ਅਸ਼ੋਕ ਵਰਮਾ
- ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕਰਫਿਊ ’ਚ ਤਿੰਨ ਘੰਟੇ ਦੀ ਛੋਟ
ਬਠਿੰਡਾ, 9 ਅਪਰੈਲ 2020 - ਕੋਰੋਨਾ ਵਾਇਰਸ ਕਾਰਨ ਬੰਦ ਪਏ ਕਾਰੋਬਾਰਾਂ ਦੌਰਾਨ ਜ਼ਿਲ੍ਹਾ ਪ੍ਰਸ਼ਾਸ਼ਨ ਬਠਿੰਡਾ ਨੇ ਬੀ.ਟੀ. ਬੀਜ ਕਿਸਾਨਾਂ ਤੱਕ ਪੁੱਜਦਾ ਕਰਨ ਲਈ ਤਰੀਕਾ ਕੱਢ ਲਿਆ ਹੈ। ਕਿਸਾਨਾਂ ਨੂੰ ਨਰਮੇ ਕਪਾਹ ਤੋਂ ਇਲਾਵਾ ਲੁੜੀਂਦੀਆਂ ਖੇਤੀ ਵਸਤਾਂ ਦੀ ਹੁਣ ਦੁਕਾਨਦਾਰ ਹੋਮ ਡਲਿਵਰੀ ਦੇਣਗੇ। ਡਿਪਟੀ ਕਮਿਸ਼ਨਰ ਬਠਿੰਡਾ ਨੇ ਖੇਤੀ ਨਾਲ ਸਬੰਤ ਸਮਾਨ ਵੇਚਣ ਵਾਲੇ ਬੀਜ ਤੇ ਕੀਟਨਾਸ਼ਕ ਡੀਲਰਾਂ ਨੂੰ ਸਵੇਰੇ 5 ਤੋਂ 8 ਵਜੇ ਤੱਕ ਕਰਫਿੳ੍ਚ ਤੋਂ ਛੋਟ ਦੇਣ ਦਾ ਫੈਸਲਾ ਲਿਆ ਹੈ। ਇਸ ਦੌਰਾਨ ਨਾਂ ਕੇਵਲ ਦੁਕਾਨਦਾਰ ਇਹ ਸਮਾਨ ਕਿਸਾਨਾਂ ਤੱਕ ਪਹੁੰਚਾ ਸਕਣਗੇ ਬਲਕਿ ਕੰਪਨੀਆਂ ਵੀ ਦੁਕਾਨਦਾਰਾਂ ਨੂੰ ਮਾਲ ਭੇਜ ਸਕਣਗੀਆਂ। ਪ੍ਰਸ਼ਾਸ਼ਨ ਨੇ ਇਸ ਕੰਮ ਲਈ ਸੋਸ਼ਲ ਡਿਸਟੈਂਸ ਰੱਖਣ ਦੀ ਸ਼ਰਤ ਲਾਈ ਹੈ।
ਪਹਿਲਾਂ ਆਖਿਆ ਗਿਆ ਸੀ ਕਿ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਰਾਹੀਂ ਖੇਤੀ ਲਾਗਤ ਵਸਤਾਂ ਮੁਹੱਈਆ ਕਰਾਈਆਂ ਜਾਣਗੀਆਂ। ਇੰਨਾਂ ਤੱਥਾਂ ਨੇ ਦੁਕਾਨਦਾਰਾਂ ਲਈ ਸਮੱਸਿਆ ਖੜੀ ਕਰ ਦਿੱਤੀ ਸੀ ਜਿਸ ਤੋਂ ਹੁਣ ਰਾਹਤ ਮਿਲੀ ਹੈ। ਖੇਤੀ ਅਫਸਰਾਂ ਨੇ ਬੀਜਾਂ ਆਦਿ ਦੀ ਵਿੱਕਰੀ ਚਾਲੂ ਕਰਕੇ ਪਿਛਲੇ ਕੁੱਝ ਦਿਨਾਂ ਤੋਂ ਇਸ ਮਾਮਲੇ ਤੇ ਪੰਜਾਬ ਸਰਕਾਰ ਕੋਲ ਨਰਾਜਗੀ ਜਤਾ ਰਹੀਆਂ ਕਿਸਾਨ ਧਿਰਾਂ ਤੇ ਤੇ ਠੰਢਾ ਛਿੜਕਣ ਦੀ ਕਵਾਇਦ ਆਰੰਭੀ ਹੈ। ਸੂਤਰ ਦੱਸਦੇ ਹਨ ਕਿ ਡੀਲਰਾਂ ਤੇ ਇਹ ਵੀ ਸ਼ਰਤ ਲਾਈ ਗਈ ਹੈ ਕਿ ਸਿਰਫ ਜਿਲੇ ਦੇ ਹੀ ਕਿਸਾਨਾਂ ਨੂੰ ਬੀਜ ਵੇਚਿਆ ਜਾਵੇਗਾ। ਪਹਿਲੀ ਵਾਰ ਹੈ ਕਿ ਇਸ ਤਰਾਂ ਫ਼ਸਲਾਂ ਦਾ ਬੀਜ ਹੋਮ ਡਲਿਵਰੀ ਰਾਹੀਂ ਵੰਡਿਆ ਜਾਂਦਾ ਹੋਵੇ । ਇਸ ਤੋਂ ਪਹਿਲਾਂ ਕਰਫਿਊ ਕਾਰਨ ਕਿਸਾਨਾਂ ‘ਚ ਡਰ ਦਾ ਮਹੌਲ ਸੀ ਜਦੋਂਕਿ ਕਰੋੜਾਂ ਰੁਪਿਆ ਕੰਪਨੀਆਂ ਨੂੰ ਦੇਣ ਕਰਕੇ ਡੀਲਰ ਵੀ ਚਿੰਤਾ ’ਚ ਡੁੱਬੇ ਹੋਏ ਸਨ।
ਵੇਰਵਿਆਂ ਅਨੁਸਾਰ ਬਠਿੰਡਾ ਜ਼ਿਲ੍ਹੇ ਵਿਚ ਕਪਾਹ ਵਾਲੇ ਇਲਾਕੇ ’ਚ ਐਤਕੀਂ 1.40 ਲੱਖ ਹੈਕਟੇਅਰ ਰਕਬੇ ‘ਚ ਨਰਮੇ ਕਪਾਹ ਦੀ ਬਿਜਾਈ ਹੋਣ ਦਾ ਅਨੁਮਾਨ ਹੈ। ਖੇਤੀ ਵਿਭਾਗ ਨੂੰ ਤਾਂ ਐਤਕੀਂ ਝੋਨੇ ਵਾਲੇ ਇਲਾਕੇ ਵਿੱਚ ਵੀ ਨਰਮੇ ਦੀ ਬਿਜਾਈ ਦੀ ਉਮੀਦ ਹੈ। ਹਰ ਵਾਰ ਰਾਸ਼ੀ ਕੰਪਨੀ ਦੇ ਬੀਟੀ ਬੀਜ ਦੀ ਕਾਫ਼ੀ ਮੰਗ ਰਹਿੰਦੀ ਹੈ। ਇਕੱਲੀ ਰਾਸ਼ੀ ਕੰਪਨੀ ਵੱਲੋਂ ਬੀਜਾਂ ਦੇ 3.56 ਲੱਖ ਪੈਕਟਾਂ ਦੀ ਸਪਲਾਈ ਦਿੱਤੀ ਜਾ ਚੁੱਕੀ ਹੈ ਜਦੋਂ ਕਿ 4 ਲੱਖ ਪੈਕਟ ਹੋਰ ਆਉਣ ਦੀ ਸੰਭਾਵਨਾ ਹੈ। ਪਤਾ ਲੱਗਿਆ ਹੈ ਕਿ ਪੀ.ਏ.ਯੂ. ਵੱਲੋਂ ਇੱਕ ਏਕੜ ‘ਚ ਡੇਢ ਪੈਕੇਟ ਬੀਜ ਪਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਇਸ ਹਿਸਾਬ ਨਾਲ ਕੁੱਲ 20 ਲੱਖ ਪੈਕਟਾਂ ਦੀ ਜ਼ਰੂਰਤ ਹੈ ਅਕਸਰ ਕਿਸਾਨ ਡੇਢ ਦੀ ਥਾਂ ਦੋ ਪੈਕਟ ਹੀ ਪਾਉਂਦੇ ਹਨ ਜਿਸ ਕਰਕੇ ਇਹ ਜਰੂਰਤ ਥੋੜੀ ਵਧ ਸਕਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਮੁੱਖ ਖੇਤੀਬਾੜੀ ਅਫਸਰ ਨੇ ਬੀਜ ਡੀਲਰਾਂ ਨੂੰ ਆਖਿਆ ਹੈ ਕਿ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਕਿਸੇ ਵੀ ਡੀਲਰ ਨੂੰ ਕੋਈ ਮੁਸ਼ਕਲ ਨਹੀਂ ਆਵੇਗੀ ਪਰ ਕਾਲਾਬਜਾਰੀ ਕਰਨ ਵਾਲਿਆਂ ਨੂੰ ਸਖਤੀ ਨਾਲ ਨਿਪਟਿਆ ਜਾਏਗਾ। ਦੱਸਣਯੋਗ ਹੈ ਕਿ ਕਿਸਾਨ ਆਗੂਆਂ ਨੇ ਇਸ ਮਾਮਲੇ ’ਚ ਪੰਜਾਬ ਸਰਕਾਰ ਦੇ ਦਖਲ ਦੀ ਮੰਗ ਕਰਦਿਆਂ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਦੀ ਮੰਗ ਕੀਤੀ ਸੀ। ਇਸ ਮਸਲੇ ਨੂੰ ‘ਬਾਬੂਸ਼ਾਹੀ ’ ਵੱਲੋਂ ਪ੍ਰਮੁੱਖਤਾ ਨਾਲ ਉਭਾਰਿਆ ਗਿਆ ਸੀ। ਹੁਣ ਅੱਜ ਤੋਂ ਦੁਕਾਨਦਾਰਾਂ ਵੱਲੋਂ ਕਿਸਾਨਾਂ ਨੂੰ ਉਨਾਂ ਦੇ ਘਰ ਜਾਕੇ ਬੀ.ਟੀ ਬੀਜ਼ ਪੁੱਜਦਾ ਕਰਨਾ ਸ਼ੁਰੂ ਹੋ ਜਾਏਗਾ।
ਜ਼ਿਲ੍ਹਾ ਪ੍ਰਸ਼ਾਸ਼ਨ ਨੇ ਰਾਹਤ ਦਿੱਤੀ:ਸਿੰਗਲਾ
ਫਰਟੀਲਾਈਜ਼ਰ , ਸੀਡਜ਼ ਐਂਡ ਪੈਸਟੀਸਾਈਡਜ਼ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਪਵਨ ਸਿੰਗਲਾ ਦਾ ਕਹਿਣਾ ਸੀ ਕਿ ਜਿਲਾ ਪ੍ਰਸ਼ਾਸ਼ਨ ਨੇ ਉਨਾਂ ਨੂੰ ਤਿੰਨ ਘੰਟੇ ਲਈ ਕਰਫਿਊ ਚੋਂ ਰਾਹਤ ਦਿੱਤੀ ਹੈ। ਉਨਾਂ ਕਿਹਾ ਕਿ ਇਸ ਦੌਰਾਨ ਡੀਲਰ ਕਿਸਾਨਾਂ ਨੂੰ ਉਨਾਂ ਦੀ ਲੋੜ ਮੁਤਾਬਕ ਸਮਾਨ ਘਰ ਭਿਜਵਾਉਣਗੇ। ਉਨਾਂ ਦੱਸਿਆ ਕਿ ਹੁਣ ਐਸੋਸੀਏਸ਼ਨ ਨੇ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਤੇ ਖੇਤੀ ਵਸਤਾਂ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਕਰਫ਼ਿਊ 'ਚੋਂ ਲੋੜੀਂਦੀ ਛੋਟ -ਡੀ.ਸੀ
ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਦਾ ਕਹਿਣਾ ਸੀ ਕਿ ਬੀਜ਼ ਡੀਲਰਾਂ ਨੂੰ ਕਿਸਾਨਾਂ ਨੂੰ ਘਰ ਘਰ ਬੀਜ ਆਦਿ ਭਿਜਵਾਉਣ ਲਈ ਕਰਫ਼ਿਊ ਚੋਂ ਲੋੜੀਂਦੀ ਛੋਟ ਦਿੱਤੀ ਗਈ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਘਬਰਾਹਟ ਵਿਚ ਨਾ ਆਉਣ ਅਤੇ ਜ਼ਰੂਰਤ ਅਨੁਸਾਰ ਬੀ.ਟੀ ਨਰਮੇ ਦੇ ਬੀਜ਼ਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਜਿਲਾ ਪ੍ਰ੍ਰ੍ਰਸ਼ਾਸ਼ਨ ਵੱਲੋਂ ਸਥਿਤੀ ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਏਗੀ।
ਲੋੜ ਅਨੁਸਾਰ ਬੀਜਾਂ ਦੀ ਆਮਦ: ਮੁੱਖ ਖੇਤੀ ਅਫ਼ਸਰ
ਮੁੱਖ ਖੇਤੀ ਅਫ਼ਸਰ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ 3 ਲੱਖ 56 ਹਜ਼ਾਰ ਪੈਕਟ ਬੀਜ਼ ਸਿਰਫ਼ ਰਾਸ਼ੀ ਕੰਪਨੀ ਦਾ ਹੀ ਪਹੁੰਚ ਚੁੱਕਾ ਹੈ ਜਦੋਂਕਿ ਰਾਸ਼ੀ ਦਾ ਹੀ 4 ਲੱਖ ਪੈਕਟ ਹੋਰ ਭਲਕ ਤੱਕ ਆ ਜਾਵੇਗਾ ਉਨਾਂ ਦੱਸਿਆ ਕਿ ਦੂਜੀਆਂ ਕੰਪਨੀਆਂ ਦੇ ਬੀਜ ਸਟਾਕ ਇਸ ਤੋਂ ਵੱਖ਼ਰੇ ਹਨ। ਉਨਾਂ ਕਿਹਾ ਕਿ ਬੀਜ਼ ਦੀ ਸਪਲਾਈ ਹੁਣ ਡੀਲਰਾਂ ਤੱਕ ਹੋ ਰਹੀ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਨਰਮਾ ਇੱਕ ਘੱਟ ਪਾਣੀ ਨਾਲ ਪੱਕਣ ਵਾਲੀ ਫ਼ਸਲ ਹੈ ਇਸ ਲਈ ਕਿਸਾਨ ਇਸ ਦੀ ਕਾਸ਼ਤ ਜ਼ਿਆਦਾ ਤੋਂ ਜ਼ਿਆਦਾ ਕਰਨ ਤਾਂ ਜੋ ਫ਼ਸਲੀ ਵਿਭਿੰਨਤਾ ਪ੍ਰੋਗਰਾਮ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕੀਤਾ ਜਾ ਸਕੇ।