ। ਰੌਚਕ ਪਹਿਲੂ ਹੈ ਕਿ ਸੁਰੱਖਿਆ ਦੇ ਮੰਤਵ ਨਾਲ ਬਠਿੰਡਾ ਜੇਲ ’ਚ ਸੀਆਰਪੀ ਤਾਇਨਾਤ ਕੀਤੀ ਹੋਈ ਹੈ। ਬਠਿੰਡਾ ਜੇਲ ਪ੍ਰਸ਼ਾਸਨ ਤਰਫ਼ੋਂ ਥਾਣਾ ਕੈਂਟ ਵਿਚ ਇਸ ਬਾਰੇ ਕੇਸ ਦਰਜ ਕਰਾਏ ਜਾਂਦੇ ਹਨ ਅਤੇ ਥਾਣਾ ਕੈਂਟ ਦੇ ਮਾਲਖ਼ਾਨੇ ਵਿਚ ਹੁਣ ਮੋਬਾਈਲ ਸੈੱਟ ਏਨੇ ਵਧ ਗਏ ਹਨ ਕਿ ਇਨਾਂ ਦੀ ਸੰਭਾਲ ਕਰਨੀ ਔਖੀ ਹੋ ਗਈ ਹੈ। ਪੁਲਿਸ ਅੱਜ ਤੱਕ ਇਹ ਪਤਾ ਨਹੀਂ ਕਰ ਸਕੀ ਹੈ ਕਿ ਆਖਰ ਜੇਲ ’ਚ ਮੋਬਾਇਲ ਫੋਨ ਭੇਜਦਾ ਕੌਣ ਹੈ।
ਜੇਲ ਪ੍ਰਸ਼ਾਸ਼ਨ ਦੀ ਮੁਸਤੈਦੀ ਦਾ ਸਿੱਟਾ
ਏਡੀਜੀਪੀ ਜੇਲਾਂ ਪਰਵੀਨ ਕੁਮਾਰ ਸਿਨਹਾ ਦਾ ਕਹਿਣਾ ਸੀ ਕਿ ਕੈਦੀਆਂ ਜਾਂ ਹਵਾਲਾਤੀਆਂ ਕੋਲੋਂ ਲਗਾਤਾਰ ਮੋਬਾਇਲ ਬਰਾਮਦ ਹੋ ਰਹੇ ਹਨ। ਉਨਾਂ ਆਖਿਆ ਕਿ ਫੋਨ ਅੰਦਰ ਲਿਜਾਣ ’ਚ ਕਈ ਤਰਾਂ ਤੇ ਕੰਮ ਜਿੰਮਵਾਰ ਹਨ ਅਤੇ ਮੁਲਾਜਮਾਂ ਦੀ ਕਥਿਤ ਮਿਲੀਭੁਗਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਉਨਾਂ ਆਖਿਆ ਕਿ ਫਿਰ ਵੀ ਜੇਲ ਵਿਭਾਗ ਪੂਰੀ ਤਰਾਂ ਚੌਕਸ ਹੈ ਅਤੇ ਹਰ ਮਾਮਲੇ ’ਚ ਬਣਦੀ ਕਾਰਵਾਈ ਕੀਤੀ ਜਾਂਦੀ ਹੈ।
ਹਰ ਮਾਮਲੇ ਦੀ ਜਾਚ ਉਪਰੰਤ ਕਾਰਵਾਈ
ਬਠਿੰਡਾ ਰੇਂਜ ਦੇ ਆਈਜੀ ਰੇਂਜ ਆਈਜੀ ਜਸਕਰਨ ਸਿੰਘ ਦਾ ਕਹਿਣਾ ਸੀ ਕਿ ਹਰ ਮਾਮਲੇ ਦੀ ਬਕਾਇਦਾ ਜਾਂਚ ਕਰਕੇ ਕਾਰਵਾਈ ਕੀਤੀ ਜਾਂਦੀ ਹੈ। ਉਨਾਂ ਆਖਿਆ ਕਿ ਜੇਕਰ ਕਿਸੇ ਮੁਲਾਜਮ ਦਾ ਹੱਥ ਸਾਹਮਣੇ ਆਉਂਦਾ ਹੈ ਤਾਂ ਉਸ ਖਿਲਾਫ ਵੀ ਕੇਸ ਦਰਜ ਕੀਤਾ ਜਾਂਦਾ ਹੈ।