ਹਰਿੰਦਰ ਨਿੱਕਾ
- 20 ਕੈਦੀਆਂ ਦੇ ਪੈਰੋਲ ਸਬੰਧੀ ਪੈਂਡੰਗ ਕੇਸਾਂ ਦਾ ਫੈਸਲਾ ਵੀ ਹੋਵੇਗਾ ਜਲਦ
ਬਰਨਾਲਾ, 11 ਅਪਰੈਲ 2020 - ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ , ਵਰਿੰਦਰ ਅਗਰਵਾਲ ਦੀ ਪ੍ਰਧਾਨਗੀ ਹੇਠ ਜਿਲ੍ਹਾ ਪੱਧਰੀ ਅੰਡਰਟਰਾਇਲ ਰਿਵਿਊ ਕਮੇਟੀ ਦੀ ਸਪਤਾਹਿਕ ਮੀਟਿੰਗ ਕੀਤੀ ਗਈ। ਇਹ ਮੀਟਿੰਗ ਰਾਜ ਸਰਕਾਰ ਦੁਆਰਾ 25.03.2020 ਨੂੰ ਜਾਰੀ ਦਿਸ਼ਾ ਨਿਰਦੇਸ਼ਾ ਅਨੁਸਾਰ ਕੀਤੀ ਗਈ, ਜਿਸ ਅਨੁਸਾਰ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦੀਆਂ ਦੀ ਗਿਣਤੀ ਨੂੰ ਘੱਟ ਕਰਨ ਦਾ ਫੈਸਲਾ ਕੀਤਾ ਗਿਆ ਸੀ। ਜਿਸ ਤਹਿਤ ਦੋਸ਼ੀ ਕੈਦੀਆਂ ਨੂੰ 6 ਹਫਤੇ ਦੀ ਪੈਰੋਲ ਅਤੇ ਵਿਚਾਰ ਅਧੀਨ ਬੰਦੀਆਂ ਨੂੰ 6 ਹਫਤੇ ਦੀ ਅੰਤ੍ਰਿਮ ਜਮਾਨਤ ਤੇ ਛੱਡਿਆ ਜਾਵੇਗਾ। ਇਸਦਾ ਮੁੱਢਲਾ ਉਦੇਸ਼ ਕੋਵਿਡ-19 ਦੇ ਪ੍ਰਕੋਪ ਤੋਂ ਬਚਾਉ ਲਈ ਕੈਦੀਆਂ ਦੀ ਸਿਹਤ ਦਾ ਖਿਆਲ ਰੱਖਣਾ ਸੀ।
ਅੰਡਰਟਰਾਇਲ ਰੀਵਿਊ ਕਮੇਟੀ ਬਰਨਾਲਾ ਵੱਲੋਂ ਕੀਤੀ ਮੀਟਿੰਗ ਵਿੱਚ ਮਾਨਯੋਗ ਸੀ.ਜੇ.ਐੱਮ. ਬਰਨਾਲਾ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਕਿ ਉਹ ਜੇਲ੍ਹ ਸੁਪਰਡੰਟ, ਬਰਨਾਲਾ ਵੱਲੋ੍ ਪੇਸ਼ ਕੀਤੀ ਗਈ ,ਲਿਸਟ ਅਧੀਨ ਸਾਰੇ ਕੇਸਾ ਦੀ ਜਾਂਚ-ਪੜਤਾਲ ਕਰਕੇ ਕੇਸਾ ਦਾ ਨਿਪਟਾਰਾ ਕਰਨ। ਇਸ ਤੋਂ ਇਲਾਵਾ ਇਹ ਵੀ ਫੈਸਲਾ ਕੀਤਾ ਗਿਆ ਕਿ ਜਿਲ੍ਹਾ ਬਰਨਾਲਾ ਵਿਖੇ ਅੰਡਰ ਟਰਾਇਲ ਰੀਵਿਊ ਕਮੇਟੀ ਦੀ ਮੀਟਿੰਗ ਦਾ ਆਯੋਜਨ ਤਿਮਾਹੀ ਦੀ ਜਗ੍ਹਾ ਹੁਣ ਹਰ ਸ਼ੁੱਕਰਵਾਰ ਵਾਲੇ ਦਿਨ ਕੀਤਾ ਜਾਇਆ ਕਰੇਗਾ।
ਜਾਣਕਾਰੀ ਅਨੁਸਾਰ ਮਾਨਯੋਗ ਸੀ.ਜੇ.ਐੱਮ. ਬਰਨਾਲਾ ਵੱਲੋਂ ਜਿਲ੍ਹਾ ਜੇਲ੍ਹ ਬਰਨਾਲਾ ਵਿੱਚੋਂ 66 ਅੰਡਰਟਰਾਇਲ ਬੰਦੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੁੱਲ 55 ਕੈਦੀਆਂ ਵਿੱਚੋਂ 35 ਕੈਦੀਆਂ ਨੂੰ ਪੈਰੋਲ ਤੇ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਬਾਕੀ 20 ਕੈਦੀ, ਜਿਨ੍ਹਾਂ ਦੇ ਪੈਰੋਲ ਸਬੰਧੀ ਕੇਸ ਮਾਨਯੋਗ ਡਿਪਟੀ ਕਮਿਸ਼ਨਰ ਬਰਨਾਲਾ, ਮਾਨਯੋਗ ਐਸ.ਐਸ.ਪੀ. ਬਰਨਾਲਾ ਅਤੇ ਹੋਰ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰ/ਐੱਸ.ਐੱਸ.ਪੀ. ਸਾਹਿਬ ਕੋਲ ਪੈਡਿੰਗ ਹਨ, ਦਾ ਨਿਪਟਾਰਾ ਜਲਦੀ ਹੀ ਕਰ ਦਿੱਤਾ ਜਾਵੇਗਾ।
ਇਸਤੋਂ ਇਲਾਵਾ ਮਾਨਯੋਗ ਜਿਲ੍ਹਾ ਅਤੇ ਸੈਸ਼ਨਜ ਜੱਜ ਬਰਨਾਲਾ ਸ਼੍ਰੀ ਵਰਿੰਦਰ ਅੱਗਰਵਾਲ, ਮਾਨਯੋਗ ਐਡੀਸ਼ਨਲ ਜਿਲ੍ਹਾ ਅਤੇ ਸੈਸ਼ਨਜ ਜੱਜ-1 ਸ਼੍ਰੀ ਅਰੁਣ ਗੁਪਤਾ, ਮਾਨਯੋਗ ਐਡੀਸ਼ਨਲ ਜਿਲ੍ਹਾ ਅਤੇ ਸੈਸ਼ਨਜ ਜੱਜ-2 ਸ਼੍ਰੀ ਬਰਜਿੰਦਰ ਪਾਲ ਸਿੰਘ ਅਤੇ ਮਾਨਯੋਗ ਸੀ.ਜੇ.ਐੱਮ./ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਰੁਪਿੰਦਰ ਸਿੰਘ ਜੀ ਵੀਡੀਓ ਕਾਨਫਰੰਸਿਗ ਰਾਹੀਂ ਕੈਦੀਆਂ ਨਾਲ ਜੁੜੇ ਹੋਏ ਹਨ, ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਦੀ ਆ ਰਹੀ ਸਮੱਸਿਆ ਬਾਰੇ ਪਤਾ ਲਗਾਇਆ ਜਾ ਸਕੇ ਅਤੇ ਉਸਦਾ ਹੱਲ ਕੀਤਾ ਜਾ ਸਕੇ।