ਅਸ਼ੋਕ ਵਰਮਾ
ਬਠਿੰਡਾ, 10 ਅਪ੍ਰੈਲ 2020 - ਜ਼ਿਲ੍ਹਾ ਬਠਿੰਡਾ ਹਾਲੇ ਤੱਕ ਕੋਰੋਨਾ ਦੀ ਮਾਰ ਤੋਂ ਬਚਿਆ ਹੋਇਆ ਹੈ ਅਤੇ ਜ਼ਿਲ੍ਹੇ ਦੁਆਲੇ ਸੁਰੱਖਿਆ ਕਵੱਚ ਬਣਾਈ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਲਗਾਤਾਰ ਉਪਰਾਲੇ ਕਰ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਇਸ ਲਈ ਹੁਣ ਜ਼ਿਲ੍ਹੇ ਨੂੰ ਆਉਂਦੇ ਪ੍ਰਮੁੱਖ ਮਾਰਗਾਂ ਦੇ ਜ਼ਿਲ੍ਹੇ ਤੋਂ ਬਾਹਰ ਤੋਂ ਆਉਣ ਵਾਲਿਆਂ ਦੀ ਸਕਰੀਨਿੰਗ ਸ਼ੁਰੂ ਕੀਤੀ ਗਈ ਹੈ। ਇਸ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਯਤਨਾਂ ਨਾਲ ਜ਼ਿਲ੍ਹੇ ਨੂੰ ਵਿਸੇਸ਼ ਤੌਰ 'ਤੇ ਥਰਮਲ ਸਕੈਨਰ ਪ੍ਰਾਪਤ ਹੋਏ ਸਨ। ਉਨ੍ਹਾਂ ਨੇ ਦੱਸਿਆ ਕਿ ਅੰਤਰ ਜ਼ਿਲ੍ਹਾ ਅਤੇ ਅੰਤਰ ਰਾਜੀ ਨਾਕਿਆਂ ਤੇ ਇਨ੍ਹਾਂ ਥਰਮਲ ਸਕੈਨਰਾਂ ਨਾਲ ਲੈਸ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਹ ਟੀਮਾਂ ਬਾਹਰੋ ਜ਼ਿਲ੍ਹੇ ਵਿਚ ਦਾਖਲ ਹੋਣ ਵਾਲੇ ਹਰੇਕ ਵਿਅਕਤੀ ਦੀ ਸਿਹਤ ਜਾਂਚ ਕਰਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਬਿਮਾਰ ਵਿਅਕਤੀ ਜ਼ਿਲ੍ਹੇ ਵਿਚ ਦਾਖਲ ਨਾ ਹੋ ਸਕੇ।
ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੇ ਨਾਲ ਲੱਗਦੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਜਿਵੇਂ ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਬਰਨਾਲਾ ਅਤੇ ਮਾਨਸਾ ਵਿਚ ਕੋਰੋਨਾ ਤੋਂ ਪ੍ਰਭਾਵਿਤ ਮਰੀਜ ਸਾਹਮਣੇ ਆ ਚੁੱਕੇ ਹਨ। ਇਸੇ ਤਰ੍ਹਾਂ ਹਰਿਆਣਾ ਦਾ ਜ਼ਿਲ੍ਹਾ ਸਿਰਸਾ ਦੀ ਹੱਦ ਵੀ ਬਠਿੰਡੇ ਨਾਲ ਲੱਗਦੀ ਹੈ ਜਿੱਥੇ ਵੀ ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਦੀ ਪੁਸ਼ਟੀ ਹੋਈ ਹੈ। ਇਸ ਲਈ ਜ਼ਿਲ੍ਹੇ ਨੂੰ ਸੁਰੱਖਿਅਤ ਬਣਾਈ ਰੱਖਣਾ ਹੁਣ ਵੱਡੀ ਚੁਣੌਤੀ ਹੈ। ਇਸ ਲਈ ਇਹ ਵਿਉਂਤਬੰਦੀ ਕੀਤੀ ਗਈ ਹੈ ਕਿ ਜ਼ਿਲ੍ਹੇ ਵਿਚ ਆਉਣ ਵਾਲੇ ਲੋਕਾਂ ਦਾ ਬਰੀਕੀ ਨਾਲ ਸਿਹਤ ਮੁਆਇਨਾ ਕੀਤਾ ਜਾਵੇ।
ਐਸ.ਐਸ.ਪੀ. ਡਾ: ਨਾਨਕ ਸਿੰਘ ਨੇ ਕਿਹਾ ਕਿ ਇੰਨ੍ਹਾਂ ਸਿਹਤ ਨਾਕਿਆਂ ਤੇ ਪੁਲਿਸ ਦੀ ਟੀਮਾਂ ਵੀ ਤਾਇਨਾਤ ਰਹਿੰਦੀਆਂ ਹਨ ਤਾਂ ਜੋ ਲੋਕਾਂ ਦੀ ਆਵਾਜਾਈ ਤੇ ਨਿਯੰਤਰਣ ਰਹੇ ਅਤੇ ਕੇਵਲ ਜਰੂਰੀ ਵਸਤਾਂ ਦੀ ਸਪਲਾਈ ਨਾਲ ਜੁੜੇ ਜਾਂ ਪਾਸ ਧਾਰਕ ਲੋਕ ਹੀ ਜ਼ਿਲੇ ਵਿਚ ਦਾਖਲ ਹੋ ਸਕਨ। ਉਨਾਂ ਨੇ ਕਿਹਾ ਕਿ 24 ਘੰਟੇ ਸਾਡੀਆਂ ਟੀਮਾਂ ਜ਼ਿਲੇ ਵਿਚ ਦਾਖਲ ਹੋਣ ਵਾਲੇ ਨਾਕਿਆਂ ਤੇ ਚੌਕਸੀ ਰੱਖ ਰਹੇ ਹਨ।
ਸਿਵਲ ਸਰਜਨ ਡਾ: ਅਮਰੀਕ ਸਿੰਘ ਨੇ ਕਿਹਾ ਕਿ ਡੱਬਵਾਲੀ ਰੋਡ, ਬਰਨਾਲਾ ਰੋਡ, ਮਾਨਸਾ ਰੋਡ, ਸ੍ਰੀ ਮੁਕਤਸਰ ਸਾਹਿਬ ਰੋਡ ਆਦਿ ਸਭ ਸੜਕਾਂ ਦੇ ਸਿਹਤ ਵਿਭਾਗ ਦਾ ਅਮਲਾ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਹੈ ਤਾਂ ਜੋ ਕਰੋਨਾ ਦਾ ਜ਼ਿਲੇ ਵਿਚ ਦਾਖਲਾ ਰੋਕਿਆ ਜਾ ਸਕੇ। ਉਨਾਂ ਨੇ ਕਿਹਾ ਕਿ ਸਿਹਤ ਵਿਗਿਆਨ ਅਨੁਸਾਰ ਇਹ ਤਰੀਕਾ ਕਾਰਗਰ ਸਿੱਧ ਹੋਵੇਗਾ।