ਲੋਕਾਂ ਨੂੰ ਸਰਕਾਰ ਨਾਲ ਸਹਿਯੋਗ ਕਰਨ ਲਈ ਆਖਿਆ
ਕਿਹਾ ਕਿ ਡਾਕਟਰ ਅਤੇ ਸਿਹਤ ਕਾਮੇ ਮਨੁੱਖਤਾ ਦੇ ਸੱਚੇ ਨਾਇਕ ਹਨ, ਇਸ ਦੇ ਪਰਿਵਾਰਾਂ ਦਾ ਸਾਥ ਦਿਓ
ਸਰਦਾਰ ਬਾਦਲ ਨੇ ਸਿਹਤ ਕਾਮਿਆਂ ਨੂੰ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ
ਚੰਡੀਗੜ੍ਹ 12 ਅਪ੍ਰੈਲ 2020: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਨਿਹੰਗਾਂ ਦੇ ਬਾਣੇ ਵਿਚ ਆਏ ਕੁੱਝ ਸਮਾਜ-ਵਿਰੋਧੀ ਤੱਤਾਂ ਦੁਆਰਾ ਪੁਲਿਸ ਕਰਮਚਾਰੀਆਂ ਉੱਤੇ ਕੀਤੇ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਇੱਥੇ ਜ਼ਿਕਰਯੋਗ ਹੈ ਕਿ ਬੁੱਢਾ ਦਲ ਨਿਹੰਗ ਮੁਖੀ ਨੇ ਵੀ ਬਾਅਦ ਵਿਚ ਉਹਨਾਂ ਰਿਪੋਰਟਾਂ ਨੂੰ ਗਲਤ ਦੱਸਿਆ ਸੀ ਕਿ ਜਿਹਨਾਂ ਵਿਚ ਹਮਲਾਵਰਾਂ ਨੂੰ ਨਿਹੰਗ ਦੱਸਿਆ ਗਿਆ ਸੀ। ਨਿਹੰਗ ਮੁਖੀ ਨੇ ਪੁਲਿਸ ਉੱਤੇ ਹਮਲਾ ਕਰਨ ਵਾਲੇ ਦੋਸ਼ੀਆਂ ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਸ ਸਮੇਂ ਪੂਰੇ ਦੇਸ਼ ਅੰਦਰ ਪੁਲਿਸ ਅਤੇ ਨੀਮ ਫੌਜੀ ਦਸਤਿਆਂ ਦੇ ਮੈਂਬਰ ਬੇਹੱਦ ਬਹਾਦਰੀ, ਲਗਨ ਅਤੇ ਨਿਰਸੁਆਰਥ ਕੁਰਬਾਨੀ ਦੀ ਭਾਵਨਾ ਨਾਲ ਇੱਕ ਬਹੁਤ ਹੀ ਮੁਸ਼ਕਿਲ ਕਾਰਜ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹ ਮਨੁੱਖਤਾ ਨੂੰ ਬਚਾਉਣ ਲਈ ਇੱਕ ਅਣਦਿਸਦੇ ਦੁਸ਼ਮਣ ਖ਼ਿਲਾਫ ਇਸ ਤਰ੍ਹਾਂ ਦੀ ਖ਼ਤਰਨਾਕ ਲੜਾਈ ਲੜ ਰਹੇ ਹਨ, ਜਿਵੇਂ ਸਾਡੇ ਬਾਹਦਰ ਫੌਜੀ ਸਾਡੀਆਂ ਸਰਹੱਦਾਂ ਨੂੰ ਬਚਾਉਣ ਲਈ ਲੜਦੇ ਹਨ। ਉਹਨਾਂ ਕਿਹਾ ਕਿ ਪੁਲਿਸ ਕਰਮੀ ਆਪਣੇ ਪਰਿਵਾਰਾਂ ਨੂੰ ਭੁੱਲ ਕੇ ਦਿਨ ਰਾਤ ਇਹ ਯਕੀਨੀ ਬਣਾਉਣ 'ਚ ਲੱਗੇ ਹਨ ਕਿ ਇਹ ਅਣਦਿਸਦਾ ਦੁਸ਼ਮਣ ਸਾਨੂੰ ਹਰਾ ਨਾ ਦੇਵੇ। ਇਸ ਮੌਕੇ ਉਹ ਸਾਡੀ ਹਮਾਇਤ ਦੇ ਹੱਕਦਾਰ ਹਨ, ਨਾ ਕਿ ਅਜਿਹੇ ਘਟੀਆ ਵਤੀਰੇ ਦੇ, ਜਿਹੜਾ ਕੁੱਝ ਸਮਾਜ ਵਿਰੋਧੀ ਤੱਤਾਂ ਵੱਲੋਂ ਇਹਨਾਂ ਨਾਲ ਕੀਤਾ ਗਿਆ ਹੈ।
ਡਾਕਟਰਾਂ, ਨਰਸਾਂ ਅਤੇ ਬਾਕੀ ਸਿਹਤ ਕਾਮਿਆਂ ਦੀ ਸ਼ਲਾਘਾ ਕਰਦਿਆਂ ਸਰਦਾਰ ਬਾਦਲ ਨੇ ਉਹਨਾਂ ਨੂੰ ਅੱਜ 'ਮਨੁੱਖਤਾ ਦੇ ਸੱਚੇ ਨਾਇਕ' ਕਰਾਰ ਦਿੱਤਾ। ਸਰਦਾਰ ਬਾਦਲ ਨੇ ਲੋਕਾਂ ਨੂੰ ਇਹਨਾਂ ਯੋਧੇ ਸਿਹਤ ਕਾਮਿਆਂ ਦੇ ਪਰਿਵਾਰਾਂ ਨਾਲ ਡਟ ਕੇ ਖੜ੍ਹਣ ਅਤੇ ਉਹਨਾਂ ਦੀ ਪੂਰੀ ਹਮਾਇਤ ਕਰਨ ਲਈ ਆਖਿਆ। ਉਹਨਾਂ ਕਿਹਾ ਕਿ ਮਨੁੱਖ ਜਾਤੀ ਇਹਨਾਂ ਡਾਕਟਰਾਂ ਅਤੇ ਇਹਨਾਂ ਦੇ ਸਹਿਯੋਗੀਆਂ ਦੀ ਕਰਜ਼ਦਾਰ ਹੈ, ਜਿਹੜੇ ਆਪਣੇ ਪਰਿਵਾਰਾਂ ਨੂੰ ਭੁਲਾ ਕੇ ਨਿਰਸੁਆਰਥ ਭਾਵਨਾ ਨਾਲ ਮਨੁੱਖਤਾ ਦੀ ਸੇਵਾ ਕਰ ਰਹੇ ਹਨ। ਅਸੀਂ ਇਹਨਾਂ ਦਾ ਇਹ ਕਰਜ਼ ਕਦੇ ਨਹੀਂ ਉਤਾਰ ਪਾਵਾਂਗੇ, ਪਰ ਸਾਨੂੰ ਇਹਨਾਂ ਪ੍ਰਤੀ ਆਪਣਾ ਸ਼ੁਕਰਾਨਾ ਜਰੂਰ ਪ੍ਰਗਟ ਕਰਨਾ ਚਾਹੀਦਾ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਉਹ ਇਹਨਾਂ ਡਾਕਟਰਾਂ, ਨਰਸਾਂ ਅਤੇ ਸਿਹਤ ਕਾਮਿਆਂ ਜਾਂ ਉਹਨਾਂ ਦੇ ਪਰਿਵਾਰਾਂ ਦੀ ਹਰ ਤਰ੍ਹਾਂ ਨਾਲ ਮੱਦਦ ਕਰਕੇ ਖੁਸ਼ ਹੋਣਗੇ। ਉਹਨਾਂ ਕਿਹਾ ਕਿ ਇਹਨਾਂ ਸਿਹਤ ਕਾਮਿਆਂ ਦੀ ਫੌਜ ਦਾ ਕੋਈ ਵੀ ਮੈਂਬਰ ਮੇਰੇ ਨਾਲ ਕਿਸੇ ਦੀ ਸਮੇਂ ਸਿੱਧਾ ਆ ਕੇ ਜਾਂ ਫੋਨ ਉੱਤੇ ਸੰਪਰਕ ਕਰ ਸਕਦਾ ਹੈ। ਉਹਨਾਂ ਕਿਹਾ ਕਿ ਅਸੀਂ ਤੁਹਾਡੇ ਕਿੰਨੇ ਰਿਣੀ ਹਾਂ, ਇਸ ਨੂੰ ਬਿਆਨ ਕਰਨ ਲਈ ਸਾਡੇ ਕੋਲ ਸ਼ਬਦ ਨਹੀਂ ਹਨ।
ਸਰਦਾਰ ਬਾਦਲ ਨੇ ਦੇਸ਼ ਦੇ ਲੋਕਾਂ ਅਤੇ ਖਾਸ ਕਰਕੇ ਪੰਜਾਬੀਆਂ ਅਤੇ ਕੁੱਲ ਦੁਨੀਆਂ ਵਿਚ ਵਸਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਇੱਕ ਜ਼ਿੰਮੇਵਾਰ ਅਤੇ ਸੂਝਵਾਨ ਨਾਗਰਿਕ ਹੋਣ ਦੀ ਮਿਸਾਲ ਪੇਸ਼ ਕਰਨਾ ਜਾਰੀ ਰੱਖਣ। ਉਹਨਾਂ ਕਿਹਾ ਕਿ ਸਿੱਖਾਂ ਨੂੰ ਪੂਰੀ ਦੁਨੀਆਂ ਵਿਚ ਨਾ ਸਿਰਫ ਸਰਕਾਰ ਉਪਰਾਲਿਆਂ ਵਿਚ ਮੱਦਦ ਕਰਦਿਆਂ ਵੇਖ,ਸਗੋਂ ਲੰਗਰ ਸੇਵਾ ਰਹੀਂ ਗਰੀਬਾਂ ਅਤੇ ਲੋੜਵੰਦਾਂ ਦੀ ਸੇਵਾ ਕਰਦਿਆਂ ਵੇਖ ਬਹੁਤ ਹੀ ਖੁਸ਼ੀ ਹੁੰਦੀ ਹੈ।
ਸਰਦਾਰ ਬਾਦਲ ਨੇ ਕੋਰੋਨਾ ਵਾਇਰਸ ਖ਼ਿਲਾਫ ਇਸ ਜੰਗ ਵਿਚ ਸਰਕਾਰ ਨੂੰ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ। ਉਹਨਾਂ ਕਿਹਾ ਕਿ ਮੈਂ ਇਹ ਕੰਮ ਲਈ 24 ਘੰਟੇ ਹਾਜ਼ਿਰ ਹਾਂ। ਸਰਦਾਰ ਬਾਦਲ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਿੱਖਾਂ ਵੱਲੋਂ ਦੁਨੀਆ ਭਰ ਵਿਚ ਚਲਾਈ ਜਾ ਰਹੀ ਲੰਗਰ ਸੇਵਾ ਵਿਚ ਅੱਗੇ ਹੋ ਕੇ ਆਪਣਾ ਯੋਗਦਾਨ ਪਾਉਣ।