← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰੰਡਾ, 22 ਜੂਨ 2020: ਬਠਿੰਡਾ ਜਿਲੇ ਦੇ ਪਿੰਡ ਭੋਖੜਾ ਦੇ ਨਿਵਾਸੀ ਰਾਜਵੰਤ ਸਿੰਘ ਬਰਾੜ ਦੀ ਬਰਤਾਨਵੀ ਫੌਜ ’ਚ ਪੈਰਾ ਕਮਾਂਡੋ ਫੋਰਸ ਵਜੋਂ ਚੋਣ ਹੋਈ ਹੈ ਜਿਸ ਨੂੰ ਲੈਕੇ ਮਾਪਿਆਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਪਿੰਡ ਵਾਸੀ ਆਖਦੇ ਹਨ ਕਿ ਇਸ ਨੌਜਵਾਨ ਨੇ ਪਿੰਡ ਦਾ ਨਾਮ ਕੌਮਾਂਤਰੀ ਪੱਧਰ ਤੇ ਰੌਸ਼ਨ ਕੀਤਾ ਹੈ। ਪੁੱਤਰ ਦੀ ਸਫਲਤਾ ਉਪਰੰਤ ਹਾਸਲ ਹੋਈ ਖੁਸ਼ੀ ’ਚ ਪ੍ਰੀਵਾਰ ਦੇ ਪੱਬ ਨਹੀਂ ਲੱਗ ਰਹੇ ਹਨ। ਰਾਜਵੰਤ ਦਾ ਪਿਤਾ ਮਹਿੰਦਰ ਸਿੰਘ ਖੇਤੀ ਕਰਦਾ ਹੈ ਅਤੇ ਉਸ ਦੇ ਦੋ ਬੱਚੇ ਹਨ ਜਿੰਨਾਂ ’ਚ ਇੱਕ ਲੜਕਾ ਤੇ ਇੱਕ ਲੜਕੀ ਹੈ। ਦੋਵੇਂ ਭੈਣ ਭਰਾ ਇੰਗਲੈਂਡ ’ਚ ਰਹਿੰਦੇ ਹਨ। ਨੌਜਵਾਨ ਰਾਜਵੰਤ ਸਿੰਘ ਬਰਾੜ ਨੇ ਦਸਵੀ ਤੱਕ ਦੀ ਪੜਾਈ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਕੀਤੀ ਹੈ। ਸ਼ੁਰੂ ਤੋਂ ਹੀ ਪੜਨ ’ਚ ਹੁਸ਼ਿਆਰ ਰਾਜਵੰਤ ਦੇ ਮਨ ’ਚ ਕੁੱਝ ਨਾਂ ਕੁੱਝ ਨਵਾਂ ਕਰਨ ਦੀ ਇੱਛਾ ਸੀ। ਰਾਜਵੰਤ ਦੇ ਅਧਿਆਪਕ ਸੁਰਿੰਦਰਪ੍ਰੀਤ ਘਣੀਆ ਦੱਸਦੇ ਹਨ ਕਿ ਉਸ ਨੂੰ ਕਦੇ ਵੀ ਪੜਾਈ ਤੋਂ ਦਿਲ ਚੁਰਾਉਂਦਿਆਂ ਨਹੀਂ ਦੇਖਿਆ ਬਲਕਿ ਹਮੇਸ਼ ਮੋਹਰੀ ਹੋਕੇ ਵਿਚਰਦਾ ਸੀ। ਉਨਾਂ ਦੱਸਿਆ ਕਿ ਉਨਾਂ ਨੂੰ ਫਖਰ ਹੈ ਕਿ ਉਨਾਂ ਦਾ ਵਿਦਿਆਰਥੀ ਬਰਤਾਨਵੀ ਫੌਜ ’ਚ ਸੇਵਾ ਨਿਭਾਉਣ ਜਾ ਰਿਹਾ ਹੈ। ਰਾਜਵੰਤ ਸਿੰਘ ਦੀ ਮਾਤਾ ਅਮਰਜੀਤ ਕੌਰ ਦਾ ਕਹਿਣਾ ਸੀ ਕਿ 10ਵੀਂ ਤੱਕ ਦੀ ਪੜਾਈ ਖਤਮ ਹੋਣ ਉਪਰੰਤ ਬਾਰਵੀਂ ਦੀ ਪੜਾਈ ਗੁਰੂ ਨਾਨਕ ਹਾਈ ਸਕੂਲ ਬਠਿੰਡਾ ਤੋਂ ਪਾਸ ਕੀਤੀ ਸੀ। ਉਨਾਂ ਦੱਸਿਆ ਕਿ ਉੱਥੇ ਵੀ ਸਿੋੱਖਿਆ ਦੇ ਮਾਮਲੇ ’ਚ ਰਾਜਵੰਤ ਦੀ ਕਦੇ ਸ਼ਕਾਇਤ ਨਹੀਂ ਆਈ ਸੀ। ਉਨਾਂ ਦੱਸਿਆ ਕਿ ਉਹ ਕਰੀਬ ਸਾਢੇ ਸੱਤ ਸਾਲ ਪਹਿਲਾਂ ਇੰਗਲੈਂਡ ਚੱਲਿਆ ਗਿਆ ਜਿੱਥੇ ਰਾਜਵੰਤ ਨੇ ਪੂਰੀ ਲਗਨ ਨਾਂਲ ਕੰਪਿਓਟਰ ਸਾਇੰਸ ਦੀ ਪੜਾਈ ਕੀਤੀ । ਉਨਾਂ ਦੱਸਿਆ ਕਿ ਜਦੋਂ ਵੀ ਵਕਤ ਮਿਲਦਾ ਤਾਂ ਉਹ ਸਖਤ ਮਿਹਨਤ ਕਰਦਾ ਅਤੇ ਜੋ ਪੈਸੇ ਮਿਲਦੇ ਉਨਾਂ ਨਾਲ ਆਪਣੇ ਖਰਚੇ ਚਲਾਉਂਦਾ ਸੀ। ਉਨਾਂ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਉਸ ਨੇ ਬਰਤਾਨਵੀ ਫੌਜ ’ਚ ਪੈਰਾ ਕਮਾਂਡੋ ਦੀ ਪ੍ਰੀਖਿਆ ਦਿੱਤੀ ਜਿਸ ’ਚ ਉਹ ਪਾਸ ਹੋ ਗਿਆ ਹੈ। ਉਨਾਂ ਦੱਸਿਆ ਕਿ ਚੋਣ ਤੋਂ ਬਾਅਦ ਉਸ ਨੂੰ ਸਿਖਲਾਈ ਲਈ ਭੇਜਿਆ ਗਿਆ ਜਿੱਥੇ ਉਸ ਨੂੰ ਸ਼ੂਟਿੰੰਗ ’ਚ ਵਧੀਆ ਕਾਰਗੁਜ਼ਾਰੀ ਲਈ ਮੈਡਲ ਨਾਲ ਨਿਵਾਜਿਆ ਗਿਆ ਹੈ। ਰਾਜਵੰਤ ਦੀ ਮਾਤਾ ਅਮਰਜੀਤ ਕੌਰ ਨੇ ਦੱਸਿਆ ਕਿ ਆਪਣੀ ਚੋਣ ਉਪਰੰਤ ਉਸ ਨੇ ਨਵੇਂ ਪੋਚ ਨੂੰ ਆਪਣੇ ਨਿਸ਼ਾਨੇ ਤੇ ਪੁੱਜਣ ਲਈ ਸਖਤ ਮਿਹਨਤ ਦਾ ਸੰਦੇਸ਼ ਦਿੱਤਾ ਹੈ ਤਾਂ ਜੋ ਮਾਪਿਆਂ ਨੇ ਨਾਲ ਨਾਲ ਦੇਸ਼ ਦਾ ਨਾਂ ਰੌਸ਼ਨ ਕੀਤਾ ਜਾ ਸਕੇ। ਪਿੰਡ ਦਾ ਮਾਣ ਵਧਾਇਆ ਪਿੰਡ ਭੋਖੜਾ ਦੇ ਅਗਾਂਹਵਧੂ ਨੌਜਵਾਨ ਤੇ ਸਮਾਜਸੇਵੀ ਜਗਮੀਤ ਸਿੰਘ ਬਰਾੜ ਦਾ ਕਹਿਣਾ ਸੀ ਕਿ ਉਨਾਂ ਨੂੰ ਮਾਣ ਹੈ ਕਿ ਉਨਾਂ ਦੇ ਪਿੰਡ ਦੇ ਨੌਜਵਾਨ ਨੇ ਵੱਡੀ ਮੱਲ ਮਾਰੀ ਹੈ। ਉਨਾਂ ਆਖਿਆ ਕਿ ਪੈਰਾ ਕਮਾਂਡੋ ਦੀ ਨੌਕਰੀ ਕਾਫੀ ਚੁਣੌਤੀਆਂ ਭਰੀ ਹੈ ਅਤੇ ਸਖਤ ਡਿਊਟਂ ਦੇਣੀ ਪੈਂਦੀ ਹੈ ਪਰ ਪਿੰਡ ਵਾਸੀਆਂ ਨੂੰ ਯਕੀਨ ਹੈ ਕਿ ਉਹ ਹਰ ਮੈਦਾਨ ਫਤਿਹ ਕਰਕੇ ਪਿੰਡ ਦਾ ਹੋਰ ਵੀ ਨਾਮ ਰੁਸ਼ਨਾਏਗਾ। ਸ੍ਰ੍ਰ੍ਰੀ ਬਰਾੜ ਨੇ ਆਖਿਆ ਕਿ ਰਾਜਵੰਤ ਵੱਲੋਂ ਹਾਸਲ ਕੀਤੀ ਸਫਲਤਾ ਨੂੰ ਦੇਖਦਿਆਂ ਹੁਣ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਰਾਜਵੰਤ ਤੋਂ ਸੇਧ ਲੈਣੀ ਚਾਹੀਦੀ ਹੈ।
Total Responses : 267