ਅਸ਼ੋਕ ਵਰਮਾ
- ਵਾਰਡ ਵਾਸੀਆਂ ਵੱਲੋਂ ਕਾਂਗਰਸੀ ਆਗੂ ਤੇ ਦੋਸ਼
ਬਠਿੰਡਾ, 16 ਅਪ੍ਰੈਲ 2020 - ਸਰਕਾਰੀ ਰਾਸ਼ਨ ਸਿਰਫ ਪਰਚੀਆਂ ਤੱਕ ਸੀਮਤ ਰਹਿਣ ਕਰਕੇ ਅੱਜ ਬਠਿੰਡਾ ਦੇ ਸੰਜੇਨਗਰ ਦੇ ਲੋਕਾਂ ਨੇ ਵਾਰਡ ਦੇ ਕਾਂਗਰਸੀ ਆਗੂ ਅਤੇ ਸਾਬਕਾ ਕੌਂਸਲਰ ਸੰਜੇ ਬਿਸਵਾਲ ਖਿਲਾਫ ਰੋਸ ਮੁਜਾਹਰਾ ਕੀਤਾ ਅਤੇ ਨਾਅਰੇਬਾਜੀ ਕੀਤੀ। ਲੋਕਾਂ ਨੇ ਦੋਸ਼ ਲਾਇਆ ਕਿ ਕਾਂਗਰਸੀ ਆਗੂ ਨੇ ਉਨਾਂ ਨੂੰ ਫੌਰੀ ਤੌਰ 'ਤੇ ਰਾਸ਼ਨ ਦੇਣ ਦੀ ਗੱਲ ਆਖੀ ਸੀ ਜਦੋਂ ਕਿ ਹੁਣ ਉਹ ਵਾਅਦੇ ਤੋਂ ਪਲਟ ਗਿਆ ਹੈ। ਉਨਾਂ ਕਿਹਾ ਕਿ ਉਹ ਭਲੇ ਹੀ ਕਰੋਨਾਵਾਇਰਸ ਤੋਂ ਬਚ ਜਾਣ ਪਰ ਜੇਕਰ ਇਹੋ ਹਾਲ ਰਿਹਾ ਤਾਂ ਭੁੱਖੇ ਜਰੂਰ ਮਰ ਜਾਣਗੇ।
ਇਸ ਮੌਕੇ ਹਾਜਰ ਕੁੱਝ ਔਰਤਾਂ ਨੇ ਦੱਸਿਆ ਕਿ ਕਰੋਨਾਵਾਇਰਸ ਕਾਰਨ ਪੈਦਾ ਹੋਏ ਮੁਸ਼ਕਲ ਹਾਲਾਤ ਦੌਰਾਨ ਸਰਕਾਰੀ ਰਾਸ਼ਨ ਦੀ ਵੰਡ ਮੌਕੇ ਰ ਪੱਖਪਾਤ ਹੋਣ ਅਤੇ ਲੋੜਵੰਦਾਂ ਨੂੰ ਰਾਸ਼ਨ ਨਾ ਮਿਲਣ ਸਬੰਧੀ ਅੱਜ ਉਨਾਂ ਨੂੰ ਮਜਬਰੀ ਵੱਸ ਸੜਕਾਂ ਤੇ ਉਤਰਨਾ ਪਿਆ ਹੈ।
ਮਹਿਲਾ ਜਸਵੀਰ ਕੌਰ ਆਦਿ ਔਰਤਾਂ ਨੇ ਦੱਸਿਆ ਕਿ ਲੋੜਵੰਦ ਪਰਿਵਾਰਾਂ ਤੱਕ ਰਾਸ਼ਨ ਪਹੁੰਚਾਉਣਾ ਤਾਂ ਦੂਰ ਦੀ ਗੱਲ, ਉਨਾਂ ਦੇ ਨਾਂ ਵੀ ਲਿਸਟ ਵਿੱਚ ਦਰਜ ਕਰਕੇ ਪਰਚੀਆਂ ਦੇ ਦਿੱਤੀਆਂ ਪਰ ਰਾਸ਼ਨ ਕਾਂਗਰਸੀ ਆਗੂ ਕਿੱਥੇ ਲੈ ਗਿਆ ਕੋਈ ਪਤਾ ਹੀ ਨਹੀਂ ਹੈ। ਇੱਕ ਆਟੋਚਾਲਕ ਨੇ ਕਿਹਾ ਕਿ ਉਹ ਸਰਕਾਰ ਦੇ ਹਰ ਆਦੇਸ਼ ਨਾਲ ਸਹਿਮਤ ਹਨ ਤੇ ਸਰਕਾਰ ਦਾ ਪੂਰਾ ਸਾਥ ਵੀ ਦਿੰਦੇ ਆ ਰਹੇ ਹਨ ਪਰ ਇਨ੍ਹੇ ਦਿਨ ਬੀਤ ਜਾਣ ਬਾਅਦ ਵੀ ਪੰਜਾਬ ਸਰਕਾਰ ਵੱਲੋਂ ਉਨਾਂ ਨੂੰ ਕੋਈ ਵੀ ਸੁਵਿਧਾ ਨਹੀਂ ਦਿੱਤੀ ਗਈ ਜਿਸ ਦੇ ਕਾਰਨ ਉਨਾਂ ਨੂੰ ਖਾਣ ਦੇ ਲਾਲੇ ਪੈ ਰਹੇ ਹਨ। ਉਨਾਂ ਨੇ ਕਿਹਾ ਕਰਫਿਊ ਦੌਰਾਨ ਉਨਾਂ ਦਾ ਆਟੋ ਬੰਦ ਰਹਿਣ ਕਾਰਨ ਦਿਹਾੜੀ ਨਹੀਂ ਲੱਗ ਰਹੀ ਅਤਤੇ ਬਾਕੀਆਂ ਦੇ ਵੀ ਸਾਰੇ ਕੰਮ ਧੰਦੇ ਠੱਪ ਪਏ ਹਨ ਅਜਿਹੀ ਹਾਲਤ ਵਿੱਚ ਉਹ ਆਪਣੇ ਪਰਿਵਾਰ ਲਈ ਖਾਣਾ ਕਿਥੋਂ ਲੈ ਕੇ ਆਉਣ।
ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਏ ਕਿ ਉਨਾਂ ਦੇ ਮੁਹੱਲੇ ਵਿੱਚ ਜ਼ਿਆਦਾਤਰ ਰੋਜ਼ਾਨਾ ਕਮਾ ਕੇ ਗੁਜ਼ਾਰਾ ਕਰਨ ਵਾਲੇ ਪਰਿਵਾਰ ਹੋਣ ਦੇ ਬਾਵਜੂਦ ਉਨਾਂ ਨੂੰ ਅਜੇ ਤਕ ਰਾਸ਼ਨ ਮੁਹੱਈਆ ਨਹੀਂ ਕਰਾਇਆ ਗਿਆ। ਉਨਾਂ ਦੱਸਿਆ ਕਿ ਉਨਾਂ ਕੋਲ ਰਾਸ਼ਨ ਦਾ ਮੁੱਕ ਚੱਲਿਆ ਹੈ ਪਰ ਉਨਾਂ ਦੀ ਕੋਈ ਸਾਰ ਲੈਣ ਨਹੀਂ ਆਇਆ।
ਓਧਰ ਸਾਬਕਾ ਕਾਂਗਰਸੀ ਕੌਂਸਲਰ ਸੰਜੇ ਬਿਸਵਾਲ ਨੇ ਆਪਣੇ ਤੇ ਲਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਉਨਾਂ ਕਿਹਾ ਕਿ ਸੂਚੀਆਂ ਬਣਾ ਕੇ ਭੇਜੀਆਂ ਹਨ ਅਤੇ ਜਲਦੀ ਹੀ ਰਾਸ਼ਨ ਆ ਜਾਏਗਾ ਤੇ ਉਹ ਲੋੜਵੰਦ ਪ੍ਰ੍ਰੀਵਾਰਾਂ ਤੱਕ ਪੁੱਜਦਾ ਕਰਨਗੇ।