ਅਸ਼ੋਕ ਵਰਮਾ
ਬਠਿੰਡਾ, 29 ਅਪਰੈਲ 2020 - ਬਾਬਾ ਫ਼ਰੀਦ ਕਾਲਜ ਦੇ ਡਿਪਾਰਟਮੈਂਟ ਆਫ਼ ਬਾਇਓਟੈਕਨਾਲੋਜੀ, ਫੈਕਲਟੀ ਆਫ਼ ਸਾਇੰਸਜ਼ ਵੱਲੋਂ ਆਪਣੇ ਵਿਭਾਗ ਦੇ ਵਿਦਿਆਰਥੀਆਂ ਨੂੰ ਪੇ੍ਰਰਿਤ ਕਰਨ ਲਈ ਇੱਕ ਆਨਲਾਈਨ ਅਲੂਮਨੀ ਇੰਟਰੈਕਸ਼ਨ ਸੈਸ਼ਨ ਕਰਵਾਇਆ ਗਿਆ। ਇਸ ਮੌਕੇ ਵਿਭਾਗ ਮੁਖੀ ਡਾ. ਰੀਤੂ ਪਵਨ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਪੇ੍ਰਰਿਤ ਕਰਨ ਲਈ ਕਾਲਜ ਦੇ ਅਲੂਮਨੀ (ਪੁਰਾਣੇ ਵਿਦਿਆਰਥੀ) ਨੇ ਇਹ ਪਹਿਲ ਕੀਤੀ । ਅਲੂਮਨੀ ਨੂੰ ਮੌਜੂਦਾ ਵਿਦਿਆਰਥੀਆਂ ਨਾਲ ਬੌਧਿਕ, ਸਭਿਆਚਾਰਕ, ਕੈਰੀਅਰ ਅਤੇ ਪੇਸ਼ੇਵਰ ਤਜਰਬੇ ਸਾਂਝੇ ਕਰਨ ਲਈ ਇੱਕ ਮੰਚ ਪ੍ਰਦਾਨ ਕੀਤਾ ਗਿਆ। ਬੀ.ਐਸ.ਸੀ. (ਬਾਇਓਟੈੱਕ) ਦੇ ਬੈਚ 2013-16 ਦੇ ਪੁਰਾਣੇ ਵਿਦਿਆਰਥੀ ਹਰਮਨਪ੍ਰੀਤ ਸਿੰਘ, ਰਿਲੇਸ਼ਨਸ਼ਿਪ ਮੈਨੇਜਰ (ਐਨ.ਆਰ.ਆਈ.), ਐਕਸਿਸ ਬੈਂਕ, ਲੁਧਿਆਣਾ ਨੇ ਬੀ.ਐਸ.ਸੀ. (ਬਾਇਓਟੈਕਨਾਲੋਜੀ), ਬੀ.ਐਸ.ਸੀ.(ਮੈਡੀਕਲ), ਐਮ.ਐਸ.ਸੀ. (ਬਾਟਨੀ) ਅਤੇ ਐਮ.ਐਸ.ਸੀ. (ਜੂਆਲੋਜੀ) ਦੇ ਮੌਜੂਦਾ ਆਖ਼ਰੀ ਸਾਲ ਦੇ ਵਿਦਿਆਰਥੀਆਂ ਨਾਲ ‘‘ਕਾਰਪੋਰੇਟ ਕਲਚਰ/ਵਰਕ ਕਲਚਰ : ਮੌਕੇ ਅਤੇ ਮੁਸ਼ਕਲਾਂ’’ ਬਾਰੇ ਗੱਲਬਾਤ ਕੀਤੀ ।
ਇਸ ਤੋਂ ਇਲਾਵਾ ਉਨਾਂ ਨੇ ਜੀਵਨ ਦੇ ਅਰਥਾਂ ਅਤੇ ਇਸ ਦੇ ਉਦੇਸ਼ਾਂ ਨੂੰ ਪ੍ਰੇਰਿਤ ਕਰਨ ਅਤੇ ਸਮਝਣ ਲਈ ਵੀ ਚਰਚਾ ਕੀਤੀ। ਸਾਰਾ ਸੈਸ਼ਨ ਬਹੁਤ ਹੀ ਦਿਲਚਸਪ ਰਿਹਾ ਜਿਸ ਦੌਰਾਨ ਹਰਮਨਪ੍ਰੀਤ ਸਿੰਘ ਨੇ ਬਾਬਾ ਫ਼ਰੀਦ ਕਾਲਜ ਤੋਂ ਸ਼ੁਰੂ ਹੋਏ ਆਪਣੇ ਸਫ਼ਰ ਦੇ ਕੁੱਝ ਪ੍ਰਸੰਗਾਂ ਨੂੰ ਸਾਂਝੇ ਕਰਦਿਆਂ ਉਦਾਹਰਨਾਂ ਰਾਹੀਂ ਦੱਸਿਆ ਕਿ ਉਹ ਨਾਮਵਰ ਬੈਂਕ ਵਿੱਚ ਰਿਲੇਸ਼ਨਸ਼ਿਪ ਮੈਨੇਜਰ (ਐਨ.ਆਰ.ਆਈ.) ਕਿਵੇਂ ਬਣੇ। ਉਸ ਨੇ ਵਿਦਿਆਰਥੀਆਂ ਨੂੰ ਕੈਰੀਅਰ ਦੀ ਯੋਜਨਾਬੰਦੀ ਅਤੇ ਸਫਲਤਾ ਬਾਰੇ ਬਹੁਤ ਸਾਰੀਆਂ ਨਵੀਆਂ ਗੱਲਾਂ ਦੱਸੀਆਂ । ਉਸ ਨੇ ਕਿਹਾ ਕਿ ਮਾਪਿਆਂ ਅਤੇ ਆਪਣੇ ਅਧਿਆਪਕਾਂ ਦੇ ਸਹਿਯੋਗ ਅਤੇ ਸਲਾਹ ਤੋਂ ਬਿਨਾਂ ਉਸ ਦੇ ਸੁਫ਼ਨੇ ਸੱਚ ਹੋਣੇ ਆਸਾਨ ਨਹੀਂ ਸਨ। ਉਨਾਂ ਨੇ ਆਪਣੀ ਗੱਲਬਾਤ ਨੂੰ ਸਮਾਪਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਕੈਰੀਅਰ ਦੇ ਪ੍ਰਮੁੱਖ ਟੀਚੇ ’ਤੇ ਧਿਆਨ ਕੇਂਦਰਿਤ ਕਰ ਕੇ ਲਗਾਤਾਰ ਕਾਰਜਸ਼ੀਲ ਰਹਿਣਾ ਚਾਹੀਦਾ ਹੈ।
ਉਨਾਂ ਨੇ ਹਵਾਲਾ ਦਿੱਤਾ ਕਿ ਸਫਲਤਾ ਲਈ ਜ਼ਿੰਦਗੀ ਵਿੱਚ ਆਮ ਜਾਗਰੂਕਤਾ ਦੀ ਮਹੱਤਤਾ ਜ਼ਰੂਰੀ ਹੈ। ਉਨਾਂ ਨੇ ਕੋਰੋਨਾ ਵਾਇਰਸ, ਇਸ ਦੇ ਪ੍ਰਭਾਵਾਂ ਅਤੇ ਸਾਵਧਾਨੀਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਇਸ ਆਨਲਾਈਨ ਅਲੂਮਨੀ ਸੈਸ਼ਨ ਨੇ ਸਾਰੇ ਵਿਦਿਆਰਥੀਆਂ ਨੂੰ ਬਹੁਤ ਉਤਸ਼ਾਹਿਤ ਕੀਤਾ ਅਤੇ ਉਨਾਂ ਨੂੰ ਜ਼ਿੰਦਗੀ ਵਿੱਚ ਕੱੁਝ ਕਰਨ ਲਈ ਪ੍ਰੇਰਿਤ ਕੀਤਾ। ਅਲੂਮਨੀ ਨੇ ਵਿਦਿਆਰਥੀਆਂ ਦੇ ਭਵਿੱਖ ਦੇ ਨਾਲ-ਨਾਲ ਕਾਰਪੋਰੇਟ ਕਲਚਰ ਦੇ ਵਿਹਾਰਕ ਗਿਆਨ ਨਾਲ ਜੁੜੇ ਬਹੁਤ ਸਾਰੇ ਪ੍ਰਸ਼ਨਾਂ ਦੇ ਜਵਾਬ ਦਿੱਤੇ। ਸੈਸ਼ਨ ਦੇ ਅੰਤ ਵਿੱਚ ਵਿਭਾਗ ਮੁਖੀ ਨੇ ਅਲੂਮਨੀ ਦਾ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਅਤੇ ਆਪਣੇ ਅਨੁਭਵ ਸਾਂਝੇ ਕਰਨ ਲਈ ਧੰਨਵਾਦ ਕੀਤਾ । ਕਾਲਜ ਦੇ ਪਿ੍ਰੰਸੀਪਲ ਡਾ. ਪ੍ਰਦੀਪ ਕੌੜਾ ਨੇ ਬਾਇਓਟੈਕਨਾਲੋਜੀ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ ਅਤੇ ਅਲੂਮਨੀ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ।