ਹਰੀਸ਼ ਕਾਲੜਾ
- ਸਫਾਈ ਸੇਵਕ ਕੋਰੋਨਾ ਖਿਲਾਫ ਜੰਗ ਵਿੱਚ ਇੱਕ ਫੌਜੀ ਦੀ ਭੂਮਿਕਾ ਨਿਭਾ ਰਹੇ - ਢਿੱਲੋਂ
- ਡਿਪਟੀ ਕਮਿਸ਼ਨਰ ਨੇ ਹੋਰ ਸਮਾਜ ਸੇਵਕਾਂ ਨੂੰ ਮਦਦ ਲਈ ਅੱਗੇ ਆਉਣ ਦੀ ਕੀਤੀ ਅਪੀਲ
ਰੂਪਨਗਰ, 30 ਅਪ੍ਰੈਲ 2020 - ਕੋਰੋਨਾ ਵਾਇਰਸ ਦੇ ਖਿਲਾਫ ਜਿੱਥੇ ਕਿ ਡਾਕਟਰ ਤੇ ਮੈਡੀਕਲ ਸਟਾਫ ਮੂਹਰਲੀ ਕਤਾਰ ਵਿੱਚ ਖੜੇ ਹੋ ਕੇ ਜੰਗ ਲੜ ਰਹੇ ਹਨ ਉਥੇ ਹੀ ਸਫਾਈ ਸੇਵਕ ਵੀ ਇਸ ਜੰਗ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ ਤੇ ਅਜਿਹੇ ਸਮੇਂ ਵਿੱਚ ਸਫਾਈ ਸੇਵਕਾਂ ਨੂੰ ਜਰੂਰੀ ਵਸਤਾਂ ਮੁਹੱਈਆ ਕਰਵਾਉਣਾ ਵੱਡੀ ਜਿੰਮੇਦਾਰੀ ਹੈ। ਇਹ ਗੱਲ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਅੱਜ ਰੂਪਨਗਰ ਦੇ ਮਿੰਨੀ ਸਕੱਤਰੇਤ ਵਿਖੇ ਸਫਾਈ ਕਰਮੀਆਂ ਨੂੰ ਜਰੂਰੀ ਵਸਤਾਂ ਦਿੰਦੇ ਹੋਏ ਕਹੀ।
ਢਿੱਲੋਂ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ ਤੇ ਸਿਹਤ ਵਿਭਾਗ ਜਰਨੈਲ ਦੇ ਤੌਰ 'ਤੇ ਕਰੋਨਾ ਵਾਇਰਸ ਖਿਲਾਫ ਜੰਗ ਲੜ ਰਹੇ ਹਨ ਉਸੇ ਤਰ੍ਹਾਂ ਨਾਲ ਸਫਾਈ ਸੇਵਕ ਇਸ ਜੰਗ ਵਿੱਚ ਇੱਕ ਫੌਜੀ ਦੀ ਭੂਮੀਕਾ ਨਿਭਾ ਰਹੇ ਹਨ। ਇਸ ਮੌਕੇ 'ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ, ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਭਜਨ ਲਾਲ,ਕੁਮਾਰ ਬਰਦਰਜ਼ ਚੰਡੀਗੜ ਤੋਂ ਸਰੂ ਸਿੰਗਲਾ ਤੇ ਸਮਾਜ ਸੇਵੀ ਗੁਰਪ੍ਰਤਾਪ ਮਾਨ ਵੀ ਮੌਜੂਦ ਸਨ।
ਇਸ ਦੌਰਾਨ ਇਨਾਂ ਵੱਲੋਂ ਨਗਰ ਕੌਂਸਲ ਅਧੀਨ ਸ਼ਹਿਰ ਵਿੱਚ ਸਫਾਈ ਦਾ ਕੰਮ ਕਰਨ ਵਾਲੇ ਸਫਾਈ ਸੇਵਕਾਂ ਨੂੰ ਬੂਟ, ਮਾਸਕ, ਗਲੱਬਜ ਅਤੇ ਸੈਨੇਟਾਈਜਰ ਦੀਆਂ ਕਿੱਟਾਂ ਬਣਾ ਕੇ ਦਿੱਤੀ ਗਈ। ਬਰਿੰਦਰ ਸਿੰਘ ਢਿੱਲੋਂ ਨੇ ਇਹ ਵਸਤਾਂ ਦਿੰਦੇ ਹੋਏ ਸਫਾਈ ਸੇਵਕਾਂ ਦਾ ਤਨਦੇਹੀ ਨਾਲ ਕੰਮ ਕਰਨ ਲਈ ਧੰਨਵਾਦ ਕਰਦਿਆਂ ਇਨਾਂ ਵੱਲੋਂ ਇਸ ਅੋਖੀ ਘੜੀ ਵਿੱਚ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਇਹ ਵਸਤਾਂ ਇਨਾਂ ਸਫਾਈ ਸੇਵਕਾਂ ਨੂੰ ਦੇਣ ਦਾ ਮਕਸਦ ਇਹੀ ਸੀ ਕਿ ਇਨ੍ਹਾਂ 'ਤੇ ਕੋਈ ਆਰਥਿਕ ਬੋਝ ਨਾ ਪਵੇ ਤੇ ਇਹ ਸੁਰੱਖਿਅਤ ਰਹਿੰਦੇ ਹੋਏ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣ।
ਉਨ੍ਹਾਂ ਕਿਹਾ ਕਿ ਸਰਕਾਰ ਦੇ ਨਾਲ ਨਾਲ ਸਮਾਜਿਕ ਸੰਸਥਾਵਾਂ ਨੂੰ ਵੀ ਇਹ ਲੜਾਈ ਲੜਨੀ ਪਵੇਗੀ ਤੇ ਆਥਰਿਕ ਮਜਬੂਰੀਆਂ ਦਾ ਸਾਹਮਣਾ ਕਰ ਰਹੀ ਸਰਕਾਰ ਨੂੰ ਲੋਕਾਂ ਦੇ ਸਹਿਯੋਗ ਦੀ ਵੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਸਫਾਈ ਸੇਵਕਾਂ ਤੇ ਹੋਰ ਕਈ ਵਿਭਾਗਾ ਦੇ ਕਰਮਚਾਰੀਆਂ ਨੇ ਜਿਸ ਤਰ੍ਹਾਂ ਨਾਲ ਇਹ ਲੜਾਈ ਲੜੀ ਹੈ ਉਸਦਾ ਅਹਿਸਾਨ ਨਹੀਂ ਭੁੱਲਿਆ ਜਾ ਸਕਦਾ। ਉਨਾਂ ਕਿਹਾ ਕਿ ਇਨਾਂ ਦਾ ਬਣਦਾ ਮਾਨ ਸਨਮਾਨ ਤੇ ਇਨਾ ਦੀਆਂ ਮੰਗਾਂ ਨੂੰ ਮੰਨੇ ਜਾਣ ਬਾਰੇ ਸਰਕਾਰ ਗੰਭੀਰ ਹੈ।ਢਿੱਲੋਂ ਨੇ ਇਸ ਦੌਰਾਨ ਮੀਡੀਆ ਕਰਮੀਆਂ ਵੱਲੋਂ ਵੀ ਇਸ ਮੁਸ਼ਕਿਲ ਦੀ ਘੜੀ ਵਿੱਚ ਨਿਭਾਈ ਜਾ ਰਹੇ ਜਿੰਮੇਦਾਰੀ ਦੀ ਵੀ ਸ਼ਲਾਘਾ ਕੀਤੀ।
ਇਸ ਦੌਰਾਨ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਇਸ ਕਾਰਜ ਦੀ ਸ਼ਲਾਘਾ ਕਰਦਿਆ ਕਿਹਾ ਕਿ ਹੋਰ ਵੀ ਲੋਕ ਅਜਿਹੀ ਘੜੀ ਵਿੱਚ ਮਦਦ ਕਰਨ ਦੇ ਲਈ ਅੱਗੇ ਆਉਣ।ਡੀ.ਸੀ ਨੇ ਇਨਾਂ ਸਫਾਈ ਸੇਵਕਾਂ ਨੂੰ ਯੋਧੇ ਦਸਦਿਆਂ ਕਿਹਾ ਕਿ ਇਨ੍ਹਾਂ ਯੋਧਿਆਂ ਨੂੰ ਇਸ ਮੁਸ਼ਕਿਲ ਦੀ ਘੜੀ ਵਿੱਚ ਇਹ ਜਰੂਰੀ ਵਸਤਾਂ ਦੀ ਲੋੜ ਹੈ।ਉਨਾ ਕਿਹਾ ਕਿ ਜਿੱਥੇ ਪ੍ਰਸਾਸ਼ਨ ਦੀ ਕਮੀ ਰਹਿੰਦੀ ਹੈ ਉਥੇ ਕੁਮਾਰ ਬਰਦਰਜ਼ ਵਰਗੇ ਸਮਾਜ ਸੇਵੀ ਲੋਕ ਅੱਗੇ ਆ ਕੇ ਪ੍ਰਸਾਸ਼ਨ ਰਾਂਹੀ ਲੋਕਾਂ ਦੀ ਮੱਦਦ ਕਰ ਰਹੇ ਹਨ ਤੇ ਇਹ ਸਮਾਜ ਲਈ ਇੱਕ ਸੁਨੇਹਾ ਵੀ ਹੈ। ਉਨਾਂ ਕਿਹਾ ਕਿ ਇਹ ਸਮਾਨ ਲਗਾਤਾਰ ਜਿਲੇ ਵਿੱਚ ਕੰਮ ਕਰ ਰਹੇ ਸਫਾਈ ਸੇਵਕਾਂ ਨੂੰ ਉਪਲੱਬਧ ਕਰਵਾਇਆ ਜਾ ਰਿਹਾ ਹੈ।ਇਸ ਮੋਕੇ ਤੇ ਗੁਰਜੰਟ ਸਿੰਘ ਤੇ ਸਰਬਜੀਤ ਸਿੰਘ ਵੀ ਮੋਜੂਦ ਸਨ।