ਹਰਿੰਦਰ ਨਿੱਕਾ
- ਅੱਜ ਪੁੱਜੇ 10 ਸ਼ਰਧਾਲੂਆਂ ਨੂੰ ਕੀਤਾ ਗਿਆ ਇਕਾਂਤਵਾਸ
- ਰਾਜਸਥਾਨ ਤੋਂ ਪਰਤੇ 26 ਮਜ਼ਦੂਰਾਂ ਅਤੇ ਹੋਰ ਵਿਅਕਤੀਆਂ ਨੂੰ ਕੀਤਾ ਇਕਾਂਤਵਾਸ
ਬਰਨਾਲਾ, 29 ਅਪਰੈਲ 2020 - ਕਰਫਿਊ ਦੌਰਾਨ ਪੰਜਾਬ ਦੇ ਹੋਰ ਬਾਹਰਲੇ ਰਾਜਾਂ ਵਿੱਚ ਫਸੇ ਹੋਏ ਵਿਅਕਤੀਆਂ ਨੂੰ ਪੰਜਾਬ ਸਰਕਾਰ ਦੇ ਉਪਰਾਲੇ ਸਦਕਾ ਇੱਥੇ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਇਸੇ ਲੜੀ ਤਹਿਤ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਕਰੀਬ 26 ਮਜ਼ਦੂਰ ਤੇ ਹੋਰ ਵਿਅਕਤੀ ਰਾਜਸਥਾਨ ਤੋਂ ਵਾਪਸ ਬਰਨਾਲਾ ਲਿਆਂਦੇ ਗਏ ਹਨ। ਇਸ ਦੇ ਨਾਲ ਹੀ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ, ਇਨ੍ਹਾਂ ਵਿਚੋਂ 10 ਸ਼ਰਧਾਲੂ ਪੁੱਜੇ ਚੁੱਕੇ ਹਨ, ਜਿਨ੍ਹਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਲਗਾਏ ਗਏ ਕਰਫਿਊ ਦੌਰਾਨ ਜ਼ਿਲ੍ਹੇ ਦੇ ਕਈ ਵਿਅਕਤੀ ਬਾਹਰਲੇ ਸੂਬਿਆਂ ਵਿਚ ਫਸ ਗਏ ਸਨ, ਜਿਨ੍ਹਾਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਾਜਸਥਾਨ ਤੋਂ ਪੁੱਜੇ ਮਜ਼ਦੂਰ ਅਤੇ ਹੋਰ ਵਿਅਕਤੀ (ਕੁੱਲ 26) ਬੀਤੀ ਰਾਤ ਬਰਨਾਲਾ ਪੁੱਜੇ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਨ੍ਹਾਂ ਦੀ ਸਕਰੀਨਿੰਗ ਕਰਨ ਤੋਂ ਬਾਅਦ ਸੈਂਪਲ ਲਏ ਗਏ ਹਨ। ਇਨ੍ਹਾਂ ਸਾਰੇ ਵਿਅਕਤੀਆਂ ਨੂੰ ਇਹਤਿਆਤ ਵਜੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਧਨੌਲਾ) ਵਿਖੇ ਇਕਾਂਤਵਾਸ ਕੀਤਾ ਗਿਆ ਹੈ ਅਤੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਸਬੰਧਤ ਡਿਊਟੀ ਮੈਜਿਸਟ੍ਰੇਟ ਸਾਰੀ ਪ੍ਰਕਿਰਿਆ ਦੀ ਨਿਗਰਾਨੀ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਸ੍ਰੀ ਹਜ਼ੂਰ ਸਾਹਿਬ ਤੋਂ ਵੀ ਵਿਸ਼ੇਸ਼ ਬੱਸਾਂ ਰਾਹੀਂ ਸ਼ਰਧਾਲੂਆਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ। ਉਨ੍ਹਾਂ ਦੱਸਿਆ ਕਿ ਅੱਜ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ 10 ਸ਼ਰਧਾਲੂ ਪਹਿਲੇ ਪੜਾਅ ਵਿਚ ਪੁੱਜੇ ਚੁੱਕੇ ਹਨ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿÎਭਾਗ ਵੱਲੋਂ ਸਭ ਦੀ ਸੈਂਪਲਿੰਗ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਇਹ ਸ਼ਰਧਾਲੂ ਪੜਾਅਵਾਰ ਆ ਰਹੇ ਹਨ ਅਤੇ ਸਬੰਧਤ ਅਧਿਕਾਰੀਆਂ ਨੇ ਸ਼ਰਧਾਲੂਆਂ ਤੇ ਹੋਰ ਵਿਅਕਤੀਆਂ ਨਾਲ ਰਾਬਤਾ ਬਣਾਇਆ ਹੋਇਆ ਹੈ।