ਅਸ਼ੋਕ ਵਰਮਾ
ਬਠਿੰਡਾ, 20 ਮਈ 2020 - ਪੰਜਾਬ ਸਰਕਾਰ ਵੱਲੋਂ ਦੋ ਮਹੀਨਿਆਂ ਬਾਅਦ ਸ਼ੁਰੂ ਕੀਤੀ ਗਈ ਬੱਸ ਸੇਵਾ ਨੂੰ ਮੱਠਾ ਹੁੰਗਾਰਾ ਮਿਲਿਆ। ਅੱਜ ਮਸਾਂ ਇੱਥ ਦਰਜਨ ਤੋਂ ਰਤਾ ਵੱਧ ਬੱਸਾਂ ਚੱਲੀਆਂ ਜਦੋਂਕਿ ਆਮ ਹਾਲਾਤਾਂ ’ਚ ਬੱਸ ਅੱਡੇ ’ਚ ਤਿਲ ਸੁੱਟਣ ਲਈ ਥਾਂ ਨਹੀਂ ਹੁੰਦੀ ਹੈ। ਹਾਲਾਂਕਿ ਬਠਿੰਡਾ ਬੱਸ ਅੱਡੇ ’ਚ ਅੱਜ ਥੋੜੀ ਰੌਣਕ ਪਰਤੀ ਪਰ ਉਹ ਚਹਿਲ-ਪਹਿਲ ਨਹੀਂ ਸੀ ਜੋ ਆਮ ਦਿਨਾਂ ’ਚ ਹੁੰਦੀ ਸੀ। ਉਂਜ ਬੱਸ ਸੇਵਾ ਨਾਲ ਜੁੜੇ ਦੁਕਾਨਦਾਰਾਂ ਨੇ ਰਾਹਤ ਮਹਿਸੂਸ ਕੀਤੀ ਹੈ ਕਿਉਂਕਿ ਉਨਾਂ ਦੀ ਆਮਦਨ ਬਹਾਲ ਹੋਣ ਦਾ ਰਾਹ ਖੁੱਲ ਗਿਆ ਹੈ। ਕੰਟੀਨਾਂ ਵਾਲਿਆਂ ਨੇ ਆਖਿਆ ਕਿ ਪਿਛਲੇ ਦੋ ਮਹੀਨੇ ਵਿਹਲੇ ਬੈਠਣਾ ਮੁਸ਼ਕਲ ਰਿਹਾ ਹੈ। ਇਵੇਂ ਹੀ ਮੁਸਾਫਰ ਵੀ ਅੱਜ ਹੌਂਸਲੇ ’ਚ ਦਿਖਾਈ ਦਿੱਤੇ ਜਿੰਨਾਂ ਨੂੰ ਹੋਰ ਵੱਧ ਰੂਟਾਂ ਤੇ ਬੱਸ ਆਵਾਜਾੲਂ ਬਹਾਲ ਹੋਣ ਦੀ ਆਸ ਹੈ। ਲੋਕ ਆਖਦੇ ਹਨ ਕਿ ਹੁਣ ਉਨਾਂ ਨੂੰ ਸਸਤਾ ਸਫਰ ਮਿਲ ਸਕੇਗਾ। ਦੱਸਣਯੋਗ ਹੈ ਕਿ ਅੱਜ ਪਹਿਲੇ ਦਿਨ ਸਵਾਰੀਆਂ ਦੀ ਗਿਣਤੀ ਘੱਟ ਸੀ ਪਰ ਅਨੁਸ਼ਾਸਨ ਦੇਖਣਯੋਗ ਰਿਹਾ। ਬਠਿੰਡਾ ਡਿੱਪੂ ਦੇ ਸਟਾਫ਼ ਵੱਲੋ ਅੱਜ ਸਿਹਤ ਵਿਭਾਗ ਦੇ ਕਰਮਚਾਰੀਆਂ ਵਾਂਗ ਯਾਤਰੀਆਂ ਨੂੰ ਮਾਸਕ ਦੀ ਵਰਤੋਂ ਅਤੇ ਹੱਥਾਂ ਨੂੰ ਸਾਫ ਰੱਖਣ ਦੀ ਪ੍ਰੇਰਣਾ ਦਿੱਤੀ ਗਈ।
ਪੀਆਰਟੀਸੀ ਦੇ ਬਠਿੰਡਾ ਡਿੱਪੂ ’ਚ ਪ੍ਰਾਪਤ ਜਾਣਕਾਰੀ ਮੁਤਾਬਕ ਬਠਿੰਡਾ ਤੋਂ 3 ਬੱਸਾਂ ਚੰਡੀਗੜ ਲਈ ਚੱਲੀਆਂ ਹਨ ਜਦੋਂਕਿ ਬਠਿੰਡਾ- ਮਾਨਸਾ ਰੂਟ ਤੇ 2, ਬਠਿੰਡਾ ਤੋਂ ਬਰਨਾਲਾ 2, ਬਠਿੰੰਡਾ ਤੋਂ ਮਲੋਟ2, ਬਠਿੰਡਾ ਤੋਂ ਸ੍ਰੀ ਮੁਕਤਸਰ ਸਾਹਿਬ ਇੱਕ ਅਤੇ ਬਠਿੰੰਡਾ ਤੋਂ ਡੱਬਵਾਲੀ ਰੂਟ ਤੇ ਦੋ ਬੱਸਾਂ ਰਵਾਨਾ ਕੀਤੀਆਂ ਗਈਆਂ ਹਨ। ਦੱਸਿਆ ਜਾਂਦਾ ਹੈ ਕਿ ਬੱਸ ਅੱਡੇ ’ਚੋਂ ਪਹਿਲੀ ਬੱਸ ਸਵੇਰੇ 6 ਵਜੇ ਚੰਡੀਗੜ ਨੂੰ ਗਈ ਜਿਸ ’ਚ 16 ਸਵਾਰੀਆਂ ਸਨ। ਬਠਿੰਡਾ ਤੋਂ ਚੰਡੀਗੜ ਜਾਣ ਵਾਲੀ ਬੱਸ ਦੇ ਡਰਾਈਵਰ ਸਤਵੀਰ ਸਿੰਘ ਦਾ ਕਹਿਣਾ ਸੀ ਕਿ ਡਿੱਪੂ ਪ੍ਰਬੰਧਕ ਉਨਾਂ ਨੂੰ ਮਾਸਕ, ਸੈਨੇਟਾਈਜ਼ਰ ਅਤੇ ਦਸਤਾਨੇ ਆਦਿ ਮੁਹੱਈਆ ਕਰਵਾ ਰਹੇ ਹਨ। ਉਨਾਂ ਦੱਸਿਆ ਕਿ ਹਰ ਬੱਸ ਸੈਨੇਟਾਈਜ਼ ਕੀਤੀ ਗਈ ਹੈ ਤੇ ਉਹ ਨਿਯਮਾਂ ਮੁਤਾਬਿਕ ਸਵਾਰੀਆਂ ਲਿਜਾ ਰਿਹਾ ਹੈ।
ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਬੱਸਾਂ ਨੂੰ ਰਵਾਨਾ ਕਰਨ ਵੇਲੇ ਮੁੱਖ ਦਫ਼ਤਰ ਤੋਂ ਤਹਿਤ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਵਰਤੀਆਂ ਜਾਣ ਵਾਲੀਆਂ ਸਾਰੀਆਂ ਸਾਵਧਾਨੀਆਂ ਨੂੰ ਧਿਆਨ ’ਚ ਰੱਖਿਆ ਗਿਆ ਹੈ। ਉਨਾਂ ਆਖਿਆ ਕਿ ਨਿਯਮਿਤ ਦੂਰੀ ਬਣਾਈ ਰੱਖਣ ਲਈ ਬੱਸ ਅੱਡੇ ’ਚ ਬਕਾਇਦਾ ਨਿਸ਼ਾਨਦੇਹੀ ਕੀਤੀ ਗਈ ਹੈ। ਉਨਾਂ ਕਿਹਾ ਕਿ ਹਰ ਡਰਾਈਵਰ ਤੇ ਕੰਡਕਟਰ ਨੂੰ ਨਿਰਦੇਸ਼ ਹਨ ਕਿ ਨਿਯਮਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਏਗੀ। ਉਨਾਂ ਦੱਸਿਆ ਕਿ ਅੱਜ ਪ੍ਰਤੀ ਬੱਸ ਔਸਤਨ 16-17 ਸਵਾਰੀਆਂ ਹੀ ਮਿਲੀਆਂ ਹਨ। ਬੱਸ ਅੱਡੇ ’ਚ ਸਵੇਰ ਵੇਲੇ ਦੂਰ-ਦੁਰਾਡੇ ਜਾਂ ਨੌਕਰੀ ਪੇਸ਼ਾ ਲਈ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਵੱਧ ਸੀ।
ਅੱਜ ਪ੍ਰਵਾਸੀ ਮਜ਼ਦੂਰ ਵੀ ਟਿਕਟ ਕਾਊਂਟਰ 'ਤੇ ਉੱਤਰ ਪ੍ਰਦੇਸ਼ ਨੂੰ ਜਾਣ ਵਾਲੀਆਂ ਬੱਸਾਂ ਦੀ ਜਾਣਕਾਰੀ ਮੰਗਣ ਆਏ। ਕਈ ਪ੍ਰਵਾਸੀ ਮਜਦੂਰਾਂ ਨੇ ਅੱਜ ਡੱਬਵਾਲੀ ਨੂੰ ਜਾਣ ਵਾਲੀਆਂ ਬੱਸਾਂ ਨੂੰ ਸਫਰ ਲਈ ਚੁਣਿਆਂ। ਉਨਾਂ ਆਖਿਆ ਕਿ ਹਰਿਆਣਾ ਚੋਂ ਉਨਾਂ ਨੂੰ ਦਿੱਲੀ ਨੂੰ ਜਾਣ ਵਾਲੀਆਂ ਬੱਸਾਂ ਮਿਲ ਸਕਣਗੀਆਂ। ਰਾਮਾਂ ਰਿਫਾਇਨਰੀ ’ਚ ਕੰਮ ਕਰਨ ਵਾਲੇ ਉੱਤਰ ਪ੍ਰਦੇਸ਼ ਦੇ ਜ਼ਿਲਾ ਆਜ਼ਮਗੜ ਵਾਸੀ ਸੁਭਾਸ਼ ਅਤੇ ਖੇਤਾਸਰਾਏ ਵਾਸੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਹ 12 ਜਣੇ ਹਨ ਜਿੰਨਾਂ ਨੇ ਯੂਪੀ ਜਾਣਾ ਹੈ ਜਿਸ ਕਰਕੇ ਉਹ ਬਠਿੰਡਾ ਤੋਂ ਡੱਬਵਾਲੀ ਜਾ ਰਹੇ ਹਨ। ਉਨ੍ਹਾਂ ਉਮੀਦ ਕੀਤੀ ਕਿ ਉਨਾਂ ਨੂੰ ਦਿੱਲੀ ਜਾਣ ਲਈ ਬੱਸ ਮਿਲ ਜਾਏਗੀ।
ਪਹਿਲੇ ਦਿਨ ਘੱਟ ਮਿਲਿਆ ਹੁੰਗਾਰਾ : ਜੀਐਮ
ਬਠਿੰਡਾ ਡਿਪੂ ਦੇ ਜਰਨਲ ਮੈਨੇਜਰ ਰਮਨ ਸ਼ਰਮਾ ਦਾ ਕਹਿਣਾ ਸੀ ਕਿ ਅੱਜ ਬਠਿੰਡਾ ਡਿਪੂ ਦੀਆਂ ਬੱਸਾਂ ਨੂੰ ੳਮੀਦ ਮੁਤਾਬਕ ਹੰਗਾਰਾ ਨਹੀਂ ਮਿਲਿਆ ਹੈ ਜਦੋਂਕਿ ਬੱਸਾਂ ਚੱਲਣ ਤੋਂ ਇੱਕ ਦਿਨ ਪਹਿਲਾਂ ਲੋਕਾਂ ਦੇ ਵੱਡੀ ਗਿਣਤੀ ’ਚ ਫੋਨ ਆਏ ਸਨ। ਉਨਾਂ ਦੱਸਿਆ ਕਿ ਸਟਾਫ਼ ਵੱਲੋਂ 100 ਬੱਸਾਂ ਸੈਨੇਟਾਈਜ਼ ਕਰਕੇ ਤਿਆਰ ਰੱਖੀਆਂ ਗਈਆਂ ਸਨ ਪਰ ਸਵਾਰੀਆਂ ਘੱਟ ਹੋਣ ਕਰਕੇ 10-12 ਬੱਸਾਂ ਹੀ ਰੂਟਾਂ ਤੇ ਭੇਜੀਆਂ ਗਈਆਂ ਹਨ। ਉਨਾਂ ਆਖਿਆ ਕਿ ਸਰਕਾਰੀ ਅਤੇ ਪ੍ਰਾਈਵੇਟ ਦਫਤਰ ਨਾਂ ਖੁੱਲਣ ਕਰਕੇ ਵੀ ਡੇਲੀ ਪੈਸੰਜਰਾਂ ਦੀ ਘਾਟ ਰੜਕਦੀ ਰਹੀ ਹੈ। ਉਨਾਂ ਆਸ ਪ੍ਰਗਟ ਕੀਤੀ ਕਿ ਜਲਦੀ ਹੀ ਸਭ ਆਮ ਵਾਂਗ ਹੋ ਜਾਏਗਾ ਅਤੇ ਬੱਸਾਂ ਵੀ ਸਭ ਰੂਟਾਂ ਤੇ ਚੱਲਣ ਲੱਗਣਗੀਆਂ।