ਐਸ.ਏ.ਐੱਸ. ਨਗਰ, 9 ਜੂਨ 2020: ਅਨਲੌਕ 1 ਲੋਕਾਂ ਨੂੰ ਨਿਰਧਾਰਤ ਸਮੇਂ ਦੇ ਅੰਦਰ ਆਉਣ-ਜਾਣ ਦੀ ਆਗਿਆ ਦਿੰਦਾ ਹੈ ਪਰ ਸਾਨੂੰ ਇਸ ਸਮੇਂ ਦੌਰਾਨ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਨੋਵਲ ਕੋਰੋਨਾ ਵਾਇਰਸ ਫੈਲਣ ਦਾ ਡਰ ਵੱਡੇ ਪੱਧਰ 'ਤੇ ਹੈ। ਇਹ ਪ੍ਰਗਟਾਵਾ ਮੁਖਤਿਆਰ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ ਨੇ ਕੀਤਾ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਦਾ ਸਮਰਥਨ ਕਰਦਿਆਂ ਬਾਗਬਾਨੀ ਵਿਭਾਗ ਕਿਸਾਨਾਂ ਦੇ ਸਮੂਹਾਂ ਰਾਹੀਂ ਲੋਕਾਂ ਨੂੰ ਘਰ-ਘਰ ਵਾਜਬ ਰੇਟਾਂ 'ਤੇ ਤਾਜ਼ੇ ਫਲਾਂ ਅਤੇ ਸਬਜ਼ੀਆਂ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾ ਰਿਹਾ ਹੈ।
ਇਹ ਪਹਿਲਕਦਮੀ ਲੋਕਾਂ ਨੂੰ ਬੇਲੋੜਾ ਮਾਰਕੀਟ ਜਾਣ ਤੋਂ ਬਚਾਉਣ ਅਤੇ ਕਿਸਾਨਾਂ ਦੀ ਸਹਾਇਤਾ ਕਰਨ ਦੇ ਦੋ ਉਦੇਸ਼ਾਂ ਦੀ ਪੂਰਤੀ ਕਰਦਾ ਹੈ ਕਿਉਂਕਿ ਉਹ ਆਪਣੀ ਪੈਦਾਵਾਰ ਨੂੰ ਵਾਜਬ ਰੇਟਾਂ 'ਤੇ ਸਿੱਧੇ ਖਪਤਕਾਰਾਂ ਨੂੰ ਵੇਚਕੇ, ਵਿਚਕਾਰਲੇ ਵਿਅਕਤੀਆਂ ਦੇ ਮੁਨਾਫੇ ਨੂੰ ਬਚਾਉਂਦੇ ਹਨ। ਕਿਸਾਨ 'ਆਪ ਬੀਜੋ, ਆਪੇ ਵੇਚੋ' (ਸਵੈ-ਉਤਪਾਦਨ, ਸਵੈ-ਮਾਰਕੀਟਿੰਗ) ਦੇ ਨਾਅਰੇ ਨਾਲ ਕੰਮ ਕਰ ਰਹੇ ਹਨ ਅਤੇ ਸਮੂਹਾਂ ਦਾ ਹਿੱਸਾ ਬਣ ਕੇ ਖੁਸ਼ ਹਨ।
ਉਨ੍ਹਾਂ ਕਿਹਾ ਕਿ ਉਕਤ ਮਕਸਦ ਲਈ ਬਣਾਈ ਗਈ ਕਮੇਟੀ ਦੁਆਰਾ ਪਛਾਣ ਕੀਤੀ ਮੰਗ ਅਨੁਸਾਰ ਕਿਸਾਨਾਂ ਦੇ ਸਮੂਹ ਰਿਹਾਇਸ਼ੀ ਕਲੌਨੀਆਂ ਨੂੰ ਫਲ ਅਤੇ ਸਬਜ਼ੀਆਂ ਦੀ ਸਪਲਾਈ ਕਰਦੇ ਹਨ। ਹੁਣ ਤੱਕ ਤਿੰਨ ਕਿਸਾਨ ਸਮੂਹ ਬਣਾਏ ਗਏ ਹਨ ਜੋ ਕਿ ਵੱਖ-ਵੱਖ ਰਿਹਾਇਸ਼ੀ ਸੁਸਾਇਟੀਆਂ ਵਿੱਚ ਰੋਜ਼ਾਨਾ 3 ਤੋਂ 4 ਕੁਇੰਟਲ ਫਲ ਅਤੇ ਸਬਜ਼ੀਆਂ ਦੀ ਸਪਲਾਈ ਕਰ ਰਹੇ ਹਨ ਅਤੇ ਸੋਮਵਾਰ ਨੂੰ ਮੁੱਲਾਂਪੁਰ ਵਿੱਚ ਓਮੈਕਸ ਸੁਸਾਇਟੀ ਵਿੱਚ ਸਪਲਾਈ ਕੀਤੀ ਗਈ। ਇਸ ਤੋਂ ਇਲਾਵਾ, ਰਾਜ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ, ਸਪਲਾਈ ਦੌਰਾਨ ਲੋੜੀਂਦੀ ਸਮਾਜਿਕ ਦੂਰੀ ਬਣਾਈ ਰੱਖੀ ਜਾ ਰਹੀ ਹੈ। ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਬਾਗਵਾਨੀ ਵਿਕਾਸ ਅਫਸਰ, ਖਰੜ ਸ੍ਰੀਮਤੀ ਵੈਸ਼ਾਲੀ ਅਤੇ ਰਵੀਪਾਲ ਸਿੰਘ ਸਮੇਤ ਇਸ ਵਿਚ ਸਰਗਰਮ ਸਹਿਯੋਗ ਦੇ ਰਹੇ ਹਨ।