ਬਰਨਾਲਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਸਥਾਪਿਤ ਕੀਤੇ ਜਾ ਰਹੇ ਹਨ ਇਕਾਂਤਵਾਸ ਕੇਂਦਰ
- ਨਜ਼ਰਸਾਨੀ ਲਈ ਜ਼ਿਲੇ ਵਿੱਚ ਕਲੱਸਟਰ ਪੱਧਰ ’ਤੇ 25 ਕਮੇਟੀਆਂ ਸਥਾਪਿਤ
ਬਰਨਾਲਾ, 2 ਜੂਨ 2021 - ਜ਼ਿਲ੍ਹਾ ਬਰਨਾਲਾ ਦੇ ਪਿੰਡਾਂ ਵਿੱਚ ਕਰੋਨਾ ਵਾਇਰਸ ਦਾ ਫੈਲਾਅ ਰੋਕਣ ਲਈ ਜਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ‘ਕਰੋਨਾ ਮੁਕਤ ਪਿੰਡ’ ਮੁੁਹਿੰਮ ਤਹਿਤ ਵਿਸ਼ੇਸ਼ ਉਪਰਾਲਾ ਕਰਦੇ ਹੋਏ ਪੇਂਡੂ/ਕਲੱਸਟਰ ਪੱਧਰ ’ਤੇ ਏਕਾਂਤਵਾਸ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ, ਜਿਨਾਂ ਦੀ ਨਿਗਰਾਨੀ ਲਈ ਜਿਲ੍ਹੇ ਵਿੱਚ 25 ਵਿਸ਼ੇਸ਼ ਕਮੇਟੀਆਂ ਸਥਾਪਿਤ ਕੀਤੀਆਂ ਗਈਆਂ ਹਨ।
ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਕਰੋਨਾ ਕੇਸਾਂ ਦੀ ਨਜ਼ਰਸਾਨੀ ਦੌਰਾਨ ਇਹ ਪਾਇਆ ਗਿਆ ਕਿ ਕਈ ਕੇਸਾਂ ਵਿੱਚ ਪਿੰਡਾਂ ਵਿੱਚ ਘਰ ਦੇ ਮੈਂਬਰ ਜ਼ਿਆਦਾ ਹੋਣ ਕਰ ਕੇ ਇਕਾਂਤਵਾਸ ਹੋਣ ਵਿੱਚ ਅਤੇ ਸਹੂਲਤਾਂ ਤੇ ਜਾਗਰੂਕਤਾ ਦੀ ਘਾਟ ਕਰ ਕੇ ਸਿਹਤ ਸਲਾਹ ਲੈਣ ਵਿਚ ਮੁਸ਼ਕਲ ਪੇਸ਼ ਆਉਦੀ ਹੈ। ਇਸ ਲਈ ਬਰਨਾਲਾ ਪ੍ਰਸ਼ਾਸਨ ਵੱਲੋਂ ਨੇੜਲੇ ਪਿੰਡਾਂ ਨੂੰ ਕਲੱਸਟਰਾਂ ਵਿਚ ਵੰਡ ਕੇ ਜਾਂ ਪਿੰਡ ਪੱਧਰ ’ਤੇ ਇਕਾਂਤਵਾਸ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ ਤਾਂ ਜੋ ਨੇੜਲੇ ਪਿੰਡਾਂ ਦੇ ਵਿਅਕਤੀ ਲੋੜ ਪੈਣ ’ਤੇ ਇਸ ਇਕਾਂਤਵਾਸ ਕੇਂਦਰ ਵਿਚ ਆ ਸਕਣ, ਜਿੱਥੇੇ ਉਨਾਂ ਨੂੰ ਹਰ ਤਰਾਂ ਦੀ ਲੋੜੀਂਦੀ ਸਹੂਲਤ ਦਿੱਤੀ ਜਾਵੇਗੀ।
ਉਨਾਂ ਦੱਸਿਆ ਕਿ ਇਸ ਵਾਸਤੇ ਕਲੱੱਸਟਰ ਪੱਧਰ ’ਤੇ ਜ਼ਿਲੇ ਵਿਚ 25 ਅਫਸਰਾਂ (ਸੁਪਰਵਾਈਜ਼ਰਾਂ ) ਦੀ ਨਿਗਰਾਨੀ ਕਮੇਟੀਆਂ ਗਠਿਤ ਕੀਤੀਆਂ ਗਈਆਂ ਹਨ, ਜਿਨਾਂ ਵਿਚ ਅੱਗੇ ਪਿੰਡ ਪੱਧਰ ’ਤੇ ਸਰਪੰਚ ਜਾਂ ਹੋਰ ਪੰਚਾਇਤੀ ਮੈਂਬਰ, ਆਂਗਣਵਾੜੀ ਵਰਕਰ, ਜੀਓਜੀ, ਸਕੂਲ ਪਿ੍ਰੰਸੀਪਲ, ਆਰਐਮਪੀ ਡਾਕਟਰ, ਯੂਥ ਕਲੱਬਾਂ ਦੇ ਮੈਂਬਰ ਤੇ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰ ਸ਼ਾਮਲ ਕੀਤੇ ਗਏ ਹਨ। ਇਹ 25 ਕਮੇਟੀਆਂ ਪਿੰਡ ਪੱਧਰ ’ਤੇ ਲੋਕਾਂ ਦੀ ਸਿਹਤ ਨਜ਼ਰਸਾਨੀ ਕਰਦੀਆਂ ਹਨ। ਇਨਾਂ ਕਮੇਟੀ ਮੈਂਬਰਾਂ ਨੂੰ ਥਰਮਾਮੀਟਰ, ਪੱਲਸ ਔਕਸੀਮੀਟਰ ਸਣੇ ਹੋਰ ਜ਼ਰੂਰੀ ਸਾਮਾਨ ਮੁਹੱਈਆ ਕਰਾਇਆ ਗਿਆ ਹੈ ਤਾਂ ਜੋ ਲੋੜ ਪੈਣ ’ਤੇ ਉਹ ਲੋਕਾਂ ਦਾ ਸਿਹਤ ਸਰਵੇਖਣ ਕਰ ਸਕਣ। ਇਨਾਂ ਕਮੇਟੀਆਂ ਵੱਲੋਂ ਪਿੰਡਾਂ ਵਿਚ ਕਰੋਨਾ ਪੀੜਤ ਜਾਂ ਕਰੋਨਾ ਲੱਛਣਾਂ ਵਾਲੇ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਾਈਆਂ ਜਾਣਗੀਆਂ। ਉਨਾਂ ਦੱਸਿਆ ਕਿ ਹਲਕੇ ਲੱਛਣਾਂ ਵਾਲੇ ਮਰੀਜ਼ ਆਪਣੀ ਇੱਛਾਂ ਅਨੁਸਾਰ ਪੇਂਡੂ ਪੱਧਰ ’ਤੇ ਬਣੇ ਇਕਾਂਤਵਾਸ ਕੇਂਦਰਾਂ ਵਿਚ ਰਹਿ ਸਕਦੇ ਹਨ ਅਤੇ ਗੰਭੀਰ ਮਰੀਜ਼ਾਂ ਲਈ ਸੋਹਲ ਪੱਤੀ ਅਤੇ ਮਹਿਲ ਕਲਾਂ ਆਈਸੋਲੇਸ਼ਨ ਫੈਸਿਲਟੀ ਦਾ ਪ੍ਰਬੰਧ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਪਿੰਡ ਬਡਬਰ ਅਤੇ ਹਰੀਗੜ ਵਿਖੇ ਸਥਾਪਿਤ ਇਕਾਂਤਵਾਸ ਕੇਂਦਰ ਦਾ ਦੌਰਾ ਕੀਤਾ ਗਿਆ ਅਤੇ ਸਹੂਲਤਾਂ ਦਾ ਜਾਇਜ਼ਾ ਲਿਆ ਗਿਆ।
ਜ਼ਿਲਾ ਵਿਕਾਸ ਤੇ ਪੰਚਾਇਤ ਅਫਸਰ ਜਗਤਾਰ ਸਿੰਘ ਨੇ ਦੱਸਿਆ ਕਿ ਪਿੰਡਾਂ ਵਿੱਚ ਇਕਾਂਤਵਾਸ ਕੇਂਦਰਾਂ ਲਈ ਥਾਵਾਂ ਨਿਰਧਾਰਿਤ ਕਰ ਲਈਆਂ ਗਈਆਂ ਹਨ ਅਤੇ ਅਗਲੀ ਪ੍ਰਕਿਰਿਆ ਜਾਰੀ ਹੈ। ਸੈਕਟਰੀ ਜ਼ਿਲਾ ਪ੍ਰੀਸ਼ਦ ਅਤੇ ਬੀਡੀਪੀਓ ਬਰਨਾਲਾ ਸਵਿੰਦਰ ਸਿੰਘ ਨੇ ਦੱਸਿਆ ਕਿ ਬਲਾਕ ਬਰਨਾਲਾ ਵਿਚ ਸੰਤ ਬਾਬਾ ਅਤਰ ਸਿੰਘ ਬਡਬਰ ਪੌਲੀਟੈਕਨਿਕ ਕਾਲਜ ਵਿਖੇ 15 ਬਿਸਤਰਿਆਂ ਅਤੇ ਪੰਚਾਇਤ ਘਰ ਹਰੀਗੜ ਵਿਖੇ 10 ਬਿਸਤਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਬਲਾਕ ਦੇ ਬਾਕੀ ਕਲੱਸਟਰਾਂ ਵਿਚ ਇਹ ਕੰਮ ਪ੍ਰਕਿਰਿਆ ਅਧੀਨ ਹੈ। ਉਨਾਂ ਦੱਸਿਆ ਕਿ ਰੋਜ਼ਾਨਾ ਪੱੱਧਰ ’ਤੇ ਪਿੰਡਾਂ ਵਿੱਚੋਂ ਜੀਓਜੀ, ਆਂਗਣਵਾੜੀ ਵਰਕਰਾਂ ਤੇ ਹੋਰ ਟੀਮ ਮੈਂਬਰਾਂ ਰਾਹੀਂ ਕਰੋਨਾ ਦਾ ਫੈਲਾਅ ਰੋਕਣ ਲਈ ਨਜ਼ਰਸਾਨੀ ਜਾਰੀ ਹੈ। ਬੀਡੀਪੀਓ ਸਹਿਣਾ ਗੁਰਮੇਲ ਸਿੰਘ ਨੇ ਦੱਸਿਆ ਕਿ ਬਲਾਕ ਸਹਿਣਾ ਦੇ ਪਿੰਡ ਜੋਧਪੁਰ ਚੀਮਾ ਵਿਖੇ ਆਰੀਆਭੱਟਾ ਕਾਲਜ ਵਿਖੇ 22 ਬਿਸਤਰਿਆਂ ਵਾਲਾ ਇਕਾਂਤਵਾਸ ਕੇਂਦਰ ਤਿਆਰ ਹੈ।