ਅਸ਼ੋਕ ਵਰਮਾ
ਬਠਿੰਡਾ, 30 ਮਾਰਚ 2020: ਲੋਕਾਂ ਤੱਕ ਰਾਸ਼ਨ ਦੀ ਸੌਖੀ ਪਹੁੰਚ ਯਕੀਨੀ ਬਣਾਊਣ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਬਠਿੰਡਾ ਸ਼ਹਿਰ ਵਿਚ ਇਸ ਸਮੇਂ 20 ਥੋਕ ਵਿਕ੍ਰੇਤਾਵਾਂ ਰਾਹੀਂ ਘਰਾਂ ਤੱਕ ਰਾਸ਼ਨ ਸਪਲਾਈ ਕੀਤਾ ਜਾ ਰਿਹਾ ਹੈ। ਇੰਨਾਂ ਵਿਚੋਂ ਜਿੰਨਾਂ ਚਾਰ ਥੋਕ ਵਿਕੇ੍ਰਤਾਵਾਂ ਨੂੰ ਪਹਿਲਾਂ ਕੰਮ ਵਿਚ ਲਗਾਇਆ ਸੀ ਸਿਰਫ ਉਹੀ ਹੁਣ ਤੱਕ ਪ੍ਰਾਪਤ ਆਨਲਾਈਨ ਆਰਡਰਾਂ ਤੇ 9485 ਘਰਾਂ ਤੱਕ ਰਾਸ਼ਨ ਦੀ ਸਪਲਾਈ ਕਰ ਚੁੱਕੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਰਾਸ਼ਨ ਦੀ ਸਪਲਾਈ ਲਈ ਦੋ ਵਿਵਸਥਾਵਾਂ ਕੀਤੀਆਂ ਗਈਆਂ ਹਨ। ਪਹਿਲੀ ਵਿਵਸਥਾ ਤਹਿਤ ਬੁਨਿਆਦੀ ਜਰੂਰਤ ਦਾ ਸਮਾਨ ਲੈ ਕੇ ਵਾਹਨ ਵਾਰਡਾਂ ਵਿਚ ਘੁੰਮ ਰਹੇ ਹਨ ਅਤੇ ਨਾਗਰਿਕ ਇੱਥੋਂ ਆਪਣਾ ਸਮਾਨ ਖਰੀਦ ਕਰ ਸਕਦੇ ਹਨ। ਇਸ ਤੋਂ ਬਿਨਾਂ ਦੁਸਰੀ ਵਿਵਸਥਾ ਤਹਿਤ ਹੁਣ ਤੱਕ ਬਠਿੰਡਾਂ ਸ਼ਹਿਰ ਲਈ ਕੁੱਲ 20 ਥੋਕ ਵਿਕ੍ਰੇਤਾਵਾਂ ਦੇ ਮੋਬਾਇਲ ਨੰਬਰ ਜਾਰੀ ਕੀਤੇ ਗਏ ਹਨ ਜਿੱਥੋਂ ਕਾਲ ਕਰਕੇ ਕੋਈ ਵੀ ਨਾਗਰਿਕ ਆਪਣੀ ਜਰੂਰਤ ਅਨੁਸਾਰ ਕਰਿਆਣੇ ਦਾ ਸਮਾਨ ਮੰਗਵਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਹੁਣ ਤੱਕ ਰਿਲਾਇੰਸ ਵੱਲੋਂ 3000 ਘਰਾਂ ਤੱਕ, ਬਿਗ ਬਜਾਰ ਵੱਲੋਂ 113 ਘਰਾਂ ਤੱਕ, ਵਿਸ਼ਾਲ ਮੈਗਾ ਮਾਰਟ ਵੱਲੋਂ 158 ਅਤੇ ਬੈਸਟ ਪ੍ਰਾਈਸ ਵੱਲੋਂ 6214 ਘਰਾਂ ਤੱਕ ਸਮਾਨ ਪਹੁੰਚਾਇਆ ਗਿਆ ਹੈ। ਹੁਣ ਬੀਤੇ ਕੱਲ ਤੋਂ 16 ਹੋਰ ਸਟੋਰ ਇਸ ਸੇਵਾ ਵਿਚ ਲਗਾਏ ਗਏ ਹਨ।
ਓਧਰ ਬਠਿੰਡਾ ਦੇ ਐਸਡੀਐਮ ਸ: ਅਮਰਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਦਿਹਾਤੀ ਇਲਾਕਿਆਂ ਤੱਕ ਕਰਿਆਣੇ ਦੇ ਸਮਾਨ ਦੀ ਸਪਲਾਈ ਚੇਨ ਹੁਣ ਮੁੜ ਸਥਾਪਿਤ ਹੋ ਚੁੱਕੀ ਹੈ। ਰਾਮਪੁਰਾ ਫੂਲ ਦੇ ਐਸ.ਡੀ.ਐਮ. ਸ: ਖੁਸ਼ਦਿਲ ਸਿੰਘ ਨੇ ਦੱਸਿਆ ਕਿ ਰਾਪੁਰਾਫੂਲ ਦੇ 21 ਵਾਰਡਾਂ ਵਿਚ ਘਰੋ ਘਰੀ ਰਾਸ਼ਨ ਸਪਲਾਈ ਕਰਨ ਲਈ 12 ਅਤੇ ਨੇੜਲੀਆਂ ਬਸਤੀਆਂ ਤੱਕ ਸਪਲਾਈ ਲਈ 3 ਵਾਹਨ ਲਗਾਏ ਗਏ ਸਨ। ਹੁਣ ਤੱਕ ਸਪਲਾਈ ਸਾਰੇ ਘਰਾਂ ਤੱਕ ਕੀਤੀ ਜਾ ਚੁੱਕੀ ਹੈ ਅਤੇ ਨਵੀਂ ਮੰਗ ਘੱਟ ਆਉਣ ਕਾਰਨ ਵਾਹਨਾਂ ਦੀ ਗਿਣਤੀ ਘਟਾਉਣੀ ਪਵੇਗੀ। ਇਸ ਤੋਂ ਬਿਨਾਂ ਪਿੰਡਾਂ ਦੀਆਂ ਕਰਿਆਣੇ ਦੀਆਂ ਦੁਕਾਨਾਂ ਤੱਕ ਸਮਾਨ ਦੀ ਸਪਲਾਈ ਵੀ ਬਹਾਲ ਕਰਵਾ ਦਿੱਤੀ ਗਈ ਹੈ। ਇਸੇ ਤਰਾਂ ਭਗਤੇ ਵਿਚ 12 ਵਾਰਡਾਂ ਲਈ 4 ਵਾਹਨ ਘਰ ਘਰ ਰਾਸ਼ਨ ਦੀ ਸਪਲਾਈ ਕਰ ਰਹੇ ਹਨ।
ਤਲਵੰਡੀ ਸਾਬੋ ਦੇ ਐਸ.ਡੀ.ਐਮ. ਵਰਿੰਦਰ ਸਿੰਘ ਨੇ ਦੱਸਿਆ ਕਿ ਤਲਵੰਡੀ ਸਾਬੋ ਅਤੇ ਰਾਮਾ ਮੰਡੀ ਵਿਚ ਵੀ ਘਰੋਂ ਘਰੀ ਸਪਲਾਈ ਕੀਤੀ ਜਾਰ ਰਹੀ ਹੈ। ਇੰਨਾਂ ਦੋਹਾਂ ਸ਼ਹਿਰਾਂ ਵਿਚ ਵਿਚ ਪਹਿਲਾਂ ਰੋਜਾਨਾਂ ਕ੍ਰਮਵਾਰ 5 ਅਤੇ 4 ਵਾਹਨ ਰਾਸ਼ਨ ਘਰੋ ਘਰੀ ਲੈ ਕੇ ਜਾਂਦੇ ਸੀ ਪਰ ਹੁਣ ਮੰਗ ਘੱਟ ਜਾਣ ਕਾਰਨ ਇੰਨਾਂ ਦੀ ਗਿਣਤੀ ਦੋ ਦੋ ਵਾਹਨ ਪ੍ਰਤੀ ਸ਼ਹਿਰ ਕੀਤੀ ਗਈ ਹੈ। ਇੰਨਾਂ ਵਾਹਨਾਂ ਤੇ ਰੋਜਾਨਾਂ ਵਰਤੋਂ ਦਾ ਸਾਰਾ ਸਮਾਨ ਉਪਲਬੱਧ ਹੁੰਦਾ ਹੈ।
ਮੌੜ ਸਬਡਵੀਜਨ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ 52 ਵਾਹਨ ਰਾਸ਼ਨ ਦੀ ਘਰੋ ਘਰੀ ਸਪਲਾਈ ਲਈ ਲਗਾਏ ਗਏ ਹਨ। ਤਹਿਸੀਲਦਾਰ ਰਮੇਸ਼ ਕੁਮਾਰ ਜੈਨ ਨੇ ਦੱਸਿਆ ਕਿ ਹੁਣ ਰਾਸ਼ਨ ਦੀ ਮੰਗ ਪਹਿਲਾਂ ਦੇ ਮੁਕਾਬਲੇ ਘੱਟ ਗਈ ਹੈ। ਉਨਾਂ ਨੇ ਕਿਹਾ ਕਿ ਪਿੰਡਾਂ ਤੱਕ ਵੀ ਸਪਲਾਈ ਚੇਨ ਬਹਾਲ ਕਰ ਦਿੱਤੀ ਗਈ ਹੈ।
43532 ਗੈਸ ਸਿਲੰਡਰ ਸਪਲਾਈ ਕੀਤੇ
ਜ਼ਿਲਾ ਬਠਿੰਡਾਂ ਵਿਚ ਰਸੋਈ ਗੈਸ ਦੀ ਸਪਲਾਈ ਹੁਣ ਆਮ ਵਾਂਗ ਹੋ ਚੁੱਕੀ ਹੈ। ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਪਿੱਛਲੇ ਚਾਰ ਦਿਨਾਂ ਵਿਚ ਹੀ 43532 ਗੈਸ ਸਿੰਲਡਰਾਂ ਦੀ ਸਪਲਾਈ ਵੱਖ ਵੱਖ ਏਂਜਸੀਆਂ ਦੇ ਮਾਰਫ਼ਤ ਕੀਤੀ ਜਾ ਚੁੱਕੀ ਹੈ। ਬੀਤੇ ਇਕ ਦਿਨ ਵਿਚ ਹੀ 11732 ਗੈਸ ਸਿੰਲਡਰਾਂ ਦੀ ਸਪਲਾਈ ਕੀਤੀ ਗਈ ਹੈ। ਜਦ ਕਿ ਬੀਤੇ ਕੱਲ 9344 ਨਵੀਂ ਬੁਕਿੰਗ ਹੋਈ ਸੀ। ਜ਼ਿਲਾ ਫੂਡ ਸਪਲਾਈ ਕੰਟਰੋਲਰ ਮਨਦੀਪ ਸਿੰਘ ਅਨੁਸਾਰ ਗੈਸ ਦੀ ਕਿਤੇ ਕੋਈ ਘਾਟ ਨਹੀਂ ਹੈ।