ਅਸ਼ੋਕ ਵਰਮਾ
ਮਾਨਸਾ, 30 ਮਾਰਚ 2020: ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵਿਅਕਤੀ ਬਾਹਰਲੇ ਦੇਸ਼ ਤੋਂ ਜ਼ਿਲ੍ਹੇ ਦੇ ਕਿਸੇ ਪਿੰਡ ਵਿੱਚ ਆਇਆ ਹੈ ਤਾਂ ਉਸ ਸਬੰਧੀ ਪਿੰਡ ਵਾਸੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਉਸ ਵਿਅਕਤੀ ਸਬੰਧੀ ਜ਼ਰੂਰ ਲਿਆਉਣ।
ਡਿਪਟੀ ਕਮਿਸ਼ਨਰ ਸ਼੍ਰੀ ਚਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸਾਸ਼ਨ ਇਸ ਸਮੇਂ ’ਤੇ ਲੋਕਾਂ ਨੂੰ ਇਸ ਬਿਮਾਰੀ ਦੇ ਫੈਲਣ ਦੇ ਕਾਰਨਾਂ ਅਤੇ ਬਚਾਅ ਸਬੰਧੀ ਜਾਗਰੂਕ ਕਰਦੇ ਆ ਰਹੇ ਹਨ, ਤਾਂ ਜੋ ਲੋਕਾਂ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾਇਆ ਜਾ ਸਕੇ ਪ੍ਰੰਤੂ ਕੁਝ ਵਿਅਕਤੀ ਬਾਹਰੋਂ ਆ ਕੇ ਪ੍ਰਸ਼ਾਸ਼ਨ ਨੂੰ ਜਾਣਕਾਰੀ ਨਹੀਂ ਦਿੰਦੇ ਅਤੇ ਨਾ ਹੀ ਆਪਣਾ ਮੈਡੀਕਲ ਚੈਕਅੱਪ ਕਰਵਾਉਂਦੇ ਹਨ।
ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਕਿਹਾ ਕਿ ਜਿੱਥੇ ਵੀ ਕੋਈ ਕੋਰੋਨਾ ਵਾਇਰਸ ਤੋਂ ਪੀੜ੍ਹਤ ਵਿਅਕਤੀ ਪਾਇਆ ਜਾਂਦਾ ਹੈ ਤਾਂ ਪੂਰਾ ਪਿੰਡ ਸੀਲ ਕਰ ਦਿੱਤਾ ਜਾਂਦਾ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਧਿਆਨ ਵਿੱਚ ਅਜਿਹਾ ਕੋਈ ਵਿਅਕਤੀ ਹੈ ਜੋ ਬਾਹਰੋਂ ਆਇਆ ਹੈ ਤਾਂ ਉਸ ਸਬੰਧੀ ਜ਼ਿਲ੍ਹਾ ਪ੍ਰਸਾਸ਼ਨ ਨੂੰ ਜ਼ਰੂਰ ਇਤਲਾਹ ਦਿਓ ਕਿਉਂਕਿ ਇਹ ਸਾਰੇ ਪਿੰਡ, ਜ਼ਿਲ੍ਹੇ ਅਤੇ ਸੂਬੇ ਦੀ ਭਲਾਈ ਹਿੱਤ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਵਿੱਚ ਸ਼ੁੱਕੀ ਖੰਘ, ਤੇਜ਼ ਬੁਖ਼ਾਰ, ਸਾਹ ਦੀ ਤਕਲੀਫ ਜਾਂ ਜੋੜਾਂ ਵਿੱਚ ਦਰਦ ਆਦਿ ਲੱਛਣ ਪਾਏ ਜਾਂਦੇ ਹਨ ਤਾਂ ਅਜਿਹੇ ਵਿਅਕਤੀਆਂ ਨੂੰ ਤੁਰੰਤ ਆਪਣਾ ਮੈਡੀਕਲ ਚੈਕਅੱਪ ਕਰਵਾਉਣਾ ਚਾਹੀਦਾ ਹੈ।