ਪੰਜਾਬੀ ਕਲਚਰਲ ਕੌਂਸਲ ਵੱਲੋਂ ਪੁਰਸਕਾਰ ਮਿਲਣ ‘ਤੇ ਢੇਸੀ ਨੂੰ ਵਧਾਈਆਂ
ਚੰਡੀਗੜ੍ਹ, 21 ਅਪ੍ਰੈਲ 2020: ਬਰਤਾਨੀਆ ਦੇ ਪਹਿਲੇ ਦਸਤਰਧਾਰੀ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਪੈਚਵਰਕ ਫਾਊਂਡੇਸ਼ਨ ਯੂ.ਕੇ. ਨੇ "ਨਿਊਕਮਰ ਐਮ.ਪੀ. ਆਫ਼ ਦ ਈਅਰ" ਪੁਰਸਕਾਰ ਪ੍ਰਦਾਨ ਕੀਤਾ ਹੈ।
ਇਸ ਐਵਾਰਡ ਨੂੰ ਸਵੀਕਾਰਦਿਆਂ ਢੇਸੀ ਨੇ ਕਿਹਾ, “ਸੰਸਦ ਵਿੱਚ ਅਤੇ ਮੇਰੇ ਵੱਲੋਂ ਕੀਤੇ ਹੋਰ ਕੰਮਾਂ ਨੂੰ ਮਾਨਤਾ ਦੇ ਕੇ ਨਿਊਕਮਰ ਐਮ.ਪੀ. ਆਫ਼ ਦ ਈਅਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਣਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ। ਮੈਂ ਲੋਕਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਕੇ ਚੁਣਿਆਂ ਕੀਤਾ ਅਤੇ ਪੈਚਵਰਕ ਫਾਉਂਡੇਸ਼ਨ ਦਾ ਵੀ ਧੰਨਵਾਦੀ ਹਾਂ, ਜੋ ਬਿਨਾਂ ਕਿਸੇ ਪੱਖਪਾਤ ਤੋਂ ਸ਼ਾਨਦਾਰ ਕੰਮ ਕਰ ਰਿਹਾ ਹੈ। ਸਾਲ 2017 ਵਿੱਚ ਚੁਣੇ ਜਾਣ ਤੋਂ ਬਾਅਦ, ਮੈਂ ਬਹੁਤ ਸਖ਼ਤ ਮਿਹਨਤ ਕੀਤੀ ਹੈ ਅਤੇ ਇਹ ਅੱਗੇ ਵੀ ਜਾਰੀ ਰੱਖਾਂਗਾ। ਹੁਣ ਸਾਨੂੰ ਕਮਜ਼ੋਰ ਲੋਕਾਂ ਦੀ ਆਵਾਜ਼ ਸੁਣਨਾ ਯਕੀਨੀ ਬਣਾਏ ਜਾਣ ਦੀ ਲੋੜ ਹੈ।”
ਢੇਸੀ ਦੇ ਨਾਲ ਹੀ ਸੰਸਦ ਮੈਂਬਰ ਸਾਜਿਦ ਜਾਵੇਦ ਨੂੰ ‘ਐਮ.ਪੀ.ਆਫ਼ ਦ ਈਅਰ’ ਪੁਰਸਕਾਰ ਮਿਲਿਆ ਹੈ।
ਪੈਚਵਰਕ ਫਾਉਂਡੇਸ਼ਨ ਦੇ ਸੀਈਓ ਇਮਰਾਨ ਸਨਉੱਲਾ ਨੇ ਕਿਹਾ, ਸੰਸਦ ਮੈਂਬਰ ਢੇਸੀ ਨੂੰ ਨਫ਼ਰਤੀ ਅਪਰਾਧ ਅਤੇ ਭਾਈਚਾਰਕ ਏਕਤਾ ਲਈ ਕੀਤੇ ਕੰਮਾਂ ਸਦਕਾ ਸਨਮਾਨਿਤ ਕੀਤਾ ਗਿਆ ਹੈ।”
ਜ਼ਿਕਰਯੋਗ ਹੈ ਕਿ ਘੱਟ ਗਿਣਤੀ ਵਰਗ ਵਾਲੇ ਭਾਈਚਾਰਿਆਂ ਨਾਲ ਜੁੜੀ ਸਖ਼ਸ਼ੀਅਤ ਨੂੰ ਐਮਪੀ ਆਫ਼ ਦ ਈਅਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਇਹ ਵੱਕਾਰੀ ਪੁਰਸਕਾਰ ਰਵਾਇਤੀ ਤੌਰ ’ਤੇ ਵੈਸਟਮਿਨਸਟਰ ਸਥਿਤ ਮਹਿਲ ਦੇ ਅੰਦਰ ਸਪੀਕਰ ਹਾਊਸ ਵਿਖੇ ਪ੍ਰਦਾਨ ਕੀਤਾ ਜਾਂਦਾ ਹੈ ਜਿਸ ਵਿਚ ਨਾਮਜ਼ਦ ਅਤੇ ਪੁਰਸਕਾਰ ਜੇਤੂਆਂ ਤੋਂ ਇਲਾਵਾ ਦੇਸ਼ ਭਰ ਦੇ ਸੰਸਦ ਮੈਂਬਰ, ਹਲਕੇ ਦੇ ਮੈਂਬਰ, ਮਾਸਟਰ ਕਲਾਸ ਗ੍ਰੈਜੂਏਟ ਅਤੇ ਕਮਿਊਨਿਟੀ ਆਗੂ ਸ਼ਮੂਲੀਅਤ ਕਰਦੇ ਹਨ।
ਇਸ ਦੌਰਾਨ, ਪੰਜਾਬੀ ਕਲਚਰਲ ਕੌਂਸਲ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ, ਸਟੇਟ ਐਵਾਰਡੀ, ਨੇ ਢੇਸੀ ਨੂੰ ਇਹ ਵੱਕਾਰੀ ਪੁਰਸਕਾਰ ਹਾਸਲ ਕਰਨ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਪੂਰੇ ਯੂਰਪ ਵਿੱਚ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਹੋਣ ਦੇ ਨਾਤੇ ਢੇਸੀ ਨੇ ਹਮੇਸ਼ਾਂ ਬਰਤਾਨਵੀ ਸੰਸਦ ਵਿੱਚ ਘੱਟ ਗਿਣਤੀਆਂ ਦੇ ਮੁੱਦੇ ਚੁੱਕੇ ਹਨ। ਗਰੇਵਾਲ ਨੇ ਕਿਹਾ ਕਿ ਤਨਮਨਜੀਤ ਸਿੰਘ ਢੇਸੀ ਨੇ ਆਪਣੇ ਹਲਕੇ ਨਾਲ ਜੁੜੇ ਜਨਤਕ ਮਸਲਿਆਂ ਦੇ ਨਾਲ-ਨਾਲ ਪ੍ਰਵਾਸੀ ਭਾਰਤੀਆਂ ਨਾਲ ਜੁੜੇ ਮੁੱਦਿਆਂ ਨੂੰ ਉਭਾਰਦਿਆਂ ਹਮੇਸ਼ਾਂ ਮਿਸਾਲੀ ਕੰਮ ਕੀਤੇ ਹਨ।