ਅਸ਼ੋਕ ਵਰਮਾ
ਬਠਿੰਡਾ, 29 ਜੂਨ 2020: ਆਮ ਆਦਮੀ ਪਾਰਟੀ ਦੀ ਬਠਿੰਡਾ ਦਿਹਾਤੀ ਹਲਕੇ ਤੋਂ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਦੋਸ਼ ਲਾਇਆ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਰਿਵਾਰ ਨੇ ਹਰਸਿਮਰਤ ਬਾਦਲ ਦੀ ਕੁਰਸੀ ਬਚਾਉਣ ਲਈ ਕਿਸਾਨਾਂ ਦੀ ਬਰਬਾਦੀ ਵਾਲੇ ਆਰਡੀਨੈਂਸ ਦਾ ਵਿਰੋਧ ਕਰਨ ਦੀ ਥਾਂ ਮੋਦੀ ਸਰਕਾਰ ਅੱਗੇ ਗੋਡੇ ਟੇਕ ਦਿੱਤੇ ਹਨ। ਪ੍ਰੋਫੈਸਰ ਰੂਬੀ ਅੱਜ ਦਿਹਾਤੀ ਹਲਕੇ ’ਚ ਕੇਂਦਰ ਸਰਕਾਰ ਵੱਲੋਂ ਜਾਰੀ ਆਰਡੀਨੈਂਸਾਂ ਖਿਲਾਫ ਪਾਰਟੀ ਵੱਲੋਂ ਦਿੱਤੇ ਸੂਬਾ ਪੱਧਰੀ ਸੱਦੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਪੁਤਲੇ ਸਾੜਨ ਮੌਕੇ ਵਲੰਟੀਅਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨਾਂ ਆਖਿਆ ਕਿ ਕੇਂਦਰ ਕਰੋਨਾ ਦਾ ਲਾਹਾ ਲੈ ਕੇ ਕਿਸਾਨੀ ਨੂੰ ਬੋਝ ਨਾਲ ਲੱਦ ਰਿਹਾ ਹੈ ਅਤੇ ਖੇਤੀ ਖੇਤਰ ਨੂੰ ਤਬਾਹ ਕਰਨ ਵਾਲੇ ਇੰਨਾਂ ਫੈਸਲਿਆਂ ਖਿਲਾਫ ਸੰਘਰਸ਼ ਜਾਰੀ ਰੱਖਿਆ ਜਾਏਗਾ। ਉਨਾਂ ਕਿਹਾ ਕਿ ਅਜਿਹੇ ਕਿਹੜੇ ਹੰਗਾਮੀ ਹਾਲਾਤ ਸਨ ਕਿ ਫੌਰੀ ਆਰਡੀਨੈਂਸ ਲਿਆਉਣੇ ਪੈ ਗਏ, ਜੋ ਖੇਤੀ ਲਈ ਘਾਟੇ ਦਾ ਸੌਦਾ ਹਨ।
ਉਨਾਂ ਆਖਿਆ ਕਿ ਆਰਡੀਨੈਂਸਾਂ ਦੇ ਲਾਗੂ ਹੋਣ ਨਾਲ ਰਾਜਾਂ ਦੀ ਖੁਦ-ਮੁਖਤਿਆਰੀ (ਖਾਸ ਕਰਕੇ ਖੇਤੀ ਖੇਤਰ) ਨੂੰ ਖਤਰਾ ਪੈਦਾ ਹੋ ਜਾਏਗਾ। ਉਨਾਂ ਆਖਿਆ ਕਿ ਇੰਨਾਂ ਆਰਡਨੈਂਸਾਂ ਦੀ ਹਮਾਇਤ ਕਰਕੇ ਅਕਾਲੀ ਦਲ ਨੇ ਆਪਣਾ ਚਿਹਰਾ ਨੰਗਾ ਕਜਰ ਲਿਆ ਹੈ ਕਿਉਂਕਿ ਹੁਣ ਤੱਕ ਇਹ ਪਾਰਟੀ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਵਕਾਲਤ ਕਰਦੀ ਆਈ ਹੈ। ਉਨਾਂ ਕਿਹਾ ਕਿ ਪੰਜਾਬ ਜਿੱਥੇ ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦ ਹੁੰਦੀ ਹੈ ਨੂੰ ਵੱਡਾ ਨੁਕਸਾਨ ਝੱਲਣਾ ਪਵੇਗਾ । ਅਤੇ ਪੇਂਡੂ ਖੇਤਰ ਦੇ ਵਿਕਾਸ ’ਤੇ ਵੀ ਇਸ ਦਾ ਮਾੜਾ ਅਸਰ ਪੈਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਵਿਧਾਇਕਾ ਨੇ ਜੋਰ ਦੇ ਕੇ ਕਿਹਾ ਕਿ ਕਿਸਾਨੀ ਅਤੇ ਖੇਤੀ ਦਾ ਮੌਜੂਦਾ ਸੰਕਟ ਕੇਵਲ ਘੱਟੋ-ਘੱਟ ਸਮਰਥਨ ਮੁੱਲ ਨਾਲ ਹੱਲ ਨਹੀਂ ਹੋਣਾ ਬਲਕਿ ਕਿਸਾਨਾਂ ਅਤੇ ਖੇਤੀ ਨੂੰ ਬਚਾਉਣ ਲਈ ਠੋਸ ਫੈਸਲੇ ਲੈਣ ਦੀ ਜਰੂਰਤ ਹੈ ਜਿੰਨਾਂ ਦੀ ਇਸ ਵੇਲੇ ਅਕਾਲੀ ਦਲ ਤੇ ਮੋਦੀ ਸਰਕਾਰ ਤੋਂ ਆਸ ਨਹੀਂ ਹੈ।
ਆਪਣੀ ਚਿੰਤਾ ਜਾਹਰ ਕਰਦਿਆਂ ਪ੍ਰੋਫੈਸਰ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਇੰਨਾਂ ਘਾਤਕ ਆਰਡੀਨੈਂਸਾਂ ਰਾਹੀਂ ਜਦੋਂ ਕਾਰਪੋਰੇਟ ਘਰਾਣਿਆਂ ਨੇ ਪੰਜਾਬ ‘ਚ ਆਪਣੇ ਪੈਰ ਜਮਾ ਲਏ ਤਾਂ ਮੱਕੀ, ਗੰਨੇ ਅਤੇ ਦਾਲਾਂ ਵਾਂਗ ਕਣਕ ਅਤੇ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਵੀ ਬੇਮਾਇਨੇ ਹੋ ਜਾਏਗਾ ਅਤੇ ਪੰਜਾਬ ਦੇ ਕਿਸਾਨ ਕੌਡੀਆਂ ਦੇ ਮੁੱਲ ਫ਼ਸਲਾਂ ਵੇਚਣ ਤੇ ਭੁਗਤਾਨ ਲਈ ਠੋਕਰਾਂ ਖਾਣ ਲਈ ਮਜਬੂਰ ਹੋਣਗੇ। ਉਨਾਂ ਆਖਿਆ ਕਿ ਖੇਤੀ ਆਰਡੀਨੈਂਸ ਸਿਰਫ ਖੇਤੀ ਅਰਥਚਾਰੇ ਨੂੰ ਹੀ ਨਹੀਂ ਬਲਕਿ ਆੜਤੀਆਂ, ਮੁਨੀਮਾਂ, ਪੱਲੇਦਾਰ ਅਤੇ ਟਰਾਂਸਪੋਰਟ ਨੂੰ ਬਰਬਾਦ ਕਰ ਕੇ ਰੱਖ ਦੇਣਗੇ। ਉਨਾਂ ਸਮੂਹ ਵਲੰਟੀਅਰਾਂ ਨੂੰ ਕਿਸਾਨਾਂ ਦੇ ਹੱਕ ’ਚ ਡੱਟਣ ਅਤੇ ਅਕਾਲੀ ਤੇ ਮੋਦੀ ਸਰਕਾਰ ਦੀ ਸਾਂਝ ਨਾਲ ਕਿਸਾਨਾਂ ਤੇ ਥੋਪੇ ਜਾ ਰਹੇ ਫੈਸਲਿਆਂ ਦਾ ਵਿਰੋਧ ਪਿੰਡਾਂ ਦੀਆਂ ਸੱਥਾਂ ਤੱਕ ਕਰਨ ਦਾ ਸੱਦਾ ਵੀ ਦਿੱਤਾ। ਇਸ ਮੌਕੇ ਕਿੰਦਰਪਾਲ ਕੌਰ , ਸੰਦੀਪ ਧਾਲੀਵਾਲ, ਤਰਸੇਮ ਪਥਰਾਲਾ, ਸੰਦੀਪ ਕੋਟਸ਼ਮੀਰ , ਕੁਲਦੀਪ ਸੰਧੂ ਅਤੇ ਚਰਨਜੀਤ ਝੂੰਬਾ ਸਮੇਤ ਵੱਡੀ ਗਿਣਤੀ ਵਿੱਚ ਵਲੰਟੀਅਰ ਹਾਜ਼ਰ ਸਨ