ਫਗਵਾੜਾ, 13 ਅਪ੍ਰੈਲ 2020 - ਪੰਜਾਬੀ ਦੇ ਪ੍ਰਸਿੱਧ ਕਾਲਮ ਨਵੀਸ ਅਤੇ ਲੇਖਕ ਗੁਰਮੀਤ ਸਿੰਘ ਪਲਾਹੀ ਨੇ ਬਰਤਾਨੀਆ ਵਿੱਚ ਫਸੇ ਪੰਜਾਬੀਆਂ ਨੂੰ ਵਾਪਿਸ ਭਾਰਤ ਲਿਆਉਣ ਲਈ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ। ਉਹਨਾ ਕਿਹਾ ਕਿ ਬਰਤਾਨੀਆ ਵਿੱਚ 18 ਲੱਖ ਭਾਰਤੀ ਪ੍ਰਵਾਸੀ ਹਨ। ਇਹਨਾ ਪ੍ਰਵਾਸੀਆਂ ਵਿੱਚ ਲਗਭਗ ਇੱਕ ਲੱਖ ਵਿਦਿਆਰਥੀ, ਕਾਰੋਬਾਰੀਏ ਅਤੇ ਭਾਰਤੀ ਐਂਬੈਸੀਆਂ ਦੇ ਕਰਮਚਾਰੀ, ਅਫ਼ਸਰ, ਮੰਤਰੀ ਹਨ ਜਿਹੜੇ ਗਾਹੇ-ਵਗਾਹੇ ਬਰਤਾਨੀਆ ਆਉਂਦੇ-ਜਾਂਦੇ ਰਹਿੰਦੇ ਹਨ।
ਕੋਰੋਨਾ ਦੇ ਆਫ਼ਤ ਸਮੇਂ ਡਰ ਸਹਿਮ ਦੇ ਮਾਹੌਲ ਵਿੱਚ ਹਜ਼ਾਰਾਂ ਪ੍ਰਵਾਸੀ ਇਧਰ ਭਾਰਤ ਵਿੱਚ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਉਧਰ ਬਰਤਾਨੀਆ ਵਿੱਚ ਫਸੇ ਬੈਠੇ ਹਨ। ਇਹਨਾ ਵਿੱਚ ਕੁਝ ਉਹ ਪੰਜਾਬੀ, ਗੁਜਰਾਤੀ ਭਾਰਤੀ ਵੀ ਹਨ, ਜਿਹੜੇ ਆਪਣੇ ਰਿਸ਼ਤੇਦਾਰਾਂ ਦੇ ਫੰਕਸ਼ਨਾਂ 'ਚ ਗਏ, ਇਧਰ ਭਾਰਤ ਵਿੱਚ ਅਤੇ ਉਧਰ ਬਰਤਾਨੀਆ ਵਿੱਚ ਲਾਕ ਡਾਊਨ ਜਾਂ ਕਰਫਿਊ ਕਾਰਨ ਮਜ਼ਬੂਰਨ ਫਸੇ ਬੈਠੇ ਹਨ।
ਬਰਤਾਨੀਆ ਸਰਕਾਰ ਵਲੋਂ ਆਪਣੇ ਨਾਗਰਿਕਾਂ ਨੂੰ ਭਾਰਤੋਂ ਵਾਪਿਸ ਬੁਲਾਉਣ ਲਈ ਪਹਿਲਕਦਮੀ ਕੀਤੀ ਹੈ ਅਤੇ 13, 17 ਅਪ੍ਰੈਲ ਤੋਂ 19 ਅਪ੍ਰੈਲ ਨੂੰ ਉਡਾਣ ਹੋਵੇਗੀ।
ਉਹਨਾ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਬਰਤਾਨੀਆ 'ਚ ਫਸੇ ਬੈਠੇ ਭਾਰਤੀ ਨਾਗਰਿਕਾਂ ਨੂੰ ਵਾਪਿਸ ਲਿਆਉਣ ਲਈ ਪ੍ਰਬੰਧ ਕਰੇ। ਹਫਤੇ ਵਿੱਚ ਇੱਕ ਵੇਰ ਦਿੱਲੀ ਤੋਂ ਲੰਦਨ ਅਤੇ ਫਿਰ ਲੰਦਨ ਤੋਂ ਦਿੱਲੀ ਲਈ ਸੁਰੱਖਿਅਤ ਉਡਾਣ ਪ੍ਰਵਾਸੀਆਂ ਦੀਆਂ ਚਿੰਤਾਵਾਂ ਦੂਰ ਕਰਨ 'ਚ ਸਹਾਈ ਹੋ ਸਕਦੀ ਹੈ।