ਅਸ਼ੋਕ ਵਰਮਾ
ਬਠਿੰਡਾ, 08 ਜੂਨ 2020: ਬਠਿੰਡਾ ਰੇਂਜ ਪੁਲਿਸ ਦੇ ਨਵੇਂ ਨਿਯੁਕਤ ਹੋਏ ਆਈਜੀ ਜਸਕਰਨ ਸਿੰਘ ਨੇ ਆਖਿਆ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਨਸ਼ਿਆਂ ਨੂੰ ਖਤਮ ਕਰਨਾ ਉਨਾਂ ਦੇ ਏਜੰਡੇ ਤੇ ਹੈ ਇਸ ਲਈ ਲੁੜੀਂਦੇ ਕਦਮ ਫੌਰੀ ਤੌਰ ਤੇ ਚੁੱਕੇ ਜਾਣਗੇ । ਉਨਾਂ ਆਖਿਆ ਕਿ ਨਸ਼ਾ ਤਸਕਰਾਂ ਦੀ ਧਰਪਕੜ ਉਨਾਂ ਦੀ ਪਹਿਲੀ ਤਰਜੀਹ ਹੋਵੇਗੀ ਜਿਸ ਲਈ ਆਮ ਲੋਕਾਂ ਦਾ ਸਹਿਯੋਗ ਲਿਆ ਜਾਏਗਾ। ਉਨਾਂ ਆਖਿਆ ਕਿ ਪੁਲਿਸ ਆਮ ਆਦਮੀ ਦੀ ਪਹਿਰੇਦਾਰ ਬਣੇਗੀ ਅਤੇ ਅਮਨ ਕਾਨੂੰਨ ਬਣਾ ਕੇ ਰੱਖਣਾ ਯਕੀਨੀ ਬਣਾਇਆ ਜਾਏਗਾ। ਆਈਜੀ ਜਸਕਰਨ ਸਿੰਘ ਆਪਣੀ ਨਿਯੁਕਤੀ ਉਪਰੰਤ ਪਹਿਲੀ ਵਾਰ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ।
ਉਨਾਂ ਆਖਿਆ ਕਿ ਬਠਿੰਡਾ ਰੇਂਜ ਦੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਜਾਏਗਾ ਕਿ ਸਾਰੇ ਫੈਸਲੇ ਪੂਰੀ ਇਮਾਨਦਾਰੀ ਨਾਲ ਕੀਤੇ ਜਾਣ ਤੇ ਆਮ ਜਨਤਾ ਨੂੰ ਇਨਸਾਫ ਦਿੱਤਾ ਜਾਵੇ । ਉਨਾਂ ਨਸ਼ਿਆਂ ਤੇ ਮਾੜੇ ਅਨਸਰਾਂ ਦੀ ਆਮਦ ਰੋਕਣ ਲਈ ਚੌਕਸੀ ਵਧਾਉਣ ਦੇ ਸੰਕੇਤ ਵੀ ਦਿੱਤੇ। ਆਈਜੀ ਨੇ ਆਖਿਆ ਕਿ ਬਠਿੰਡਾ ਰੇਂਜ ਦੀ ਪੁਲਿਸ ਆਮ ਆਦਮੀ ਦੀ ਜਾਨ ਮਾਲ ਦੀ ਰਾਖੀ ਕਰੇ ਉਨਾਂ ਦੀ ਜਿੰਮੇਵਾਰੀ ਹੋਵੇਗੀ ਅਤੇ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕੀਤੀ ਜਾਵੇਗੀ ਤਾਂ ਜੋ ਸੜਕ ਤੇ ਤੁਰਦੇ ਹੋਏ ਕਿਸੇ ਧੀਅ ਭੈਣ ,ਬਜ਼ੁਰਗ ਜਾਂ ਆਮ ਨਾਗਰਿਕ ਨੂੰ ਕੋਈ ਡਰ ਨਾ ਹੋਵੇ ।
ਪੱਤਰਕਾਰਾਂ ਵੱਲੋਂ ਪੁੱਛੇ ਕੁੱਝ ਸਵਾਲਾਂ ਦਾ ਢੁੱਕਵਾਂ ਜਵਾਬ ਨਹੀਂ ਦਿੱਤਾ ਅਤੇ ਨਸ਼ਿਆਂ ਦੇ ਮਾਮਲੇ ਨੂੰ ਨਜਿੱਠਣ ਤੇ ਹੀ ਜਿਆਦਾ ਜੋਰ ਰੱਖਿਆ। ਉਨਾਂ ਕਿਹਾ ਕਿ ਨਸ਼ਾ ਇੱਕ ਵੱਡੀ ਸਮੱਸਿਆ ਬਣ ਚੁੱਕਿਆ ਹੈ ਇਸ ਨੂੰ ਲੋਕਾਂ ਦੇ ਸਹਿਯੋਗ ਅਤੇ ਸਮਾਜਿਕ ਪਹਿਲੂਆਂ ਨਾਲ ਜੁੜੇ ਸਰੋਕਾਰਾਂ ਦੇ ਹੱਲ ਤੋਂ ਬਗੈਰ ਖਤਮ ਕਰਨਾ ਸੰਭਵ ਨਹੀਂ ਹੈ। ਉਨਾਂ ਆਖਿਆ ਕਿ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਅਤੇ ਮੰਗ ਘੱਟ ਕਰਨੀ ਦੋ ਵੱਖ ਵੱਖ ਪਹਿਲੂ ਹਨ ਜਿੰਨਾਂ ਤੇ ਬਕਾਇਦਾ ਕੰਮ ਕੀਤਾ ਜਾਏਗਾ। ਉਨਾਂ ਆਖਿਆ ਕਿ ਨਸ਼ਿਆਂ ਦੀ ਰੋਕਥਾਮ ਲਈ ਸਮਾਜਿਕ ਚੇਤਨਾ ਵੀ ਲਿਆਂਦੀ ਜਾਏਗੀ ਜਿਸ ਲਈ ਮੌਜੁਦਾ ਪੀੜੀ ਦਾ ਸਾਥ ਅਤੀ ਜਰੂਰੀ ਹੈੇ। ਉਨਾਂ ਆਖਿਆ ਕਿ ਪੁਲਿਸ ਗੈਰ ਸਮਾਜੀ ਅਨਸਰਾਂ ਨਾਲ ਸਖਤੀ ਨਾਲ ਨਜਿੱਠੇਗੀ ।
ਆਈਜੀ ਨੇ ਕਿਹਾ ਕਿ ਜਿਲਿਆਂ ਦੀ ਪੁਲਿਸ ਨਸ਼ਿਆਂ ਦੇ ਕਾਰੋਬਾਰੀ ਲੋਕਾਂ ਦੀਆਂ ਸੂਚੀਆਂ ਤਿਆਰ ਕਰਕੇ ਉਨਾਂ ਦੀ ਧਰਪਕੜ ਲਈ ਆਪਰੇਸ਼ਨ ਚਲਾਉਣ ਲਈ ਕਿਹਾ ਜਾਏਗਾ। ਉਨਾਂ ਕਿਹਾ ਕਿ ਪੰਜਾਬ ਦੀ ਗੁਆਂਢੀ ਰਾਜਾਂ ਨਾਲ ਲੱਗਦੀ ਸਰਹੱਦ ਤੋਂ ਆ ਰਹੇ ਨਸ਼ੇ ਨੂੰ ਰੋਕਣ ਲਈ ਸਪੈਸ਼ਲ ਨਾਕੇ ਲਗਾਏ ਜਾਣਗੇ । ਗੌਰਤਲਬ ਹੈ ਕਿ ਹਰਿਆਣਾ ਦਾ ਕਾਲਿਆਂ ਵਾਲੀ ,ਡੱਬਵਾਲੀ,ਰਤੀਆ ਅਤੇ ਫਤਿਹਾਬਾਦ ਪੰਜਾਬ ਦੀ ਸੀਮਾ ਨਾਲ ਲੱਗਦਾ ਹੈ ਜਦੋਂ ਕਿ ਸ੍ਰੀ ਮੁਕਤਸਰ ਸਾਹਿਬ ਅਤੇ ਕੁਝ ਹੋਰ ਥਾਵਾਂ ਤੇ ਰਾਜਸਥਾਨ ਨਾਲ ਸਰਹੱਦ ਲਗਦੀ ਹੈ ਜਿੱਥੋਂ ਭੁੱਕੀ ਵਰਗਾ ਨਸ਼ਾ ਪੰਜਾਬ ‘ਚ ਵਿਕਣ ਲਈ ਆਉਂਦਾ ਹੈ। ਹਰਿਆਣਾ ਤੋਂ ਆਕੇ ਪੰਜਾਬ ’ਚ ਵਿਕਦਾ ਮੈਡੀਕਲ ਨਸ਼ਾ ਰਵਾਇਤੀ ਨਸ਼ਿਆਂ ਤੋਂ ਘਾਤਕ ਹੈ ਜਿਸ ਤੇ ਕਾਬੂ ਪਾਉਣਾ ਵਕਤ ਦੀ ਲੋੜ ਮੰਨਿਆ ਜਾ ਰਿਹਾ ਹੈ।